ਕਿਸਾਨਾਂ ਨੇ ਵਰਤ ਰੱਖ ਕੇ ਸਦਭਾਵਨਾ ਦਿਵਸ ਮਨਾਇਆ

466
Share

ਨਵੀਂ ਦਿੱਲੀ, 31 ਜਨਵਰੀ (ਪੰਜਾਬ ਮੇਲ)- ਦਿੱਲੀ ਦੇ ਤਿੰਨ ਮੁੱਖ ਬਾਰਡਰਾਂ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ’ਤੇ ਡਟੇ ਕਿਸਾਨਾਂ ਨੇ ‘ਸਦਭਾਵਨਾ ਦਿਵਸ’ ਮਨਾਇਆ। ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸ਼ਾਂਤਮਈ ਤਰੀਕੇ ਨਾਲ ਇਹ ਅੰਦੋਲਨ ਚਲਾ ਕੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਏ ਜਾਣਗੇ। ਤਿੰਨੋਂ ਮੋਰਚਿਆਂ ’ਤੇ ਕਿਸਾਨ ਆਗੂਆਂ ਨੇ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਵਰਤ ਰੱਖੇ। ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸਦਭਾਵਨਾ ਦਿਵਸ ਮਨਾਉਂਦਿਆਂ ਕਿਸਾਨਾਂ ਨੇ ਵਰਤ ਰੱਖੇ।

ਸਿੰਘੂ ਬਾਰਡਰ ’ਤੇ ਭੁੱਖ ਹੜਤਾਲ ਵਿੱਚ ਕਿਸਾਨ ਆਗੂ ਸ਼ਾਮਲ ਹੋਏ ਅਤੇ ਉਨ੍ਹਾਂ ਆਪਣੇ ਭਾਸ਼ਣਾਂ ਨਾਲ ਕਿਸਾਨਾਂ ਵਿੱਚ ਨਵੀਂ ਰੂਹ ਫੂਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅਰਦਾਸ ਕਰਕੇ ਕਿਸਾਨਾਂ ਨੂੰ ਭੁੱਖ ਹੜਤਾਲ ਉਪਰ ਬਿਠਾਇਆ ਗਿਆ। ਕਿਸਾਨ ਆਗੂ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਹਿੰਦੂ-ਸਿੱਖਾਂ ਅਤੇ ਪੰਜਾਬ-ਹਰਿਆਣਾ ਦੇ ਕਿਸਾਨਾਂ ਵਿੱਚ ਵਖਰੇਵੇਂ ਪਾਉਣ ਦੀ ਚਾਲ ਖ਼ੁਦ ਕਿਸਾਨਾਂ ਨੇ ਹੀ ਤਿੰਨ ਮੁੱਖ ਮੋਰਚਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਨਾਕਾਮ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਬਰ ਨੂੰ ਦੇਖ ਕੇ ਸੁਰੱਖਿਆ ਬਲ ਵੀ ਹੈਰਾਨ ਰਹਿ ਗਏ ਹਨ। ਟਿਕਰੀ ਬਾਰਡਰ ’ਤੇ ਦੱਖਣੀ ਹਰਿਆਣਾ ਦੇ ਕਿਸਾਨਾਂ ਨੇ ਪਰਿਵਾਰਾਂ ਸਮੇਤ ਟਰੈਕਟਰ ਟਰਾਲੀਆਂ ਨਾਲ ਭਰਵੀਂ ਸ਼ਮੂਲੀਅਤ ਕੀਤੀ ਅਤੇ ਸਦਭਾਵਨਾ ਸਮਾਗਮ ਵਿੱਚ ਹਿੱਸਾ ਲਿਆ। ਬੁਲਾਰਿਆਂ ਨੇ ਕਿਸਾਨੀ ਘੋਲ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦਾ ਹੋਕਾ ਦਿੱਤਾ। ਟਿਕਰੀ ਸਰਹੱਦ ’ਤੇ ਕਿਸਾਨਾਂ ਨੇ ਟਰਾਲੀਆਂ ਪੱਕੇ ਤੌਰ ’ਤੇ ਖੜ੍ਹੀਆਂ ਕਰ ਲਈਆਂ ਹਨ। ਉਧਰ ਗਾਜ਼ੀਪੁਰ ਅਤੇ ਹੋਰ ਬਾਰਡਰਾਂ ’ਤੇ ਕਿਸਾਨਾਂ ਦੀ ਗਿਣਤੀ ਵੱਧਣ ਕਰਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਹੰਝੂ ਵਹਿਣ ਦਾ ਅਸਰ ਸਭ ਨੇ ਦੇਖ ਲਿਆ ਹੈ ਅਤੇ ਹੁਣ ਅੰਦੋਲਨ ਹੋਰ ਮਜ਼ਬੂਤ ਹੋਵੇਗਾ। ਹਿੰਸਾ ਦੇ ਮਾਮਲੇ ਵਿੱਚ ਮੁਕੱਦਮਾ ਦਰਜ ਹੋਣ ’ਤੇ ਉਨ੍ਹਾਂ ਕਿਹਾ,‘‘ਹੁਣ ਜੇਲ੍ਹਾਂ ਵੀ ਭਰੀਆਂ ਜਾਣਗੀਆਂ ਅਤੇ ਅੰਦੋਲਨ ਵੀ ਚੱਲੇਗਾ ਨਾਲ ਹੀ ਕਾਨੂੰਨ ਦੀ ਪਾਲਣਾ ਵੀ ਕੀਤੀ ਜਾਵੇਗੀ। ਜੇਕਰ ਜੇਲ੍ਹ ਜਾਣਾ ਪਿਆ ਤਾਂ ਅੰਦੋਲਨ ਕਿਸਾਨ ਚਲਾਉਣਗੇ।’’ ਉਨ੍ਹਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਨਾਲ ਜੁੜੇ ਲੋਕਾਂ ਨੂੰ ਮੰਚ ਉਪਰ ਥਾਂ ਨਹੀਂ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਕਿਸੇ ਸਿਆਸੀ ਧਿਰ ਨੂੰ ਵੋਟਾਂ ਦੇਣ ਦਾ ਕੋਈ ਸੁਨੇਹਾ ਜਾਂ ਸੱਦਾ ਦਿੱਤਾ ਜਾ ਰਿਹਾ ਹੈ।

