ਕਿਸਾਨਾਂ ਵੱਲੋਂ ਲੰਬੇ ਸੰਘਰਸ਼ ਦੀ ਤਿਆਰੀ

669
Share

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ: 916-320-9444
ਭਾਰਤ ਦੀ ਰਾਜਧਾਨੀ ਦਿੱਲੀ ਨੂੰ ਘੇਰਾ ਘੱਤੀ ਬੈਠੀ ਪੰਜਾਬ-ਹਰਿਆਣਾ ਅਤੇ ਹੋਰ ਰਾਜਾਂ ਦੇ ਕਿਸਾਨ ਲੰਬੀ ਲੜਾਈ ਦੀ ਤਿਆਰੀ ’ਚ ਜੁੱਟ ਗਏ ਹਨ। ਕਰੀਬ ਡੇਢ ਮਹੀਨਾ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਵਿਚਕਾਰ ਚੱਲੀ ਗੱਲਬਾਤ ਅਤੇ ਚਿੱਠੀਆਂ ਦੇ ਆਦਾਨ-ਪ੍ਰਦਾਨ ਦਾ ਇਕ ਗੇੜ ਤਾਂ ਹੁਣ ਖਤਮ ਹੋ ਗਿਆ ਲੱਗਦਾ ਹੈ। ਕਿਸਾਨ ਆਗੂਆਂ ਨੇ ਕੇਂਦਰ ਨਾਲ ਗੱਲਬਾਤ ਨੂੰ ਸਾਰਥਿਕ ਨਤੀਜੇ ਤੱਕ ਪਹੁੰਚਾਉਣ ਲਈ ਮੁੜ ਜ਼ੋਰ ਅਜ਼ਮਾਈ ਦਾ ਰਾਹ ਅਖਤਿਆਰ ਕਰ ਲਿਆ ਹੈ। ਡੇਢ ਕੁ ਮਹੀਨੇ ਦੇ ਅਰਸੇ ਦੌਰਾਨ ਕਿਸਾਨ ਆਗੂ ਕੇਂਦਰ ਸਰਕਾਰ ਨਾਲ 7 ਵਾਰ ਗੱਲਬਾਤ ਕਰ ਚੁੱਕੇ ਹਨ ਅਤੇ ਇਸ ਗੱਲਬਾਤ ਦੌਰਾਨ ਹਾਲੇ ਤੱਕ ਉਨ੍ਹਾਂ ਦੇ ਪਿੜ ਪੱਲੇ ਕੁੱਝ ਵੀ ਨਹੀਂ ਪਾਇਆ। ਉਲਟਾ ਸਗੋਂ 30 ਦਸੰਬਰ ਦੀ ਮੀਟਿੰਗ ਵਿਚ ਪਰਾਲੀ ਸਾੜਨ ਬਾਰੇ ਪਾਸ ਕੀਤੇ ਕਾਨੂੰਨ ਵਿਚੋਂ ਕਿਸਾਨਾਂ ਨੂੰ ਬਾਹਰ ਕੱਢਣ ਅਤੇ ਲਿਆਂਦਾ ਜਾ ਰਿਹਾ ਬਿਜਲੀ ਸੋਧ ਬਿੱਲ 2002 ਵਾਪਸ ਕੀਤੇ ਜਾਣ ਬਾਰੇ ਲਿਖਤੀ ਰੂਪ ਵਿਚ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ। ਕਿਸਾਨ ਆਗੂ ਇਸ ਵੇਲੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਜਿਣਸਾਂ ਦੇ ਘੱਟੋ-ਘੱਟ ਸਮਰੱਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਉਪਰ ਡਟੇ ਹੋਏ ਹਨ। ਜਦਕਿ ਮੋਦੀ ਸਰਕਾਰ ਪਾਸ ਕੀਤੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ। ਇਸ ਕਰਕੇ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦੋਵਾਂ ਧਿਰਾਂ ਨੂੰ ਹੀ ਇਹ ਅਹਿਸਾਸ ਹੁੰਦਾ ਨਜ਼ਰ ਆ ਰਿਹਾ ਹੈ ਕਿ ਮੌਜੂਦਾ ਗੱਲਬਾਤ ਜਾਰੀ ਰੱਖਣ ਅਤੇ ਅੱਗੇ ਤੋਰਨ ਵਿਚ ਹੁਣ ਕੋਈ ਵਜ਼ਨਦਾਰ ਗੱਲ ਨਹੀਂ ਰਹਿ ਗਈ। ਕਿਸਾਨ ਆਗੂਆਂ ਨੇ ਆਪਣਾ ਸੰਘਰਸ਼ ਤੇਜ਼ ਕਰਨ ਲਈ 5 ਤੋਂ 30 ਜਨਵਰੀ ਤੱਕ ਜਾਗਿ੍ਰਤੀ ਪੰਦਰਵਾੜਾ ਮਨਾਉਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਪੂਰੇ ਭਾਰਤ ਭਰ ਵਿਚ ਟਰੈਕਟਰ ਮਾਰਚ ਤੇ ਵਾਹਨ ਮਾਰਚ ਕੀਤੇ ਜਾਣਗੇ ਅਤੇ ਥਾਂ-ਥਾਂ ਸੈਮੀਨਾਰ, ਰੈਲੀਆਂ ਅਤੇ ਮੀਟਿੰਗਾਂ ਕਰਕੇ ਲੋਕਾਂ ਨੂੰ ਖੇਤੀ ਬਿੱਲਾਂ ਦੀ ਅਸਲੀਅਤ ਤੋਂ ਜਾਣੂੰ ਕਰਵਾਇਆ ਜਾਵੇਗਾ। ਲੋਹੜੀ ਦਾ ਤਿਉਹਾਰ ਉਨ੍ਹਾਂ ਖੇਤੀ ਬਿੱਲਾਂ ਦਾ ‘ਭੁੱਗਾ’ ਸਾੜ ਕੇ ਮਨਾਉਣ ਦਾ ਫੈਸਲਾ ਕੀਤਾ ਹੈ। 18 ਜਨਵਰੀ ਨੂੰ ਕਿਸਾਨ ਔਰਤ ਦਿਵਸ ਮਨਾਇਆ ਜਾਵੇਗਾ ਅਤੇ ਹਿੰਦੋਸਤਾਨ ਦੀ ਆਜ਼ਾਦੀ ਦੇ ਮਹਾਨ ਘੁਲਾਟੀਏ ਸੁਭਾਸ਼ ਚੰਦਰ ਬੌਸ ਦੇ ਜਨਮ ਦਿਨ ਉਪਰ 23 ਜਨਵਰੀ ਨੂੰ ਪੂਰੇ ਦੇਸ਼ ਵਿਚ ਧਰਨੇ ਤੇ ਮੁਜ਼ਾਹਰੇ ਕੀਤੇ ਜਾਣਗੇ ਅਤੇ ਇਸ ਮੁਹਿੰਮ ਦੇ ਅਖੀਰ ਵਿਚ ਭਾਰਤ ਦੇ ਗਣਤੰਤਰਾ ਦਿਵਸ ਮੌਕੇ ਦਿੱਲੀ ਦੀਆਂ ਸੜਕਾਂ ਉਪਰ ਹਜ਼ਾਰਾਂ ਟਰੈਕਟਰ ਲੈ ਕੇ ਲੱਖਾਂ ਕਿਸਾਨ ‘ਕਿਸਾਨ ਪਰੇਡ’ ਕਰਨਗੇ। ਇਸ ਮੌਕੇ ਵੱਖ-ਵੱਖ ਰਾਜਾਂ ਵਿਚ ਗਵਰਨਰ ਹਾਊਸਾਂ ਅੱਗੇ ਧਰਨੇ ਮਾਰਕੇ ਮੰਗ ਪੱਤਰ ਦਿੱਤੇ ਜਾਣਗੇ। ਕਿਸਾਨਾਂ ਵੱਲੋਂ ਗਣਤੰਤਰ ਦਿਵਸ ’ਤੇ ਕਿਸਾਨ ਪਰੇਡ ਦੇਸ਼ ਭਰ ਵਿਚ ਸਭ ਤੋਂ ਲੰਬੀ ਲਾਮਬੰਦੀ ਦਾ ਇਤਿਹਾਸ ਸਿਰਜੇਗੀ। ਕਿਸਾਨ ਆਪਣੇ ਇਕ ਮਹੀਨੇ ਦੀ ਇਸ ਜਨਤਕ ਲਾਮਬੰਦੀ ਅਤੇ ਜ਼ੋਰ ਅਜ਼ਮਾਈ ਨਾਲ ਕੇਂਦਰ ਸਰਕਾਰ ਨੂੰ ਅਗਲੇ ਗੇੜ ਦੀ ਗੱਲਬਾਤ ਲਈ ਮਜਬੂਰ ਕਰਨਗੇ। ਇਸ ਵੇਲੇ ਪੂਰੇ ਦੇਸ਼ ਵਿਚ ਖਾਸਕਰ ਪੰਜਾਬ ਅਤੇ ਹਰਿਆਣਾ ਅੰਦਰ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕਰਨ ਦੀ ਵਿਸ਼ਾਲ ਲਾਮਬੰਦੀ ਚੱਲ ਰਹੀ ਹੈ। ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਪੂਰੇ ਰਾਜ ਵਿਚ ਭਾਜਪਾ ਆਗੂਆਂ ਅਤੇ ਮੰਤਰੀਆਂ ਆਦਿ ਦੇ ਪਿੰਡਾਂ ਵਿਚ ਵੜਨ ਉਪਰ ਪਾਬੰਦੀ ਲਗਾ ਰੱਖੀ ਹੈ। ਇੱਥੋਂ ਤੱਕ ਕਿ ਅੰਬਾਲਾ ਅਤੇ ਹੋਰ ਕਈ ਸ਼ਹਿਰਾਂ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵੀ ਕਿਸਾਨਾਂ ਦੇ ਵਿਰੋਧ ਕਾਰਨ ਸਮਾਗਮ ਵਿਚਾਲੇ ਛੱਡ ਕੇ ਜਾਣ ਲਈ ਮਜਬੂਰ ਹੋਣਾ ਪਿਆ। ਇਸੇ ਤਰ੍ਹਾਂ ਸੈਂਕੜੇ ਪਿੰਡਾਂ ਦੇ ਪ੍ਰਵੇਸ਼ ਦੁਆਰਾਂ ਉਪਰ ਇਹ ਲਿਖਿਆ ਮਿਲਦਾ ਹੈ ਕਿ ਭਾਜਪਾ ਆਗੂ ਪਿੰਡ ਵਿਚ ਦਾਖਲ ਹੋਣ ਦੀ ਖੇਚਲ ਨਾ ਕਰਨ। ਹਰਿਆਣਾ ਵਿਚ ਭਾਜਪਾ ਦੀ ਸਹਿਯੋਗੀ ਜਨਨਾਇਕ ਜਨਤਾ ਪਾਰਟੀ ਦੇ ਆਗੂਆਂ ਦਾ ਇਸ ਤੋਂ ਵੀ ਬੁਰਾ ਹਾਲ ਹੈ। ਚੌਟਾਲਾ ਪਰਿਵਾਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਬਣਾਈ ਜਨਨਾਇਕ ਜਨਤਾ ਪਾਰਟੀ ਦੇ ਇਸ ਵੇਲੇ ਹਰਿਆਣਾ ਦੀ ਵਿਧਾਨ ਸਭਾ ਵਿਚ 10 ਮੈਂਬਰ ਹਨ। ਭਾਜਪਾ ਸਰਕਾਰ ਇਸ ਵੇਲੇ ਉਨ੍ਹਾਂ ਦੀ ਭਾਈਵਾਲੀ ਨਾਲ ਹੀ ਚੱਲ ਰਹੀ ਹੈ। ਜੇ.ਜੇ.ਪੀ. ਦੇ ਆਗੂ ਦੁਸ਼ਯੰਤ ਚੌਟਾਲਾ, ਖੱਟਰ ਸਰਕਾਰ ਵਿਚ ਉੱਪ ਮੁੱਖ ਮੰਤਰੀ ਹਨ। ਹੁਣ ਤੱਕ ਕਿਸਾਨਾਂ ਦਾ ਵਿਰੋਧ ਨਾ ਝੱਲਦੇ ਹੋਏ ਕਈ ਆਜ਼ਾਦ ਵਿਧਾਇਕ ਸਰਕਾਰ ਕੋਲੋਂ ਹਮਾਇਤ ਵਾਪਸ ਲੈ ਚੁੱਕੇ ਹਨ ਅਤੇ ਇਸ ਵੇਲੇ ਜੇ.