ਕਿਸਾਨ ਅੰਦੋਲਨ ਲਈ ਜਾਨ ਦੇਣ ਵਾਲੇ ਸੰਤ ਰਾਮ ਸਿੰਘ ਜੀ ਪੰਜ ਤੱਤਾਂ ‘ਚ ਹੋਏ ਵਿਲੀਨ , ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਈ

224
Share

ਕਰਨਾਲ, 18 ਦਸੰਬਰ (ਪੰਜਾਬ ਮੇਲ)- ਸਿੱਖ ਪ੍ਰਚਾਰਕ ਬਾਬਾ ਰਾਮ ਸਿੰਘ ਦੀ ਮ੍ਰਿਤਕ ਦੇਹ ਦਾ ਅੱਜ ਹਰਿਆਣਾ ਦੇ ਸ਼ਹਿਰ ਕਰਨਾਲ ਵਿਖੇ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ, ਧਾਰਮਿਕ ਪ੍ਰਚਾਰਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਮੇਤ ਹਜ਼ਾਰਾਂ ਸ਼ਰਧਾਲੂ ਵੀ ਬਾਬਾ ਰਾਮ ਸਿੰਘ ਨੂੰ ਦੁਖੀ ਹਿਰਦੇ ਤੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਦੇਣ ਲਈ ਮੌਜੂਦ ਸਨ।
65 ਸਾਲਾ ‘ਸੰਤ’ ਨੇ ਬੁੱਧਵਾਰ ਸ਼ਾਮੀਂ ਸਿੰਘੂ ਬਾਰਡਰ ’ਤੇ ਗੋਲੀ ਮਾਰ ਕੇ ਆਪਣੀ ਜੀਵਨ–ਲੀਲਾ ਸਮਾਪਤ ਕਰ ਲਈ ਸੀ। ਪੰਜਾਬੀ ’ਚ ਲਿਖੇ ਖ਼ੁਦਕੁਸ਼ੀ ਨੋਟ ਵਿੱਚ ਉਹ ਲਿਖ ਕੇ ਗਏ ਸਨ ਕਿ ਉਹ ‘ਕਿਸਾਨਾਂ ਦਾ ਦੁੱਖ-ਦਰਦ’ ਝੱਲਣ ਤੋਂ ਅਸਮਰੱਥ ਹਨ।
ਭਾਰਤੀ ਕਿਸਾਨ ਯੂਨੀਅਨ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਗੁਰਨਾਮ ਸਿੰਘ ਚਾੜੂਨੀ ਵੀ ਸਿੰਘੜਾ ਪਿੰਡ ਦੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਮੌਜੂਦ ਸਨ। ਬਾਬਾ ਰਾਮ ਸਿੰਘ ਇੱਕ ਡਾਇਰੀ ਲਿਖਦੇ ਹੁੰਦੇ ਸਨ। ਬੀਤੀ 9 ਦਸੰਬਰ ਨੂੰ ਸਿੰਘੂ ਬਾਰਡਰਰ ਉੱਤੇ ਪਹਿਲੀ ਵਾਰ ਜਾਣ ਤੋਂ ਬਾਅਦ ਜੋ ਕੁਝ ਉਨ੍ਹਾਂ ਲਿਖਿਆ ਸੀ, ਉਹ ਇੱਕ ਗ੍ਰੰਥੀ ਨੇ ਅੰਤਿਮ ਸਸਕਾਰ ਮੌਕੇ ਪੜ੍ਹ ਕੇ ਸੁਣਾਇਆ।
ਉਸ ਵਿੱਚ ਬਾਬਾ ਰਾਮ ਸਿੰਘ ਨੇ ਲਿਖਿਆ ਸੀ ਕਿ ਸੀਤ–ਲਹਿਰ ਵਿੱਚ ਕਿਸਾਨ ਧਰਨੇ ’ਤੇ ਬੈਠੇ ਹਨ ਤੇ ਉਨ੍ਹਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਵੇਖ ਕੇ ਉਹ ਡਾਢੇ ਦੁਖੀ ਹਨ। ਉਨ੍ਹਾਂ ਡਾਇਰੀ ਵਿੱਚ ਦੋਸ਼ ਲਾਇਆ ਕਿ ਸਰਕਾਰ ਅੰਦੋਲਨਕਾਰੀ ਕਿਸਾਨਾਂ ਵੱਲ ਉੱਕਾ ਧਿਆਨ ਨਹੀਂ ਦੇ ਰਹੀ।
ਅੱਜ ਵੱਡੀਆਂ ਕਤਾਰਾਂ ਵਿੱਚ ਖਲੋ ਕੇ ਸ਼ਰਧਾਲੂਆਂ ਨੇ ਬਾਬਾ ਰਾਮ ਸਿੰਘ ਦੇ ਆਖ਼ਰੀ ਦਰਸ਼ਨ ਕੀਤੇ ਤੇ ਸ਼ਰਧਾਂਜਲੀ ਭੇਟ ਕੀਤੀ। ਨਾਨਕਸਰ ਸਿੰਘੜਾ ਫ਼ੇਸਬੁੱਕ ਪੰਨੇ ਉੱਤੇ ਇਸ ਮੌਕੇ ਲਾਈਵ ਸਟ੍ਰੀਮ ਵੀ ਚਲਾਈ ਗਈ। ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰਾਂ ਨੇ ਕਿਹਾ ਕਿ ਬਾਬਾ ਰਾਮ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਹੈ।


Share