ਕਿਸਾਨਾਂ ਵੱਲੋਂ ਮਲੋਟ ਵਿਖੇ ਅਬੋਹਰ ਦੇ ਭਾਜਪਾ ਵਿਧਾਇਕ ਦਾ ਹੋਇਆ ਵਿਰੋਧ

149
Share

ਮਲੋਟ, 27 ਮਾਰਚ (ਪੰਜਾਬ ਮੇਲ)- ਕਿਸਾਨ ਜਥੇਬੰਦੀਆਂ ਨੇ ਮਲੋਟ ’ਚ ਭਾਜਪਾ ਦਫਤਰ ’ਚ ਮੀਟਿੰਗ ਕਰਨ ਆਏ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਦਾ ਸਖ਼ਤ ਵਿਰੋਧ ਕੀਤਾ ਅਤੇ ਉਨ੍ਹਾਂ ਦੇ ਚਿਹਰੇ ਅਤੇ ਕਾਰ ’ਤੇ ਕਾਲਖ਼ ਮਲਣ ਤੋਂ ਬਾਅਦ ਉਨ੍ਹਾਂ ਦੇ ਕੱਪੜੇ ਫਾੜ ਕੇ ਨਿਰਵਸਤਰ ਕਰ ਦਿੱਤਾ। ਕਿਸਾਨਾਂ ਤੋਂ ਬਚਾਉਂਦੇ ਹੋਈ ਪੁਲਿਸ ਜਦੋਂ ਉਨ੍ਹਾਂ ਨੂੰ ਭੀੜ ਵਿਚੋਂ ਕੱਢ ਕੇ ਸੁਰੱਖਿਅਤ ਥਾਂ ’ਤੇ ਲਿਆ ਰਹੀ ਸੀ ਤਾਂ ਕਿਸਾਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਉਨ੍ਹਾਂ ਦੇ ਮਗਰ ਪੈ ਗਈਆਂ ਅਤੇ ਇਸ ਖਿੱਚਾ ਧੂਹ ’ਚ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ। ਇਸ ਦੌਰਾਨ ਪ੍ਰਸ਼ਾਸਨ ਨੇ ਭਾਰੀ ਮੁਸ਼ੱਕਤ ਨਾਲ ਉਨ੍ਹਾਂ ਨੂੰ ਉਥੋਂ ਕੱਢ ਕੇ ਇਕ ਹੋਰ ਨੇੜਲੇ ਵਰਕਰ ਦੀ ਦੁਕਾਨ ਵਿਚ ਸੁਰੱਖਿਅਤ ਕੀਤਾ ਗਿਆ। ਖ਼ਬਰ ਲਿਖੇ ਜਾਣ ਤੱਕ ਮਾਹੌਲ ਤਣਾਅਪੂਰਨ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਮਲੋਟ ਵਿਚ ਅਬੋਹਰ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਰੁਣ ਨਾਰੰਗ ’ਤੇ ਹੋਏ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਸਪੀਕਰ ਨੇ ਕਿਹਾ ਕਿ ਲੋਕਤੰਤਰ ’ਚ ਅਜਿਹੀਆਂ ਘਟਨਾਵਾਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਕੇਵਲ ਨਾ-ਬਰਦਾਸ਼ਤ ਯੋਗ ਹੀ ਨਹੀਂ, ਬਲਕਿ ਬਹੁਤ ਨਿੰਦਣਯੋਗ ਵੀ ਹੈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਨ੍ਹਾਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਨੂੰ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਡੀ.ਜੀ.ਪੀ. ਤੋਂ ਇਸ ਘਟਨਾ ਅਤੇ ਕੀਤੀ ਗਈ ਕਾਰਵਾਈ ਬਾਰੇ ਸਮਾਂਬੱਧ ਰਿਪੋਰਟ ਮੰਗੀ ਹੈ।

Share