ਉਧਰ ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਪ੍ਰਧਾਨ ਨਰੇਸ਼ ਟਿਕੈਤ ਨੇ ਐਲਾਨ ਕੀਤਾ ਕਿ ਬਾਗਪਤ ’ਚ ਪੰਚਾਇਤ ਮਗਰੋਂ ਅੰਦੋਲਨ ਨੂੰ ਤੇਜ਼ੀ ਦਿੱਤੀ ਜਾਵੇਗੀ। ਭਾਜਪਾ ਤੋਂ ਖਫ਼ਾ ਹੋਣ ਬਾਰੇ ਉਨ੍ਹਾਂ ਕਿਹਾ, ‘‘ਨਾਰਾਜ਼ਗੀ ਤਾਂ ਆਪਣਿਆਂ ਨਾਲ ਹੀ ਹੁੰਦੀ ਹੈ। ਜਦੋਂ ਅਸੀਂ ਬਰਾਬਰ-ਬਰਾਬਰ ਚੱਲਾਂਗੇ ਤਾਂ ਉਹੀ ਠਿੱਬੀ ਮਾਰੇਗਾ ਜੋ ਬਰਾਬਰ ਜਾ ਰਿਹਾ ਹੋਵੇਗਾ।’’ ਗਾਜ਼ੀਪੁਰ ’ਚ ਸ੍ਰੀ ਟਿਕੈਤ ਦਾ ਸਨਮਾਨ ਕਰਨ ਲਈ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ, ਬਲਦੇਵ ਸਿੰਘ ਸਿਰਸਾ, ਪਲਮਿੰਦਰ ਸਿੰਘ ਪਾਲਮਾਜਰਾ, ਬਲਵੰਤ ਸਿੰਘ, ਸੁਖਵਿੰਦਰ ਸਿੰਘ ਬੜਵਾ ਅਤੇ ਸਾਂਝੀ ਸੱਥ ਦੇ ਅਹੁਦੇਦਾਰ ਸੁਖਦੇਵ ਸਿੰਘ ਅੰਮ੍ਰਿਤਸਰ ਸਮੇਤ ਹੋਰ ਲੋਕ ਪਹੁੰਚੇ। ਲੱਖੋਵਾਲ ਨੇ ਕਿਹਾ ਕਿ ਕਿਸਾਨ ਮੋਰਚਿਆਂ ਉਪਰ ਕਿਸਾਨ ਵਹੀਰਾਂ ਘੱਤ ਕੇ ਪਹੁੰਚ ਰਹੇ ਹਨ। ਦਿੱਲੀ ਪੁਲੀਸ ਵੱਲੋਂ ਗਾਜ਼ੀਪੁਰ ਧਰਨੇ ਦੀ ਡਰੋਨ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਸ ਸਥਾਨ ਵੱਲ ਜਾਂਦੇ ਮਾਰਗ ਬੰਦ ਕਰ ਦਿੱਤੇ ਗਏ ਹਨ।


Share