ਕਿਸਾਨਾਂ ਨੇ ਸਿੰਘੂ ਬਾਰਡਰ ਤੋਂ ਇੱਕ ਸ਼ੱਕੀ ਨੂੰ ਫੜਿਆ

205
Share

26 ਜਨਵਰੀ ਨੂੰ ਕੁੱਝ ਗਲਤ ਹੋਣ ‘ਤੇ ਮੰਚ ‘ਤੇ ਬੈਠਣ ਵਾਲੇ ਚਾਰ ਕਿਸਾਨ ਆਗੂਆਂ ਨੂੰ ਗੋਲੀ ਮਾਰਨ ਦੀ ਰਚੀ ਸਾਜ਼ਿਸ਼

ਨਵੀਂ ਦਿੱਲੀ, 22 ਜਨਵਰੀ (ਪੰਜਾਬ ਮੇਲ)- ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਧਰਨਾ ਦੇ ਰਹੇ ਕਿਸਾਨ 26 ਮਾਰਚ ਨੂੰ ਟ੍ਰੈਕਟਰ ਰੈਲੀ ਕੱਢਣ ‘ਤੇ ਅੜੇ ਹਨ। ਸਰਕਾਰ ਵਲੋਂ ਕਾਨੂੰਨ ਮੁਲਤਵੀ ਕਰਨ ਦਾ ਪ੍ਰਸਤਾਵ ਕਿਸਾਨ ਖਾਰਿਜ ਕਰ ਚੁੱਕੇ ਹਨ। ਦਿੱਲੀ ਪੁਲਸ ਵਲੋਂ ਗਣਤੰਤਰ ਦਿਵਸ ਦੇ ਦਿਨ ਸੁਰੱਖਿਆ ਵਿਵਸਥਾ ਦਾ ਹਵਾਲਾ ਦੇ ਕੇ ਟ੍ਰੈਕਟਰ ਰੈਲੀ ਕੱਢਣ ਤੋਂ ਕਿਸਾਨਾਂ ਨੂੰ ਰੋਕਣ ਲਈ ਅਸਫਲ ਰਹੀ ਹੈ। ਹੁਣ ਕਿਸਾਨਾਂ ਨੇ ਅੜਿੱਕਾ ਪਾਉਣ ਦੀ ਸਾਜ਼ਿਸ਼ ਰਚੇ ਜਾਣ ਦਾ ਦੋਸ਼ ਲਗਾਇਆ ਹੈ। ਕਿਸਾਨਾਂ ਨੇ ਸਿੰਘੂ ਬਾਰਡਰ ਤੋਂ ਇੱਕ ਸ਼ੱਕੀ ਨੂੰ ਫੜਿਆ ਹੈ। ਕਿਸਾਨਾਂ ਨੇ ਸਿੰਘੂ ਬਾਰਡਰ ਤੋਂ ਜਿਸ ਸ਼ੱਕੀ ਨੂੰ ਫੜਿਆ ਹੈ, ਉਸ ਨੇ ਕਥਿਤ ਤੌਰ ‘ਤੇ ਇੱਕ ਪੁਲਸ ਅਧਿਕਾਰੀ ਦਾ ਨਾਮ ਲਿਆ ਹੈ। ਸ਼ੱਕੀ ਦਾ ਕਹਿਣਾ ਹੈ ਕਿ ਇਸ ਅਧਿਕਾਰੀ ਨੇ 26 ਜਨਵਰੀ ਨੂੰ ਕੁੱਝ ਗਲਤ ਹੋਣ ‘ਤੇ ਮੰਚ ‘ਤੇ ਬੈਠਣ ਵਾਲੇ ਚਾਰ ਕਿਸਾਨ ਆਗੂਆਂ ਨੂੰ ਗੋਲੀ ਮਾਰਨ ਦੀ ਸਾਜ਼ਿਸ਼ ਰਚੀ ਹੈ। ਅਧਿਕਾਰੀ ਨੇ ਉਨ੍ਹਾਂ ਚਾਰ ਆਗੂਆਂ ਦੀ ਤਸਵੀਰ ਵੀ ਸਾਂਝੀ ਕਰ ਰੱਖੀ ਹੈ। ਕਿਸਾਨਾਂ ਨੇ ਫੜੇ ਗਏ ਸ਼ੱਕੀ ਨੂੰ ਮੀਡੀਆ ਸਾਹਮਣੇ ਵੀ ਪੇਸ਼ ਕੀਤਾ। ਸ਼ੱਕੀ ਨੇ ਖੁਲਾਸਾ ਕੀਤਾ ਹੈ ਕਿ ਪ੍ਰਦਰਸ਼ਨਕਾਰੀ ਕਿਸਾਨ ਹਥਿਆਰ ਲੈ ਕੇ ਜਾ ਰਹੇ ਹਨ ਜਾਂ ਨਹੀਂ, ਇਹ ਪਤਾ ਲਗਾਉਣ ਲਈ ਦੋ ਟੀਮਾਂ ਲਗਾਈ ਗਈਆਂ ਹਨ। ਉਹ ਖੁਦ 19 ਜਨਵਰੀ ਤੋਂ ਸਿੰਘੂ ਬਾਰਡਰ ‘ਤੇ ਹੈ। ਉਸ ਨੇ ਕਿਹਾ ਕਿ 26 ਜਨਵਰੀ ਦੇ ਦਿਨ ਉਨ੍ਹਾਂ ਦੀ ਯੋਜਨਾ ਪ੍ਰਦਰਸ਼ਨਕਾਰੀ ਕਿਸਾਨਾਂ ਵਿੱਚ ਹੀ ਮਿਲ ਜਾਣ ਦੀ ਸੀ। ਜੇਕਰ ਪ੍ਰਦਰਸ਼ਨਕਾਰੀ ਪਰੇਡ ਦੇ ਨਾਲ ਨਿਕਲਦੇ ਤਾਂ ਸਾਨੂੰ ਉਨ੍ਹਾਂ ‘ਤੇ ਫਾਇਰ ਕਰਨ ਲਈ ਕਿਹਾ ਗਿਆ ਸੀ। ਇਸ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਸਾਡਾ ਸਭ ਤੋਂ ਭੈੜਾ ਡਰ ਸੱਚ ਹੋ ਰਿਹਾ ਹੈ। ਉਹ ਕਿਸਾਨ ਅੰਦੋਲਨ ਨੂੰ ਕਿਸ ਤਰ੍ਹਾਂ ਖ਼ਤਮ ਕਰਨਾ ਚਾਹੁੰਦੇ ਹਨ? ਕਿਸਾਨ ਨੇਤਾ ਜਗਜੀਤ ਸਿੰਘ ਦਲੇਵਾਲ ਨੇ ਕਿਹਾ ਕਿ ਫੜੇ ਗਏ ਸ਼ੱਕੀ ਨੇ ਪ੍ਰਦਰਸ਼ਨਕਾਰੀਆਂ ‘ਤੇ ਪ੍ਰਦਰਸ਼ਨ ਵਾਲੀ ਥਾਂ ਦੇ ਕਰੀਬ ਇੱਕ ਕੁੜੀ ਵਲੋਂ ਛੇੜਛਾੜ ਦਾ ਇਲਜ਼ਾਮ ਲਗਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੂੰ ਫੜਿਆ ਗਿਆ, ਉਸ ਨੇ ਇਹ ਸਵੀਕਾਰ ਕੀਤਾ ਕਿ ਉਹ ਇਹ ਦੇਖਣ ਲਈ ਹੰਗਾਮਾ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਕਿਸੇ ਪ੍ਰਦਰਸ਼ਨਕਾਰੀ ਕੋਲ ਕੋਈ ਹਥਿਆਰ ਤਾਂ ਨਹੀਂ। ਬਾਅਦ ਵਿੱਚ ਉਸ ਨੇ ਕਈ ਖੁਲਾਸੇ ਕੀਤੇ।


Share