ਜੇ.ਪੀ. ਦੇ ਆਗੂਆਂ ਉਪਰ ਵੀ ਭਾਜਪਾ ਸਰਕਾਰ ਤੋਂ ਵੱਖ ਹੋਣ ਲਈ ਭਾਰੀ ਦਬਾਅ ਪਿਆ ਹੋਇਆ ਹੈ। ਅਸਲ ਵਿਚ ਚੌਟਾਲਾ ਪਰਿਵਾਰ ਦੇ ਆਗੂ ਦੁਸ਼ਯੰਤ ਚੌਟਾਲਾ ਦੀ ਪਾਰਟੀ ਦਾ ਪ੍ਰਭਾਵ ਖੇਤਰ ਵੀ ਹਰਿਆਣਾ ’ਚ ਮੁੱਖ ਤੌਰ ’ਤੇ ਕਿਸਾਨ ਹੀ ਹਨ। ਇਸ ਕਰਕੇ ਕਿਸਾਨਾਂ ਦੇ ਵਿਰੋਧ ਕਾਰਨ ਉਹ ਸਿਆਸੀ ਤੌਰ ’ਤੇ ਬੜੀ ਮੁਸ਼ਕਲ ਸਥਿਤੀ ਵਿਚ ਫਸੇ ਹੋਏ ਹਨ। ਕਿਸਾਨਾਂ ਦੇ ਵਿਰੋਧ ਕਾਰਨ ਉਹ ਖੇਤੀ ਕਾਨੂੰਨਾਂ ਦਾ ਆਪਣੇ-ਆਪਣੇ ਤਰੀਕੇ ਨਾਲ ਵਿਰੋਧ ਵੀ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਨੂੰ ਇਸ ਨੂੰ ਬਦਲਣ ਲਈ ਵੀ ਆਖ ਰਹੇ ਹਨ। ਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਦੇ ਹੱਕ ਵਿਚ ਆ ਖੜ੍ਹਨ ਤੋਂ ਅਜੇ ਉਹ ਪਾਸਾ ਵੱਟਣ ਦੀ ਯਤਨ ਕਰ ਰਹੇ ਹਨ। ਪਰ ਜਿਸ ਤਰ੍ਹਾਂ ਕਿਸਾਨ ਸੰਘਰਸ਼ ਲਗਾਤਾਰ ਮਜ਼ਬੂਤ, ਤੇਜ਼ ਅਤੇ ਲੰਬਾ ਹੁੰਦਾ ਜਾ ਰਿਹਾ ਹੈ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਆਖਰ ਅਕਾਲੀ ਦਲ ਬਾਦਲ ਵਾਂਗ ਹੀ ਦੁਸ਼ਯੰਤ ਚੌਟਾਲਾ ਅਤੇ ਉਸ ਦੇ ਸਾਥੀਆਂ ਨੂੰ ਭਾਜਪਾ ਛੱਡ ਕੇ ਕਿਸਾਨਾਂ ਦੇ ਹੱਕ ਵਿਚ ਖੜ੍ਹਨਾ ਹੋਵੇਗਾ ਜਾਂ ਫਿਰ ਆਪਣਾ ਸਿਆਸੀ ਆਧਾਰ ਕਿਸਾਨ ਹਮਾਇਤ ਨੂੰ ਦਾਅ ਉੱਤੇ ਲਾਉਣਾ ਪਵੇਗਾ। ਜੇਕਰ ਕਿਸਾਨ ਸੰਘਰਸ਼ ਦੇ ਦਬਾਅ ਹੇਠ ਦੁਸ਼ਯੰਤ ਚੌਟਾਲਾ ਭਾਜਪਾ ਤੋਂ ਹਮਾਇਤ ਵਾਪਸ ਲੈ ਲੈਂਦੇ ਹਨ, ਤਾਂ ਹਰਿਆਣਾ ਵਿਚ ਭਾਜਪਾ ਸਰਕਾਰ ਘੱਟ ਗਿਣਤੀ ਰਹਿ ਜਾਵੇਗੀ ਅਤੇ ਟੁੱਟ ਵੀ ਸਕਦੀ ਹੈ। ਇਸ ਵੇਲੇ 90 ਮੈਂਬਰੀ ਹਰਿਆਣਾ ਵਿਧਾਨ ਸਭਾ ਵਿਚ ਭਾਜਪਾ ਦੇ 40, ਜੇ.