ਕਿਸਾਨ ਅੰਦੋਲਨ ਦੇ ਹਮਾਇਤ ’ਚ ਆਏ ਅਮਰੀਕਾ ਦੇ ਤਿੰਨ ਸ਼ਹਿਰਾਂ ਦੇ ਮੇਅਰ

451
Share

ਵਾਸ਼ਿੰਗਟਨ, 5 ਫਰਵਰੀ (ਪੰਜਾਬ ਮੇਲ)- ਭਾਰਤ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਸਹਿਯੋਗ ਅਤੇ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਇਸ ਕੜੀ ’ਚ ਅਮਰੀਕੀ ਪੌਪ ਸਟਾਰ ਰਿਹਾਨਾ ਦੇ ਕਿਸਾਨਾਂ ਦੇ ਸਮਰਥਨ ਵਿਚ ਕੀਤੇ ਟਵੀਟ ਮਗਰੋਂ ਹਾਲੀਵੁੱਡ ਅਤੇ ਬਾਲੀਵੁੱਡ ਕਈ ਹਸਤੀਆਂ ਨੇ ਕਿਸਾਨ ਅੰਦੋਲਨ ਨੂੰ ਸਮਰਥਨ ਦਿੱਤਾ ਹੈ। ਇਨ੍ਹਾਂ ਤੋਂ ਇਲਾਵਾ ਅਮਰੀਕੀ ਰਾਜ ਦੇ ਵੱਖ-ਵੱਖ ਸ਼ਹਿਰਾਂ ਦੇ ਭਾਰਤੀ ਮੂਲ ਦੇ ਮੇਅਰਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ। ਫਰਿਜ਼ਨੋ ਦੇ ਮੇਅਰ ਜੈਰੀ ਡਾਇਰ ਨੇ ਕਿਸਾਨ ਅੰਦੋਲਨ ਨਾਲ ਖੜ੍ਹੇ ਹੋਣ ਦੀ ਗੱਲ ਕਹੀ ਹੈ।
ਆਪਣੇ ਵੀਡੀਓ ਸੰਦੇਸ਼ ਵਿਚ ਜੈਰੀ ਡਾਇਰ ਨੇ ਕਿਹਾ ਕਿ ਜੋ ਤੁਸੀਂ ਅਨਿਆਂ ਵਿਰੁੱਧ ਖੜ੍ਹੇ ਹੋ ਤਾਂ ਅਸੀਂ ਅਮਰੀਕੀ ਤੁਹਾਡੇ ਨਾਲ ਖੜ੍ਹੇ ਹਾਂ। ਤੁਸੀਂ ਖੁਦ ਨੂੰ ਇਕੱਲੇ ਨਾ ਸਮਝੋ। ਇਸੇ ਤਰ੍ਹਾਂ ਮਸ਼ਹੂਰ ਅਮਰੀਕੀ ਫੁੱਟਬਾਲ ਖਿਡਾਰੀ ਜੂ ਜੂ ਸਮਿਥ ਸਕਸਟਰ ਵੱਲੋਂ ਵੀ ਕਿਸਾਨ ਅੰਦੋਲਨ ਵਿਚ ਡਟੇ ਕਿਸਾਨਾਂ ਦੀਆਂ ਸਿਹਤ ਸਹੂਲਤ ਲਈ 10 ਹਜ਼ਾਰ ਡਾਲਰ ਦੇਣ ਦੀ ਗੱਲ ਕਹੀ ਗਈ ਹੈ।
ਫਰਿਜ਼ਨੋ ਦੇ ਮੇਅਰ ਤੋਂ ਪਹਿਲਾਂ ਐਲਕ ਗਰੋਵ ਦੀ ਪਹਿਲੀ ਵਾਰ ਬਣੀ ਮੇਅਰ ਬੌਬੀ ਸਿੰਘ ਐਲਨ ਵੀ ਕਿਸਾਨਾਂ ਦੇ ਹੱਕ ’ਚ ਭਾਰਤ ਸਰਕਾਰ ਦੇ ਅਮਰੀਕਾ ਸਥਿਤ ਅੰਬੈਸਡਰ ਨੂੰ ਲਿਖਤੀ ਰੂਪ ’ਚ ਬਿਆਨ ਦੇ ਚੁੱਕੇ ਹਨ ਅਤੇ ਅਕਸਰ ਉਹ ਫੇਸਬੁੱਕ ਅਤੇ ਟਵਿੱਟਰ ’ਤੇ ਕਿਸਾਨਾਂ ਦੀ ਹਮਾਇਤ ਕਰ ਰਹੇ ਹਨ।¿;
ਇਸ ਹੀ ਤਰ੍ਹਾਂ ਲੈਥਰੋਪ ਸ਼ਹਿਰ ਤੋਂ ਪੰਜਵੀਂ ਵਾਰ ਮੇਅਰ ਬਣੇ ਸੁਖਮਿੰਦਰ ਸਿੰਘ ਧਾਲੀਵਾਲ ਨੇ ਵੀ ਕਿਸਾਨਾਂ ਦੀ ਭਰਵੀਂ ਹਮਾਇਤ ਕੀਤੀ ਹੈ ਤੇ ਨਿੱਜੀ ਤੌਰ ’ਤੇ ਮਦਦ ਵੀ ਕਰ ਰਹੇ ਹਨ। ਆਉਣ ਵਾਲੇ ਸਮੇਂ ਵਿਚ ਵੀ ਵੱਡੀ ਗਿਣਤੀ ’ਚ ਹੋਰ ਵੱਡੀਆਂ ਅਮਰੀਕੀ ਸ਼ਖਸੀਅਤਾਂ ਵੱਲੋਂ ਕਿਸਾਨਾਂ ਦੇ ਪੱਖ ਵਿਚ ਖੜ੍ਹਨ ਅਤੇ ਬਿਆਨ ਦੇਣ ਦਾ ਸਿਲਸਿਲਾ ਜਾਰੀ ਰਹਿਣ ਦੀ ਆਸ ਹੈ।

Share