ਕਿਸਾਨ ਅੰਦੋਲਨ ਨੂੰ ਸਮਰਪਿਤ ਸ਼ਹੀਦ ਕਿਰਨਜੀਤ ਕੌਰ ਦਾ 24ਵਾਂ ਬਰਸੀ ਸਮਾਗਮ, ਹਜਾਰਾਂ ਜੁਝਾਰੂ ਕਾਫਲਿਆਂ ਦੀ ਲਲਕਾਰ

637
ਸ਼ਹੀਦ ਕਿਰਨਜੀਤ ਕੌਰ ਦੇ 24ਵੇਂ ਬਰਸੀ ਸਮਾਗਮ ਵਿੱਚ ਸ਼ਾਮਲ ਲੋਕਾਂ ਦਾ ਠਾਠਾਂ ਮਾਰਦਾ ਇਕੱਠ।
Share

ਸੰਯੁਕਤ ਕਿਸਾਨ ਮੋੋਰਚੇ ਦੀ ਪਰਮੁੱਖ ਆਗੂ ਟੀਮ ਨੇ ਮੋਦੀ ਹਕੂਮਤ ਨੂੰ ਦਿੱਤੀ ਚਿਤਾਵਨੀ,ਖੇਤੀ ਕਾਨੂੰਨ ਰੱਦ ਹੋਣ ਤੇ ਹੀ ਦਿੱਲੀ ਦੇ ਬਾਰਡਰਾਂ ਤੋਂ ਹੋਵੇਗੀ ਵਾਪਸੀ

ਲੋਕਾਂ ਦੇ ਡਾਕਟਰ ਸਵੈਮਾਨ ਸਿੰਘ ਦਾ ਵਿਸ਼ੇਸ਼ ਸਨਮਾਨ, ਕਿਹਾ ਸੰਗਰਾਮਾਂ ਦੀ ਧਰਤੀ ਮਹਿਲਕਲਾਂ ਸਾਂਝੇ ਲੋਕ ਸੰਘਰਸ਼ਾਂ ਵਿਰਾਸਤ

ਹਰਿਆਣਾ ਦੀ ਭੈਣ ਸੁਰੇਸ਼ ਚੰਡੇਲਾ ਦੇ ਸੰਬੋਧਨ ਨੂੰ ਭਰਪੂਰ ਹੁੰਗਾਰਾ; ਹਰਿਆਣਾ ਪੰਜਾਬ ਸਾਂਝਾ ਭਾਈਚਾਰਾ ਦਾ ਨਾਹਰਾ ਗੂੰਜਿਆ

ਮਹਿਲ ਕਲਾਂ, 12 ਅਗਸਤ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)-  ਅੱਜ ਤੋਂ 24 ਸਾਲ ਪਹਿਲਾਂ ਮਹਿਲਕਲਾਂ ਦੀ ਧਰਤੀ ਉੱਤੇ ਕਿਰਨਜੀਤ ਕੌਰ ਸਮੂਹਿਕ ਜਬਰ ਜਿਨਾਹ ਅਤੇ ਕਤਲ ਕਾਂਡ ਨੂੰ ਵਾਪਰਿਆਂ ਭਲੇ ਹੀ ਲੰਬਾ ਅਰਸਾ ਬੀਤ ਗਿਆ ਹੈ। ਪਰ ਲੋਕ ਮਨਾਂ ਅੰਦਰ ਇਸ ਦਰਦਨਾਕ ਵਰਤਾਰੇ ਦੀ ਚੀਸ ਮੱਠੀ ਨਹੀਂ ਪਈ। ਸਗੋਂ ਇਸ ਲੋਕ ਇਤਿਹਾਸ ਨੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ।
ਅੱਜ ਦਾਣਾ ਮੰਡੀ ਮਹਿਲਕਲਾਂ ਵਿੱਚ ਦਾਣਾ ਮੰਡੀ ਦੇ ਖਚਾ-ਖਚ ਭਰੇ ਪੰਡਾਲ ਹਜਾਰਾਂ ਦੀ ਗਿਣਤੀ ਵਿੱਚ ਪੁੱਜੇ ਜੁਝਾਰੂ ਮਰਦ ਔਰਤਾਂ ਦੇ ਕਾਫਲਿਆਂ ਨੂੰ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ, ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਬਲਵੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਮਨਜੀਤ ਧਨੇਰ, ਰੁਲਦੂ ਸਿੰਘ ਮਾਨਸਾ ਨੇ ਸੰਬੋਧਨ ਕਰਦਿਆ ਕਿਹਾ ਕਿ ਸੰਗਰਾਮਾਂ ਦੀ ਧਰਤੀ ਮਹਿਲਕਲਾਂ ਦੇ ਵਾਰਸਾਂ ਨੂੰ ਸਲਾਮ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਪਿਛਲੇ ਸਾਲ 5 ਜੂਨ ਨੂੰ ਜਾਰੀ ਕੀਤੇ ਆਰਡੀਨੈਂਸ ਹੁਣ ਕਾਨੂੰਨ ਦਾ ਰੂਪ ਲੈ ਚੁੱਕੇ ਹਨ। ਮੋਦੀ ਹਕੂਮਤ ਨੇ ਸਾਮਰਾਜੀ ਸੰਸਥਾਵਾਂ (ਵਿਸ਼ਵ ਵਪਾਰ ਸੰਸਥਾ, ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਕੋਸ਼) ਦੇ ਦਿਸ਼ਾ ਨਿਰਦੇਸ਼ਨ ਤਹਿਤ ਭਾਰਤੀ ਉੱਚ ਅਮੀਰ ਘਰਾਣਿਆਂ ਦੇ ਲੁਟੇਰਟੇ ਹਿੱਤਾਂ ਦੀ ਪੂਰਤੀ ਲਈ ਇਹ ਕਾਨੂੰਨ ਲਿਆਂਦੇ ਹਨ। ਇਹ ਕਾਨੂੰਨ ਕਿਸਾਨੀ ਸਮੇਤ ਸਮੁੱਚੀ ਪੇਂਡੂ ਸੱਭਿਅਤਾ ਦੇ ਉਜਾੜੇ ਲਈ ਰਾਹ ਪੱਧਰਾ ਕਰਨ ਵਾਸਤੇ ਲਿਆਂਦੇ ਹਨ। ਮਹਿਲਕਲਾਂ ਦੀ ਧਰਤੀ ਤੋਂ ਤੁਰੀ ਸਾਂਝੇ ਲੋਕ ਘੋਲਾਂ ਦੀ ਵਿਰਾਸਤ ਨੂੰ ਕਿਸਾਨੀ ਅੰਦੋਲਨ ਦੀ ਮਜਬੂਤ ਅਧਾਰਸ਼ਿਲਾ ਬਣੀ ਹੈ। ਹੁਣ ਮੁਲਕ ਪੱਧਰ ਤੇ ਉੱਸਰੀ 472 ਕਿਸਾਨ ਜਥੇਬੰਦੀਆਂ ਦੀ ਏਕਤਾ ਨੇ ਮੋਦੀ ਹਕੂਮਤ ਦੇ ਵਡੇਰੇ ਚੈਲੰਜ ਨੂੰ ਖਿੜੇ ਮਿਥੇ ਕਬੂਲ ਕਰਕੇ ਦਿੱਲੀ ਦੇ ਬਾਰਡਰਾਂ ਸਮੇਤ ਪੰਜਾਬ ਹਰਿਆਣਾ ਯੂ.ਪੀ ਰਾਜਸਥਾਨ ਤੋਂ ਅੱਗੇ ਧੁਰ ਦੱਖਣ ਤੱਕ ਫੈਲਕੇ ਸੈਂਕੜੇ ਥਾਵਾਂ ਤੇ ਅੱਠ ਮਹੀਨੇ ਤੋਂ ਵੀ ਵਧੇਰੇ ਸਮੇਂ ਤੋਂ ਆਢਾ ਲਾਇਆ ਹੋਇਆ ਹੈ। ਕਾਲੇ ਕਾਨੂੰਨਾਂ ਖਿਲਾਫ 11 ਗੇੜ ਦੀ ਗੱਲਬਾਤ ਦੌਰਾਨ ਮੋਦੀ ਹਕੂਮਤ ਨੂੰ ਦਲੀਲ ਦੇ ਪੱਧਰ ਤੇ ਇਖਲਾਕੀ ਤੌਰ ਤੇ ਹਾਰ ਦਿੱਤੀ ਜਾ ਚੁੱਕੀ ਹੈ। ਸਾਂਝੇ ਕਿਸਾਨ ਅੰਦੋਲਨ ਨੇ ਚਾਰ ਚੁਫੇਰੇ ਫੈਲੇ ਹਨੇਰੇ ਵਿੱਚ ਸੰਸਾਰ ਪੱਧਰ ਤੇ ਜੁਝਦੇ ਕਾਫਲਿਆਂ ਲਈ ਨਵੀਂ ਆਸ ਦੀ ਕਿਰਨ ਜਗਾਈ ਹੈ। ਕਾਲੇ ਕਾਨੂੰਨ ਰੱਦ ਹੋਣ ਤੱਕ ਹਰ ਕੁਰਬਾਨੀ ਦੇਕੇ ਸੰੰਘਰਸ਼ ਦੀ ਲਾਟ ਹੋਰ ਵਧੇਰੇ ਜੋਸ਼, ਸਿਦਕ, ਸੰਜਮ ਨਾਲ ਲੱਖ ਮੁਸ਼ਕਲਾਂ ਦੇ ਬਾਵਜੂਦ ਜਾਰੀ ਰਹੇਗੀ।
ਇਸ ਸਮੇਂ ਕੰਵਲਜੀਤ ਖੰਨਾ, ਮੰਗਤ ਰਾਮ ਪਾਸਲਾ, ਬੰਤ ਬਰਾੜ, ਨਰਾਇਣ ਦੱਤ, ਧੰਨਾ ਮੱਲ ਗੋਇਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀ ਦੇ ਚਲਦਿਆਂ ਪਹਿਲਾਂ ਜਨਤਕ ਖੇਤਰ ਦੇ ਅਦਾਰੇ ਕੌਡੀਆਂ ਦੇ ਭਾਅ ਆਪਣੇ ਚਹੇਤੇ ਉੱਚ ਕਾਰਪੋਰੇਟੀ ਘਰਾਣਿਆਂ (ਅਡਾਨੀ,ਅੰਬਾਨੀ ਸਮੇਤ ਹੋਰ) ਨੂੰ ਵੇਚ ਦਿੱਤਾ ਸੀ। ਨਾਲ ਦੀ ਨਾਲ ਹੀ ਕਿਰਤ ਕਾਨੂੰਨਾਂ ਵਿੱਚ ਮਾਲਕ ਪੱਖੀ ਸੋਧਾਂ ਕਰਕੇ ਉਨ੍ਹਾਂ ਨੂੰ ਅਰਥਹੀਣ ਬਣਾ ਦਿੱਤਾ ਸੀ, ਦੂਜੇ ਪਾਸੇ ਫਿਰਕੂ ਫਾਸ਼ੀ ਨੀਤੀ ਦੇ ਚਲਦਿਆਂ ਘੱਟ ਗਿਣਤੀ ਤਬਕਿਆਂ ਖਾਸ ਕਰ ਮੁਸਲਿਮ ਘੱਟ ਗਿਣਤੀਆਂ ਨੂੰ ਦਬਾਉਣ ਕੁਚਲਣ ਲਈ ਕਸ਼ਮੀਰ ਦਾ ਰਾਜ ਦਾ ਦਰਜਾ ਖਤਮ ਕਰ ਦਿੱਤਾ ਸੀ। ਭੀਮਾ ਕੋਰੇਗਾਉਂ ਕੇਸ ਵਿੱਚ ਮੁਲਕ ਭਰ ਦੇ ਜਹੀਨ ਲੋਕ ਪੱਖੀ ਬੁੱਧੀਜੀਵੀਆਂ ਨੂੰ ਝੂਠੇ ਪੁਲਿਸ ਕੇਸਾਂ ਵਿੱਚ ਸਾਲਾਂ ਬੱਧੇ ਸਮੇਂ ਤੋਂ ਜੇਲ੍ਹ ਦੀਆਂ ਕਾਲ ਕੋਠੜੀਆਂ ਪਿੱਛੇ ਕੈਦ ਕੀਤਾ ਹੋਇਆ ਹੈ।
ਮਰਹੂਮ ਸਾਥੀ ਭਗਵੰਤ ਸਿੰਘ ਦੀ ਜੀਵਨ ਸਾਥਣ ਪ੍ਰੇਮਪਾਲ ਕੌਰ ਅਤੇ ਅਦਾਕਾਰਾ ਸੋਨੀਆ ਮਾਨ, ਹਰਿਆਣਾ ਤੋਂ ਕਿਸਾਨ ਆਗੂ ਸੁਰੇਸ਼ ਕੰਡੇਲਾ ਨੇ ਕਿਹਾ ਕਿ ਔਰਤਾਂ ਉੱਪਰ ਹੁੰਦੇ ਜਬਰ ਜੁਲਮ ਦੀ ਦਾਸਤਾਂ ਬਹੁਤ ਲੰਬੀ ਹੈ। ਇਸ ਕੋਈ ਨਵਾਂ ਜਾਂ ਇਕੱਲੀ ਇਕਹਰੀ ਘਟਨਾ ਨਹੀਂ ਹੈ, ਸਗੋਂ ਇਸ ਨੂੰ ਵਰਤਾਰਿਆਂ ਦੀ ਕੜੀ ਵਜੋਂ ਵੇਖਣਾ ਚਾਹੀਦਾ ਹੈ। ਕਿਉਕਿ ਔਰਤਾਂ ਉੱਪਰ ਜਬਰ ਦੀ ਅਸਲ ਜੜ ਇਹ ਲੁਟੇਰਾ ਤੇ ਜਾਬਰ ਢਾਂਚਾ ਹੈ। ਹੁਣ ਵੀ ਬਹੁਤ ਸਾਰੀਆਂ ਜਬਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਲਈ ਸੰਘਰਸ਼ ਦੀ ਧਾਰ ਵੀ ਇਸ ਬੁਰਾਈ ਦੇ ਧੁਰੇ ਲੁਟੇਰੇ ਤੇ ਜਾਬਰ ਰਾਜ ਪ੍ਰਬੰਧ ਖਿਲਾਫ ਸੇਧਤ ਕਰਦਿਆਂ ਨਵਾਂ ਤੇ ਜਮਹੂਰੀ ਪ੍ਰਬੰਧ ਖਿਲਾਫ ਸੇਧਤ ਕਰਨ ਦੀ ਲੋੜ ਹੈ। ਐਕਸ਼ਨ ਕਮੇਟੀ ਵੱਲੋਂ 15 ਦਿਨਾਂ ਲਗਤਾਰ ਲਾਈਵ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਹਜਾਰਾਂ ਲੋਕਾਂ ਤੱਕ ਸ਼ੋਸ਼ਲ ਮੀਡੀਏ ਰਾਹੀਂ ਬੁੱਧੀਜੀਵੀ ਅਤੇ ਔਰਤ ਕਾਰਕੁਨ ਇਤਿਹਾਸ ਦੇ ਪੰਨਿਆਂ ਰਾਹੀਂ ਆਪਣੀ ਲਾਈਵ ਪ੍ਰੋਗਰਾਮ ਰਾਹੀਂ ਲੋਕਾਂ ਸਾਹਮਣੇ ਰੱਖ ਚੁੱਕੇ ਹਨ।
ਅੱਜ ਦੇ ਪ੍ਰੋਗਰਾਮ ਵਿੱਚ ਲੋਕ ਗਾਇਕ ਅਜਮੇਰ ਅਕਲੀਆ ਨੇ ਸ਼ਰਧਾਂਜਲੀ ਅਤੇ ਲੋਕ ਸੰਗੀਤ ਮੰਡਲੀ ਜੀਦਾ ਵੱਲੋਂ ਜਗਸੀਰ ਜੀਦਾ ਦੀਆ ਲੋਕ/ਕਿਸਾਨ ਪੱਖੀ ਬੋਲੀਆਂ, ਪਾਠਕ ਭਰਾ ਧਨੌਲੇ ਵਾਲਿਆਂ, ਜਗਰਾਜਨ ਧੌਲਾ, ਬਲਿਹਾਰ ਗੋਬਿੰਦਗੜ੍ਹ, ਇਸ਼ਮੀਤ ਕੌਰ ਨੇ ਲੋਕ ਸੰਘਰਸ਼ ਨੂੰ ਸਮਰਪਿਤ ਕਵੀਸ਼ਰੀ/ਗੀਤ ਪੇਸ਼ ਕੀਤੇ। ਅੱਜ ਦੀ ਸਟੇਜ ਤੋਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨ ਘੋਲ ਨਾਲ ਇਕ ਮਿਕ ਹੋਕੇ ਚੱਲ ਰਹੇ ਲੋਕਾਂ ਦੇ ਡਾਕਟਰ ਸਵੈਮਾਨ ਸਿੰਘ ਕਾਰਡਿਕ ਨੂੰ ਸਨਮਾਨ ਪੱਤਰ ਅਤੇ ਲੋਈ ਨਾਲ ਸਨਮਾਨਿਤ ਕੀਤਾ। ਕਿਸਾਨ ਅੰਦੋਲਨ ਵਿੱਚ ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲੇ ਮਹਿਲਕਲਾਂ ਦੇ ਬਾਲ ਜਰਨੈਲ ਕਪਤਾਨ ਸਿੰਘ ਅਤੇ ਉਸ ਦੇ ਮਾਤਾ ਪਿਤਾ ਨੂੰ ਕਿਤਾਬਾਂ ਦਾ ਸੈੱਟ ਅਤੇ ਲੋਈ ਨਾਲ ਸਨਮਾਨਿਤ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚਾ ਦੀ ਤਰਫੋਂ ਪੁੱਜੇੇ ਆਗੂਆਂ ਨੂੰ ਵੀ ਐਕਸ਼ਨ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।
ਸਟੇਜ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ, ਐਮਐਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਨਾਉਣ, ਬਿਜਲੀ ਸੋਧ ਬਿਲ-2021 ਵਾਪਸ ਲੈਣ, ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨ ਪ੍ਰੀਵਾਰਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਦੇਣ, ਸਮੁੱਚਾ ਕਰਜਾ ਮੁਆਫ ਕਰਨ, ਪੇਂਡੂ/ਖੇਤ ਮਜਦੂਰਾਂ ਦੇ ਸੰਘਰਸ਼ ਦੀ ਹਮਾਇਤ ਕਰਨ, ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਵਾਪਸ ਲੈਣ, ਬੇਰੁਜਗਾਰਾਂ ਦੇ ਹੱਕੀ ਸੰਘਰਸ਼ ਦੀ ਹਮਾਇਤ, ਭੀਮਾਕੋਰੇਗਾਉਂ ਅਤੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਚੱਲੇ ਸੰਘਰਸ਼ ਵਿੱਚ ਗ੍ਰਿਫਤਾਰ ਕੀਤੇ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ, ਵਕੀਲਾਂ, ਸਮਾਜ/ਸਿੱਖਿਆ ਸ਼ਾਸ਼ਤਰੀਆਂ, ਕਵੀਆਂ, ਵਿਦਿਆਰਥੀਆਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਨ, ਔਰਤਾਂ ਉੱਪਰ ਜਬਰ ਨੂੰ ਰੋਕਣ ਲਈ ਅਸਰਦਾਰ ਕਦਮ ਚੁੱਕਣ, ਅਸ਼ਲੀਲ ਗੰਨ ਕਲਚਰ ਉੱਪਰ ਮੁਕੰਮਲ ਪਾਬੰਦੀ ਲਾਉਣ ਜਿਹੇ ਮਤੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਪਾਸ ਕੀਤੇ ਗਏ।

Share