ਕਿਸਾਨਾਂ ਵਲੋਂ 18 ਨੂੰ ਦੇਸ਼ ਭਰ ‘ਚ ਚਾਰ ਘੰਟੇ ਰੇਲਾਂ ਰੋਕਣ ਦਾ ਐਲਾਨ

263
Share

ਸਿੰਘੂ ਬਾਰਡਰ ‘ਤੇ ਮੀਟਿੰਗ ‘ਚ ਲਏ ਅਹਿਮ ਫ਼ੈਸਲੇ

ਸਿੰਘੂ ਬਾਰਡਰ, (ਦਿੱਲੀ),11 ਫਰਵਰੀ (ਪੰਜਾਬ ਮੇਲ)- ਸੰਯੁਕਤ ਕਿਸਾਨ ਮੋਰਚੇ ਦੀ ਸਿੰਘੂ ਬਾਰਡਰ ਉੱਪਰ ਹੋਈ ਮੀਟਿੰਗ ‘ਚ 18 ਫਰਵਰੀ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਦੇਸ਼ ਭਰ ‘ਚ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ ਅਤੇ 12 ਫਰਵਰੀ ਤੋਂ ਰਾਜਸਥਾਨ ਵਿਚਲੇ ਸਾਰੇ ਟੋਲ ਪਲਾਜ਼ੇ ਮੁਫ਼ਤ ਕਰਨ ਲਈ ਧਰਨੇ ਦਿੱਤੇ ਜਾਣਗੇ | ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਦਿੱਲੀ ‘ਚ ਗਿ੍ਫ਼ਤਾਰ ਕਿਸਾਨਾਂ ਦੀ ਰਿਹਾਈ, ਦਿੱਲੀ ਟਰੈਕਟਰ ਪਰੇਡ ‘ਚ ਸ਼ਾਮਿਲ ਟਰੈਕਟਰ ਮਾਲਕਾਂ ਨੂੰ ਦਿੱਤੇ ਜਾ ਰਹੇ ਨੋਟਿਸ ਬੰਦ ਕਰਾਉਣ ਅਤੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਸਮਰਥਨ ਮੁੱਲ ਨੂੰ ਕਾਨੂੰਨੀ ਰੂਪ ਦਿਵਾਉਣ ਲਈ ਪੂਰੀ ਦਿ੍ੜ੍ਹਤਾ ਨਾਲ ਜਾਰੀ ਰੱਖਿਆ ਜਾਵੇਗਾ | ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਪਹਿਲਾਂ ਕੀਤੀ ਮੀਟਿੰਗ ਦੀ ਪ੍ਰਧਾਨਗੀ ਬਲਦੇਵ ਸਿੰਘ ਨਿਹਾਲਗੜ੍ਹ ਤੇ ਬਾਅਦ ‘ਚ ਸੰਯੁਕਤ ਮੋਰਚੇ ਦੀ ਮੀਟਿੰਗ ਤੇਜਿੰਦਰ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਨ ਪਰ ਗੱਲਬਾਤ ਲਈ ਸੁਖਾਵਾਂ ਮਾਹੌਲ ਬਣਾਉਣ ਲਈ ਸਰਕਾਰ ਨੂੰ ਢੁਕਵੇਂ ਕਦਮ ਚੁੱਕਣੇ ਪੈਣਗੇ | ਕਿਸਾਨ ਮੋਰਚੇ ਦੀ ਅਗਵਾਈ ਵਿਚ ਪੰਜਾਬ ਤੇ ਹਰਿਆਣਾ ਵਿਚ ਟੋਲ-ਪਲਾਜ਼ੇ ਪਹਿਲਾਂ ਹੀ ਮੁਫ਼ਤ ਕਰ ਦਿੱਤੇ ਗਏ ਹਨ, 12 ਫਰਵਰੀ ਤੋਂ ਪੂਰੇ ਰਾਜਸਥਾਨ ਵਿਚ ਸਭ ਟੋਲ ਪਲਾਜ਼ੇ ਮੁਫ਼ਤ ਕਰ ਦਿੱਤੇ ਜਾਣਗੇ | 14 ਫਰਵਰੀ ਨੂੰ ਦੋ ਸਾਲ ਪਹਿਲਾਂ ਪੁਲਵਾਮਾ ਵਿਖੇ ਸ਼ਹੀਦ ਹੋਏ ਸੀ.ਆਰ.ਪੀ.ਐੱਫ਼. ਜਵਾਨਾਂ ਦੀ ਯਾਦ ਵਿਚ ਸ਼ਾਮ ਨੂੰ 7 ਤੋਂ 8 ਵਜੇ ਤੱਕ ਦੇਸ਼ ਭਰ ‘ਚ ਮਸ਼ਾਲਾਂ ਜਗਾ ਕੇ ਤੇ ਮੋਮਬੱਤੀ ਮਾਰਚ ਕੀਤੇ ਜਾਣਗੇ | 16 ਫਰਵਰੀ ਨੂੰ ਕਿਸਾਨ ਮਸੀਹਾ ਵਜੋਂ ਜਾਣੇ ਜਾਂਦੇ ਸਰ ਛੋਟੂ ਰਾਮ ਦੇ ਜਨਮ ਦਿਹਾੜੇ ਨੂੰ ਦੇਸ਼ ਭਰ ‘ਚ ਕਿਸਾਨ-ਮਜ਼ਦੂਰ ਏਕਤਾ ਵਜੋਂ ਮਨਾਇਆ ਜਾਵੇਗਾ | ਮੋਰਚੇ ਨੇ 19 ਫਰਵਰੀ ਨੂੰ ਛਤਰਪਤੀ ਸ਼ਿਵਾ ਜੀ ਮਹਾਰਾਜ ਦੇ ਦਿਹਾੜੇ ਉੱਪਰ ਵੀ ਵਿਸ਼ੇਸ਼ ਸਮਾਗਮ ਕਰਨ ਦਾ ਐਲਾਨ ਕੀਤਾ ਹੈ | ਮੀਟਿੰਗ ਵਿਚ ਕਿਸਾਨ ਮੋਰਚੇ ਵਿਚ ਸ਼ਾਮਿਲ 40 ਜਥੇਬੰਦੀਆਂ ਦੇ ਆਗੂ ਸ਼ਾਮਿਲ ਸਨ | ਇਸ ਤੋਂ ਇਲਾਵਾ ਬੈਠਕ ਵਿਚ ਕਿਸਾਨ ਅੰਦੋਲਨ ਦੌਰਾਨ ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ‘ਤੇ ਵਿਚਾਰ ਕੀਤਾ ਗਿਆ | ਇਸ ਬੈਠਕ ‘ਚ ਪੰਜਾਬ, ਹਰਿਆਣਾ, ਉੱਤਰਾਖੰਡ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਤੋਂ ਕਿਸਾਨ ਜਥੇਬੰਦੀਆ ਦੇ ਆਗੂ ਪਹੁੰਚੇ, ਜਿਨ੍ਹਾਂ ਵਿਚ ਆਲ ਇੰਡੀਅਨ ਕਿਸਾਨ ਤਾਲਮੇਲ ਕਮੇਟੀ ਆਗੂ ਕਵਿਤਾ, ਅਸ਼ੀਸ਼ ਮਿੱਤਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ: ਦਰਸ਼ਨ ਪਾਲ, ਕਿਰਤੀ ਕਿਸਾਨ ਯੂਨੀਅਨ ਡਾ: ਸਤਨਾਮ ਸਿੰਘ ਅਜਨਾਲਾ, ਬਲਦੇਵ ਸਿੰਘ, ਨਿਰਭੈ ਸਿੰਘ ਢੁੱਡੀਕੇ ਆਦਿ ਕਿਸਾਨ ਆਗੂ ਹਾਜ਼ਰ ਸਨ |


Share