ਕਿਸਾਨ ਅੰਦੋਲਨ : ਦਿੱਲੀ ਵਿਚ ਪਰਮਿੰਦਰ ਢੀਂਡਸਾ ਤੇ ਸੁਖਪਾਲ ਖਹਿਰਾ ਸਣੇ ਕਈ ਗ੍ਰਿਫ਼ਤਾਰ

393
Share

ਨਵੀਂ ਦਿੱਲੀ, 26 ਨਵੰਬਰ (ਪੰਜਾਬ ਮੇਲ)- ਕਿਸਾਨ ਅੰਦੋਲਨ ਦੇ ਮੱਦੇਨਜ਼ਰ ਦਿੱਲੀ ਪੁਲੀਸ ਵੱਲੋਂ ਰਾਜਧਾਨੀ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਕਈ ਮੈਟਰੋ ਸਟੇਸ਼ਨ ਬਾਅਦ ਦੁਪਹਿਰ ਦੋ ਵਜੇ ਤੱਕ ਬੰਦ ਕਰ ਦਿੱਤੇ ਗਏ ਹਨ। ਛੋਟੀਆਂ ਟੋਲੀਆਂ ਵਿੱਚ ਕਿਸਾਨਾਂ ਵੱਲੋਂ ਦਿੱਲੀ ਵਿੱਚ ਪੁੱਜਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਤੇ ਹੋਰ ਕਿਸਾਨ ਆਗੂਆਂ ਵੱਲੋਂ ਅੱਜ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਅਰਦਾਸ ਕਰਕੇ ਜੰਤਰ-ਮੰਤਰ ਵੱਲ ਮਾਰਚ ਕੀਤਾ ਗਿਆ ਤੇ ਪੁਲੀਸ ਰੋਕ ਤੋੜ ਕੇ ਅੱਗੇ ਵਧਦੇ ਹੋਏ ਗ੍ਰਿਫ਼ਤਾਰੀਆਂ ਦਿੱਤੀਆਂ। ਖੇਤੀ ਕਾਨੂੰਨਾਂ ਖ਼ਿਲਾਫ਼ ਇਸ ਰੋਸ ਪ੍ਰਦਰਸ਼ਨ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ, ਜਗਦੇਵ ਕਮਾਲੂ, ਪਰਮਲ ਸਿੰਘ ਖ਼ਾਲਸਾ, ਰਣਜੀਤ ਸਿੰਘ ਤਲਵੰਡੀ, ਮਨਪ੍ਰੀਤ ਸਿੰਘ ਤਲਵੰਡੀ, ਪੰਥਕ ਅਕਾਲੀ ਲਹਿਰ ਦੇ ਸੂਬਾ ਕਮੇਟੀ ਮੈਂਬਰ ਰਾਜਦੀਪ ਸਿੰਘ ਆਂਡਲੂ, ਬਿੰਦਰਜੀਤ ਸਿੰਘ ਗਿੱਲ, ਜਗਤਾਰਾ ਸਿੰਘ ਤਲਵੰਡੀ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਕੁੱਝ ਕਾਰਕੁਨ ਸ਼ਾਮਲ ਹੋਏ। ਬੰਗਲਾ ਸਾਹਿਬ ਤੋਂ ਸ੍ਰੀ ਢੀਂਡਸਾ ਨਾਲ ਸ੍ਰੀ ਖਹਿਰਾ ਤੇ ਹੋਰ ਲੋਕ ਵੀ ਸ਼ਾਮਲ ਹੋ ਗਏ ਤੇ ਵਾਈਐੱਮਸੀਏ ਦੇ ਪਿੱਛੋਂ ਹੁੰਦੇ ਹੋਏ ਪਟੇਲ ਚੌਕ ਤੋਂ ਸੰਸਦ ਮਾਰਗ ਥਾਣੇ ਤੱਕ ਪੁੱਜੇ, ਜਿੱਥੇ ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਨੇ ਬੈਰੀਕੇਡ ਲਾਕੇ ਰੋਕਣਾ ਚਾਹਿਆ। ਪੁਲੀਸ ਦੀਆਂ ਰੋਕਾਂ ਤੋੜ ਕੇ ਕਰੀਬ 50 ਲੋਕਾਂ ਦਾ ਕਾਫ਼ਲਾ ਜੰਤਰ-ਮੰਤਰ ਵੱਲ ਵਧਿਆ, ਜਿਥੇ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਸ੍ਰੀ ਢੀਂਡਸਾ ਤੇ ਸਾਥੀ ਇੱਥੇ ਹੀ ਧਰਨਾ ਲਾ ਕੇ ਬੈਠ ਗਏ। 30 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲਿਆ ਤੇ ਬਾਬਾ ਖੜਕ ਸਿੰਘ ਮਾਰਗ ਵਿਖੇ ਲੈ ਗਈ।


Share