ਜੇ.ਪੀ. ਦੇ 10, ਕਾਂਗਰਸ ਦੇ 31 ਵਿਧਾਇਕ ਹਨ, ਜਦਕਿ ਹੋਰ 9 ਵਿਧਾਇਕ ਆਜ਼ਾਦ ਹਨ। ਜੇਕਰ ਭਾਜਪਾ ਦੀ ਹਰਿਆਣਾ ਸਰਕਾਰ ਟੁੱਟ ਜਾਂਦੀ ਹੈ, ਤਾਂ ਇਹ ਮੋਦੀ ਸਰਕਾਰ ਲਈ ਵੱਡੀ ਨਮੋਸ਼ੀ ਦਾ ਕਾਰਨ ਬਣ ਸਕਦੀ ਹੈ। ਪੰਜਾਬ-ਹਰਿਆਣਾ ਤੋਂ ਬਾਅਦ ਇਸ ਵੇਲੇ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਵੀ ਵੱਡੀ ਪੱਧਰ ਉੱਤੇ ਕਿਸਾਨ ਖੇਤੀ ਕਾਨੂੰਨਾਂ ਵਿਰੁੱਧ ਉੱਠ ਖੜ੍ਹੇ ਹੋਏ ਹਨ ਅਤੇ ਲਗਾਤਾਰ ਦਿੱਲੀ ਮੋਰਚੇ ਵਿਚ ਸ਼ਾਮਲ ਹੋ ਰਹੇ ਹਨ। ਕਰੀਬ ਸਵਾ ਮਹੀਨੇ ਦੇ ਅਰਸੇ ਦੌਰਾਨ ਦਿੱਲੀ ਮੋਰਚੇ ਵਿਚ ਨਾ ਕੋਈ ਥਕਾਵਟ ਆਈ ਹੈ ਅਤੇ ਨਾ ਹੀ ਕਿਸੇ ਕਿਸਮ ਦਾ ਅਕੇਵਾਂ ਹੀ ਨਜ਼ਰ ਆ ਰਿਹਾ ਹੈ। ਸਗੋਂ ਇਸ ਦੇ ਉਲਟ ਵੱਖ-ਵੱਖ ਰਾਜਾਂ ਦੇ ਕਿਸਾਨਾਂ ਵੱਲੋਂ ਦਿਖਾਏ ਜਾ ਰਹੇ ਉਤਸ਼ਾਹ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਮੋਰਚੇ ਵਿਚ ਡਟੇ ਕਿਸਾਨਾਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ।
ਪੰਜਾਬ ਵਿਚ ਵੀ ਪਿਛਲੇ 3 ਮਹੀਨੇ ਤੋਂ ਵੱਧ ਸਮੇਂ ਤੋਂ ਭਾਜਪਾ ਆਗੂਆਂ ਦੇ ਘਰਾਂ ਅੱਗੇ ਕਿਸਾਨ ਧਰਨੇ ਦੇ ਰਹੇ ਹਨ। 40 ਦੇ ਕਰੀਬ ਭਾਜਪਾ ਆਗੂਆਂ ਦੇ ਘਰਾਂ ਅੱਗੇ ਕਰੀਬ ਦੋ ਮਹੀਨੇ ਤੋਂ ਕਿਸਾਨ ਲਗਾਤਾਰ ਧਰਨਿਆਂ ਉਪਰ ਬੈਠੇ ਹਨ। ਇਸੇ ਤਰ੍ਹਾਂ ਪੰਜਾਬ ਅੰਦਰਲੇ ਸਾਰੇ ਟੋਲ ਪਲਾਜ਼ੇ ਵੀ ਮੁਫਤ ਕੀਤੇ ਹੋਏ ਹਨ ਅਤੇ ਅੰਬਾਨੀਆਂ ਦੇ ਸ਼ਾਪਿੰਗ ਮਾਲ ਤੇ ਤੇਲ ਪੰਪ ਸਮੇਤ ਸਾਰੇ ਕਾਰੋਬਾਰ ਬੰਦ ਕੀਤੇ ਹੋਏ ਹਨ। ਪਿਛਲੇ ਦਿਨਾਂ ਤੋਂ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਮਾਰ ਕੇ ਬੈਠੇ ਕਿਸਾਨਾਂ ਵਿਰੁੱਧ ਬਦਨਾਮ ਕਰਨ ਦੀ ਮੁਹਿੰਮ ਆਰੰਭ ਕੀਤੀ ਗਈ ਹੈ ਅਤੇ ਕੁੱਝ ਥਾਂਵਾਂ ’ਤੇ ਸਰਕਾਰ ਉਪਰ ਦਬਾਅ ਪਾ ਕੇ ਕਿਸਾਨਾਂ ਵਿਰੁੱਧ ਮੁਕੱਦਮੇ ਵੀ ਦਰਜ ਕਰਵਾਏ ਹਨ। ਪਰ ਇਹ ਗੱਲ ਭਾਜਪਾ ਆਗੂਆਂ ਦੇ ਉਲਟ ਭੁਗਤਦੀ ਨਜ਼ਰ ਆ ਰਹੀ ਹੈ। ਕਿਉਕਿ ਕਿਸਾਨਾਂ ਵੱਲੋਂ ਹੁਣ ਭਾਜਪਾ ਆਗੂਆਂ ਖਿਲਾਫ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਹੈ ਅਤੇ ਕਿਸਾਨਾਂ ਵਿਰੁੱਧ ਦਰਜ ਪਰਚੇ ਰੱਦ ਕਰਨ ਦੀ ਮੰਗ ਵੀ ਇਸ ਵਿਚ ਜੁੜ ਗਈ ਹੈ।
ਅਹਿਮ ਗੱਲ ਇਹ ਹੈ ਕਿ ਜਿੱਥੇ ਦਿੱਲੀ ਮੋਰਚੇ ਵਿਚ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਉਥੇ ਸਰਦੀ ਅਤੇ ਬਾਰਿਸ਼ ਦੇ ਮੌਸਮ ਦੇ ਕਹਿਰ ਦੇ ਬਾਵਜੂਦ ਵੀ ਲੋਕਾਂ ਦੀ ਆਮਦ ਘਟੀ ਨਹੀਂ, ਸਗੋਂ ਵੱਧ ਰਹੀ ਹੈ। ਆਏ ਦਿਨ ਨਵੇਂ ਤੋਂ ਨਵੇਂ ਅਧਿਆਏ ਇਸ ਮੋਰਚੇ ਵਿਚ ਜੁੜ ਰਹੇ ਹਨ। ਇਸ ਕਰਕੇ ਸਿੰਘੂ ਬਾਰਡਰ ’ਤੇ ਜੀ.ਟੀ. ਰੋਡ ਨੂੰ ਖੇਡ ਦਾ ਮੈਦਾਨ ਬਣਾ ਕੇ ਲੜਕੀਆਂ ਦੇ ਕਰਵਾਏ ਕਬੱਡੀ ਮੈਚਾਂ ਨੇ ਇਸ ਮੋਰਚੇ ਦੇ ਉਤਸ਼ਾਹ ਅਤੇ ਹੌਂਸਲੇ ਦੀ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਕਿਸਾਨ ਮੋਰਚੇ ਨੂੰ ਲੋਕਾਂ ਦੀ ਹਮਾਇਤ ਦਾ ਆਲਮ ਵੀ ਬੜਾ ਨਿਰਾਲਾ ਹੈ। ਸਿੰਘੂ ਮੋਰਚੇ ਵਿਚ ਸ਼ਾਮਲ ਹੋਣ ਅਤੇ ਹਿੱਸਾ ਪਾਉਣ ਵਿਚ ਸਿਰਫ ਕਿਸਾਨ ਹੀ ਸ਼ਾਮਲ ਨਹੀਂ ਹਨ, ਸਗੋਂ ਹਰ ਰੋਜ਼ ਵੱਡੀ ਗਿਣਤੀ ਵਿਚ ਸ਼ਹਿਰੀ ਖੇਤਰ ਦੇ ਪੜ੍ਹੇ-ਲਿਖੇ ਨੌਜਵਾਨ ਮੁੰਡੇ-ਕੁੜੀਆਂ, ਵਿੱਦਿਅਕ ਸੰਸਥਾਵਾਂ ਦੇ ਅਧਿਆਪਕ ਤੇ ਅਧਿਆਪਿਕਾਵਾਂ, ਸਾਹਿਤਕਾਰ, ਲੇਖਕ, ਕਲਾਕਾਰ, ਗੱਲ ਕੀ ਹਰ ਵਰਗ ਦੇ ਲੋਕ ਉਥੇ ਹਾਜ਼ਰੀ ਲਵਾਉਣ ਜਾਂਦੇ ਹਨ ਅਤੇ ਪਦਾਰਥਕ ਅਤੇ ਵਿੱਤੀ ਸਹਾਇਤਾ ਦੇ ਸਾਰੇ ਰਿਕਾਰਡ ਟੁੱਟ ਰਹੇ ਹਨ। ਦਿੱਲੀ ਦੇ ਸ਼ਹਿਰੀ ਲੋਕਾਂ ਵੱਲੋਂ ਮੋਰਚੇ ਨਾਲ ਦਿਖਾਇਆ ਜਾ ਰਿਹਾ ਲਗਾਅ ਬੇਹੱਦ ਨਿਵੇਕਲਾ ਤੇ ਮਹੱਤਵਪੂਰਨ ਹੈ। ਆਮ ਕਰਕੇ ਸਮਝਿਆ ਜਾਂਦਾ ਹੈ ਕਿ ਦਿੱਲੀ ਵਰਗੇ ਮੈਟਰੋ ਸਿਟੀ ’ਚ ਰਹਿੰਦੇ ਲੋਕ ਇੰਨੇ ਪਦਾਰਥਵਾਦੀ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੇ ਗੁਆਂਢੀਆਂ ਨਾਲ ਵੀ ਕੋਈ ਸਰੋਕਾਰ ਨਹੀਂ ਰਹਿੰਦਾ। ਪਰ ਦਿੱਲੀ ਮੋਰਚੇ ਨੇ ਇਸ ਭਰਮ ਨੂੰ ਤੋੜ ਦਿੱਤਾ ਹੈ। ਦਿੱਲੀ ਤੋਂ ਹਰ ਰੋਜ਼, ਖਾਸਕਰ ਛੁੱਟੀ ਵਾਲੇ ਦਿਨ ਹਜ਼ਾਰਾਂ ਲੋਕ ਪਰਿਵਾਰਾਂ ਸਮੇਤ ਮੋਰਚੇ ਵਿਚ ਹਾਜ਼ਰੀ ਲਵਾਉਣ ਆਉਦੇ ਹਨ। ਇਹ ਲੋਕ ਅਨੇਕ ਤਰ੍ਹਾਂ ਦੇ ਕੱਪੜੇ-ਲੀੜੇ, ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਜ਼ਰੂਰੀ ਸਾਮਾਨ ਤੋਂ ਇਲਾਵਾ ਡਾਕਟਰੀ ਮਦਦ ਵਿਚ ਅਹਿਮ ਹੱਥ ਵਟਾ ਰਹੇ ਹਨ। ਦਿੱਲੀ ਦੇ ਕਈ ਸਨਅਤੀ ਖੇਤਰਾਂ ਵਿਚੋੋਂ ਉਦਮੀ ਨੌਜਵਾਨ ਕਈ-ਕਈ ਵਾਰ ਸਮੱਗਰੀ ਦੇ ਟਰੱਕ ਭਰ-ਭਰ ਕੇ ਦੇਣ ਆਏ ਹਨ। ਕਿਸੇ ਸੰਘਰਸ਼ ਨੂੰ ਇੰਨੀ ਵਿਆਪਕ ਲੋਕ ਹਮਾਇਤ ਦਾ ਵੀ ਸ਼ਾਇਦ ਇਹ ਇਤਿਹਾਸਕ ਵਰਤਾਰਾ ਹੈ। ਲੋਕ ਗੱਲਾਂ ਕਰਦੇ ਹਨ ਕਿ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਵਿਚ ਵੀ ਕਈ ਥਾਂਵਾਂ ’ਤੇ ਲੰਬੇ ਤੇ ਵਿਸ਼ਾਲ ਸੰਘਰਸ਼ ਚੱਲਦੇ ਰਹੇ ਹਨ ਅਤੇ ਇੰਨੀ ਵਿਸ਼ਾਲਤਾ ਅਤੇ ਲੋਕ ਹਮਾਇਤ ਸ਼ਾਇਦ ਹੀ ਕਿਸੇ ਹੋਰ ਸੰਘਰਸ਼ ਦੇ ਪੱਲੇ ਆਈ ਹੋਵੇ।

Share