ਕਿਸਾਨ ਅੰਦੋਲਨ ਦੀ ਹਮਾਇਤ ‘ਚ ਸਾਬਕਾ ਪੁਲਿਸ ਅਧਿਕਾਰੀਆਂ ਵੱਲੋਂ ਮੈਡਲ ਵਾਪਸ ਕਰਨ ਦਾ ਫ਼ੈਸਲਾ

517
Share

ਜਲੰਧਰ, 10 ਦਸੰਬਰ (ਮੇਜਰ ਸਿੰਘ/ਪੰਜਾਬ ਮੇਲ)-ਪੰਜਾਬ ਪੁਲਿਸ ਦੇ ਜਲੰਧਰ ਜ਼ਿਲ੍ਹੇ ਦੇ ਸਾਬਕਾ ਪੁਲਿਸ ਅਧਿਕਾਰੀਆਂ ਦੀ ਮੀਟਿੰਗ ‘ਚ ਦਰਜਨ ਦੇ ਕਰੀਬ ਸਾਬਕਾ ਪੁਲਿਸ ਅਫ਼ਸਰਾਂ ਨੇ ਸਰਵਿਸ ਦੌਰਾਨ ਸ਼ਾਨਦਾਰ ਸੇਵਾਵਾਂ ਲਈ ਹਾਸਲ ਕੀਤੇ ਮੈਡਲ ਤੇ ਪੁਰਸਕਾਰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹੈ ਤੇ ਕੁੱਲ ਦੁਨੀਆ ਨੂੰ ਢਿੱਡ ਭਰਨ ਲਈ ਅੰਨ ਪੈਦਾ ਕਰਕੇ ਦਿੰਦਾ ਹੈ ਪਰ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਪਾਸ ਕੀਤੇ ਕਾਨੂੰਨਾਂ ਕਾਰਨ ਸੰਕਟ ‘ਚ ਆਏ ਕਿਸਾਨ ਘਰ-ਬਾਰ ਛੱਡ ਕੇ ਸੰਘਰਸ਼ ਕਰਨ ਲਈ ਪਿਛਲੇ ਲੰਮੇ ਸਮੇਂ ਤੋਂ ਸੜਕਾਂ ਉੱਪਰ ਬੈਠਣ ਲਈ ਮਜਬੂਰ ਹਨ।
ਸਾਬਕਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਪੀੜਤ ਕਿਸਾਨਾਂ ਨਾਲ ਆਪਣਾ ਦਰਦ ਸਾਂਝਾ ਕਰਨ ਤੇ ਉਨ੍ਹਾਂ ਨਾਲ ਇਕਮੁੱਠਤਾ ਪ੍ਰਗਟਾਉਣ ਲਈ ਰੋਸ ਵਜੋਂ ਸਰਕਾਰ ਨੂੰ ਮੈਡਲ ਤੇ ਪੁਰਸਕਾਰ ਵਾਪਸ ਕਰਨਗੇ। ਉਨ੍ਹਾਂ ਕਿਹਾ ਹੈ ਕਿ ਉਹ ਇਹ ਮੈਡਲ ਤੇ ਪੁਰਸਕਾਰ ਉਹ ਰਾਸ਼ਟਰਪਤੀ ਨੂੰ ਮਿਲ ਕੇ ਵਾਪਸ ਕਰਨਗੇ। ਇਹ ਫ਼ੈਸਲਾ ਲੈਣ ਵਾਲਿਆਂ ਵਿਚ ਸਾਬਕਾ ਐੱਸ. ਐੱਸ. ਪੀ. ਦਿਲਬਾਗ ਸਿੰਘ ਗਿੱਲ, ਜਗਜੀਤ ਸਿੰਘ ਭੁਗਤਾਣਾ, ਗੁਰਕ੍ਰਿਪਾਲ ਸਿੰਘ ਬੇਲਾ, ਹਰੀਸ਼ ਕੁਮਾਰ ਸ਼ਰਮਾ ਤੇ ਗੁਰਦੀਪ ਸਿੰਘ ਸਾਬਕਾ ਪੁਲਿਸ ਕਪਤਾਨ, ਸੁਦੇਸ਼ ਕੁਮਾਰ ਅਗਨੀਹੋਤਰੀ, ਹਰਜੀਤ ਸਿੰਘ ਬਰਾੜ, ਮੁਖਤਿਆਰ ਸਿੰਘ ਦਾਹੀਆ ਤੇ ਸਾਬਕਾ ਇੰਸਪੈਕਟਰ ਅੰਗਰੇਜ਼ ਸਿੰਘ, ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਹਨ। ਇਨ੍ਹਾਂ ਤੋਂ ਇਲਾਵਾ ਸਾਬਕਾ ਡੀ. ਐੱਸ. ਪੀ. ਚਰਨ ਸਿੰਘ, ਰਣਦੀਪ ਸਿੰਘ ਹੌਲਦਾਰ, ਅਜੈਬ ਸਿੰਘ ਹੌਲਦਾਰ, ਦਲਬੀਰ ਸਿੰਘ ਏ. ਐੱਸ. ਆਈ. ਆਦਿ ਵੀ ਹਾਜ਼ਰ ਸਨ।


Share