ਕਿਸਾਨਾਂ ਵਲੋਂ ਅੰਬਾਨੀ-ਅਡਾਨੀ ਵਪਾਰਕ ਅਦਾਰਿਆਂ ਤੇ ਸੇਵਾਵਾਂ ਦੇ ਬਾਈਕਾਟ ਦਾ ਆਮ ਲੋਕਾਂ ਨੂੰ ਵੀ ਸੱਦਾ

566
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਤੇ ਕਲਾਕਾਰ।
Share

-14 ਮੈਂਬਰੀ ਤਾਲਮੇਲ ਕਮੇਟੀ ਦਾ ਹੋਵੇਗਾ ਗਠਨ
ਚੰਡੀਗੜ੍ਹ, 30 ਸਤੰਬਰ (ਪੰਜਾਬ ਮੇਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੀ ਬੈਠਕ ਮਗਰੋਂ ਕਿਸਾਨ ਜਥੇਬੰਦੀਆਂ ਦੀ ਇਕ ਹੋਰ ਬੈਠਕ ਕਿਸਾਨ ਭਵਨ ਵਿਖੇ ਹੋਈ, ਜਿਸ ਦੌਰਾਨ ਕਈ ਅਹਿਮ ਫ਼ੈਸਲੇ ਲਏ ਗਏ। 31 ਕਿਸਾਨ ਜਥੇਬੰਦੀਆਂ ਦੇ ਕੋਆਰਡੀਨੇਟਰ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਬੈਠਕ ‘ਚ ਫ਼ੈਸਲਾ ਲਿਆ ਗਿਆ ਹੈ ਕਿ ਪੰਜਾਬ ਤੇ ਪੂਰੇ ਭਾਰਤ ਦੇ ਲੋਕਾਂ ਨੂੰ ਅੰਬਾਨੀ ਤੇ ਅਡਾਨੀ ਦੇ ਵਪਾਰਕ ਅਦਾਰਿਆਂ ਤੇ ਸੇਵਾਵਾਂ ਦਾ ਬਾਈਕਾਟ ਕਰਨ ਲਈ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਜਿਥੇ ਅੰਬਾਨੀ-ਅਡਾਨੀ ਦੇ ਵਪਾਰਕ ਅਦਾਰਿਆਂ ਦਾ ਵਿਰੋਧ ਜਾਰੀ ਰਹੇਗਾ ਉਥੇ ਆਮ ਲੋਕਾਂ ਨੂੰ ਵੀ ਸੱਦਾ ਦਿੱਤਾ ਜਾਵੇਗਾ ਕਿ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪਾਂ ਦਾ ਬਾਈਕਾਟ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸ਼ਾਪਿੰਗ ਮਾਲ ਤੇ ਰਿਲਾਇੰਸ ਫਰੈੱਸ਼ ਵਰਗੇ ਅਦਾਰਿਆਂ ਦਾ ਬਾਈਕਾਟ ਵੀ ਕੀਤਾ ਜਾਵੇ। ਇਸ ਦੇ ਇਲਾਵਾ ਰਿਲਾਇੰਸ ਦੇ ਫੋਨਾਂ ਤੇ ਸਿੰਮਾਂ ਦਾ ਬਾਈਕਾਟ ਕਰਨ ਦੇ ਨਾਲ-ਨਾਲ ਅਡਾਨੀ ਦੇ ਪੰਜਾਬ ‘ਚ ਵੱਡੇ-ਵੱਡੇ ਗੁਦਾਮ, ਜੋ ਮੋਗਾ ਨੇੜੇ ਜਾਂ ਕੋਟਕਪੂਰਾ ‘ਚ ਬਣਨ ਜਾ ਰਹੇ ਹਨ, ਦੇ ਵਿਰੋਧ ‘ਚ ਜਨਤਕ ਪ੍ਰੋਗਰਾਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬੈਠਕ ਉਪਰੰਤ 31 ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਪੰਜਾਬੀ ਕਲਾਕਾਰਾਂ ਨਾਲ ਵਿਸ਼ੇਸ਼ ਤੌਰ ‘ਤੇ ਕੀਤੀ ਗਈ, ਜਿਸ ਦੌਰਾਨ ਪੰਜਾਬੀ ਕਲਾਕਾਰਾਂ ਨੇ ਕਿਸਾਨ ਜਥੇਬੰਦੀਆਂ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਉਹ ਇਨ੍ਹਾਂ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਹੇ ਸੰਘਰਸ਼ ਦਾ ਕੇਵਲ ਸਮਰਥਨ ਹੀ ਨਹੀਂ ਕਰਨਗੇ, ਸਗੋਂ ਇਸ ‘ਚ ਵੱਧ ਤੋਂ ਵੱਧ ਸ਼ਮੂਲੀਅਤ ਵੀ ਕਰਨਗੇ। ਇਸ ਮੌਕੇ ਕਿਸਾਨ ਜਥੇਬੰਦੀਆਂ ਤੇ ਕਲਾਕਾਰਾਂ ਦੇ 7-7 ਨੁਮਾਇੰਦਿਆਂ ‘ਤੇ ਆਧਾਰਿਤ ਇਕ 14 ਮੈਂਬਰੀ ਤਾਲਮੇਲ ਕਮੇਟੀ ਬਣਾਉਣ ਦਾ ਵੀ ਫ਼ੈਸਲਾ ਕੀਤਾ ਗਿਆ, ਜਿਸ ਸਬੰਧੀ ਮੀਟਿੰਗ 7 ਅਕਤੂਬਰ ਨੂੰ ਕਿਸਾਨ ਭਵਨ ‘ਚ ਸੱਦੀ ਗਈ ਹੈ। ਬੈਠਕ ‘ਚ ਕਲਾਕਾਰਾਂ ਵਲੋਂ ਦੀਪ ਸਿੱਧੂ, ਸਿੱਪੀ ਗਿੱਲ, ਰੁਪਿੰਦਰ ਹਾਂਡਾ, ਜਸ ਬਾਜਵਾ, ਹਰਫ਼ ਚੀਮਾ, ਸਿਮਰਨਜੀਤ ਕੌਰ ਗਿੱਲ, ਹਰਵਿੰਦਰ ਸਿੰਘ ਔਲਖ, ਚਮਕੌਰ ਸਿੰਘ ਵੜੈਚ, ਹਰਪ੍ਰੀਤ ਸਿੰਘ ਦੇਵਗਨ, ਜਗਦੀਪ ਰੰਧਾਵਾ, ਸੁਖਦੀਪ ਸਿੰਘ ਅਜ਼ਾਦ, ਗੁਰਦੀਪ ਸਿੰਘ ਤੇ ਲੱਖਾ ਸਿੰਘ ਸਿਧਾਣਾ ਵੀ ਸ਼ਾਮਿਲ ਸਨ, ਜਦਕਿ ਕਿਸਾਨ ਜਥੇਬੰਦੀਆਂ ਵਲੋਂ ਡਾ. ਦਰਸ਼ਨਪਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ, ਜਗਮੋਹਨ ਸਿੰਘ ਪਟਿਆਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਦਾ, ਬਲਦੇਵ ਸਿੰਘ ਨਿਹਾਲਗੜ੍ਹ ਜਨਰਲ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਨਿਰਭੈ ਸਿੰਘ ਢੁੱਡੀਕੇ ਕਿਰਤੀ ਕਿਸਾਨ ਯੂਨੀਅਨ, ਰੁਲਦੂ ਸਿੰਘ ਮਾਨਸਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਮੇਜਰ ਸਿੰਘ ਪੁੰਨਾਵਾਲ ਜਨਰਲ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਇੰਦਰਜੀਤ ਸਿੰਘ ਕੋਟ ਬੁੱਢਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਨਿਰਵੈਲ ਸਿੰਘ ਡਾਲੇਕੇ ਜਨਰਲ ਸਕੱਤਰ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।


Share