ਕਿਸਾਨ ਅੰਦੋਲਨ ਦੇ ਸਮਰਥਨ ’ਚ ਨਿਊਯਾਰਕ ਟਾਈਮਜ਼ ਨੇ ਛਾਪਿਆ ਇੱਕ ਪੇਜ ਦਾ ਆਰਟੀਕਲ

592
Share

ਵਾਸ਼ਿੰਗਟਨ,  18 ਫਰਵਰੀ (ਪੰਜਾਬ ਮੇਲ)-  ਭਾਰਤ ’ਚ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦਾ ਪ੍ਰਚਾਰ ਹੁਣ ਅਮਰੀਕਾ ਤੱਕ ਪੁੱਜ ਗਿਆ ਹੈ। ਉੱਥੋਂ ਦੇ ਸਭ ਤੋਂ ਵੱਡੇ ਅਖ਼ਬਾਰ ‘ਨਿਊਯਾਰਕ ਟਾਈਮਜ਼’ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਪੂਰੇ ਪੰਨੇ ਦਾ ਇੱਕ ਆਰਟੀਕਲ ਪ੍ਰਕਾਸ਼ਿਤ ਹੋਇਆ ਹੈ। ਇਸ ਆਰਟੀਕਲ ਵਿੱਚ ਲਿਖਿਆ ਹੈ ਕਿ ਇਸ ਅੰਦੋਲਨ ਨੂੰ 70 ਤੋਂ ਵੱਧ ਮਨੁੱਖੀ ਅਧਿਕਾਰ ਸੰਗਠਨ ਸਮਰਥਨ ਦੇ ਰਹੇ ਹਨ।
ਆਰਟੀਕਲ ਵਿੱਚ ਦੋਸ਼ ਲਾਇਆ ਗਿਆ ਹੈ ਕਿ ਭਾਰਤ ਸਰਕਾਰ ਨੇ ਅੱਥਰੂ ਗੈਸ ਅਤੇ ਪਾਣੀ ਦੀਆਂ ਬੌਛਾੜਾਂ ਮਾਰਨ ਸਣੇ ਕਈ ਤਸ਼ੱਦਦ ਕੀਤੇ ਗ੍ਰਿਫ਼ਤਾਰੀਆਂ ਕੀਤੀਆਂ, ਪਰ ਕਿਸਾਨ ਸ਼ਾਂਤੀਪੂਰਨ ਢੰਗ ਨਾਲ ਆਪਣਾ ਵਿਰੋਧ ਦਰਜ ਕਰਵਾ ਰਹੇ ਹਨ। ਇਸ ਦੌਰਾਨ ਭਾਰਤ ਸਰਕਾਰ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ, ਜੋ ਬੰਦ ਹੋਣਾ ਚਾਹੀਦਾ ਹੈ।
ਦੱਸ ਦੇਈਏ ਕਿ ਅੰਦੋਲਨ ਦੇ ਪੱਖ ਵਿੱਚ ਹਾਲੀਵੁਡ ਗਾਇਕਾ ਰਿਹਾਨਾ ਤੇ ਵਾਤਾਵਰਣ ਕਾਰਕੁੰਨ ਗਰੇਟਾ ਥਨਬਰਗ ਨੇ ਆਵਾਜ਼ ਚੁੱਕੀ। ਉਸ ਤੋਂ ਬਾਅਦ ਭਾਰਤ ਵਿੱਚ ਟੂਲਕਿੱਟ ਮਾਮਲਾ ਸਾਹਮਣੇ ਆਇਆ, ਜਿਸ ਵਿੱਚ 3 ਲੋਕਾਂ ’ਤੇ ਦੇਸ਼ ਧਰੋਹ ਦਾ ਕੇਸ ਦਰਜ ਹੋਇਆ।
ਟੂਲਕਿੱਟ ਮਾਮਲੇ ਵਿੱਚ ਦੇਸ਼-ਧਰੋਹ ਦਾ ਸਾਹਮਣਾ ਕਰ ਰਹੇ ਵਾਤਾਵਰਣ ਕਾਰਕੁੰਨ ਸ਼ਾਂਤਨੂ ਮੁਲੁਕ ਦੇ ਪਿਤਾ ਨੇ ਵੱਡਾ ਦਾਅਵਾ ਕੀਤਾ ਹੈ। ਮਹਾਰਾਸ਼ਟਰ ਦੇ ਬੀੜ ਵਿੱਚ ਮੁਲੁਕ ਦੇ ਪਿਤਾ ਸ਼ਿਵਲਾਲ ਨੇ ਕਿਹਾ ਕਿ ਖੁਦ ਨੂੰ ਦਿੱਲੀ ਪੁਲਿਸ ਦੇ ਜਵਾਨ ਦੱਸਣ ਵਾਲੇ ਦੋ ਲੋਕ ਉਨ੍ਹਾਂ ਦੇ ਘਰ ਆਏ ਸਨ। ਉਨ੍ਹਾਂ ਨੇ ਬਗ਼ੈਰ ਵਾਰੰਟ ਦੇ ਤਲਾਸ਼ੀ ਲਈ ਅਤੇ ਕੰਪਿਊਟਰ ਦੀ ਇੱਕ ਹਾਰਡ ਡਿਸਕ ਤੇ ਹੋਰ ਸਮੱਗਰੀ ਜ਼ਬਤ ਕਰ ਲਈ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ।
ਅਦਾਕਾਰ ਤੋਂ ਨੇਤਾ ਬਣੇ ਕਮਲ ਹਾਸਲ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਹੈ ਕਿ ਸ਼ਰਮ ਦੀ ਗੱਲ ਹੈ ਕਿ ਆਪਣੀਆਂ ਜਾਇਜ਼ ਮੰਗਾਂ ਲਈ ਉਠ ਰਹੀ ਆਵਾਜ਼ ਨੂੰ ਜਬਰਦਸਤੀ ਦਬਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵਾਤਾਵਰਣ ਕਾਰਕੁੰਨ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਵੀ ਹੈਰਾਨੀ ਭਰਿਆ ਮੁੱਦਾ ਹੈ।


Share