
ਨਵੀਂ ਦਿੱਲੀ, 1 ਫਰਵਰੀ (ਪੰਜਾਬ ਮੇਲ)- ਕਿਸਾਨਾਂ ਦੇ ਪ੍ਰਦਰਸ਼ਨ ਦੀ ਮੁੱਖ ਥਾਂ ਸਿੰਘੂ ਬਾਰਡਰ ’ਤੇ ਪੁਲਸ ਦੀ ਦੇਖ-ਰੇਖ ਵਿਚ ਮਜ਼ਦੂਰ ਸੀਮੈਂਟ ਦੇ ਬੈਰੀਕੇਡਜ਼ ਦੀਆਂ ਦੋ ਕਤਾਰਾਂ ਵਿਚ ਲੋਹੇ ਦੀਆਂ ਛੜਾਂ ਲਾਉਂਦੇ ਹੋਏ ਵੇਖੇ ਗਏ। ਪੁਲਸ ਵਲੋਂ ਅਜਿਹਾ ਇਸ ਲਈ ਕੀਤਾ ਗਿਆ, ਤਾਂ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਆਵਾਜਾਈ ਸੀਮਤ ਕੀਤੀ ਜਾ ਸਕੇ। ਇਸ ਤਰ੍ਹਾਂ ਦਿੱਲੀ-ਹਰਿਆਣਆ ਬਾਰਡਰ ਦਾ ਇਕ ਹਿੱਸਾ ਹੁਣ ਇਕ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ, ਕਿਉਂਕਿ ਸੀਮੈਂਟ ਦੀ ਅਸਥਾਈ ਕੰਧ ਵੀ ਖੜ੍ਹੀ ਕਰ ਦਿੱਤੀ ਜਾਵੇਗੀ।
ਦੱਸ ਦੇਈਏ ਕਿ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਹੋਈ ਹਿੰਸਕ ਝੜਪ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ। ਸਿੰਘੂ ਬਾਰਡਰ 60 ਤੋਂ ਵਧੇਰੇ ਦਿਨਾਂ ਤੋਂ ਕਿਸਾਨ ਪ੍ਰਦਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ। ਸੋਮਵਾਰ ਨੂੰ ਸਿੰਘੂ ਸਰਹੱਦ ’ਤੇ ਦਿੱਲੀ ਵੱਲ ਘੱਟ ਪ੍ਰਦਰਸ਼ਨਕਾਰੀ ਨਜ਼ਰ ਆਏ ਪਰ ਹਰਿਆਣਾ ਵੱਲ ਉਨ੍ਹਾਂ ਦੀ ਵੱਡੀ ਗਿਣਤੀ ਸੀ। ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਜ਼ੋਰਦਾਰ ਭਾਸ਼ਣ ਦਿੱਤੇ ਜਾ ਰਹੇ ਸਨ ਅਤੇ ਇਸ ਅੰਦੋਲਨ ਪ੍ਰਤੀ ਇਕਜੁਟਤਾ ਦੀ ਅਪੀਲ ਕੀਤੀ ਜਾ ਰਹੀ ਸੀ। ਹਾਲਾਂਕਿ ਕਿਸਾਨਾਂ ਅਤੇ ਆਗੂਆਂ ਦਾ ਜੋਸ਼ ਘੱਟ ਨਜ਼ਰ ਨਹੀਂ ਆਇਆ ਅਤੇ ਉਨ੍ਹਾਂ ਨੇ ਕਿਹਾ ਕਿ ਸਾਡੇ ਚਾਰੋਂ ਪਾਸੇ ਰੱਖੇ ਗਏ ਬੈਰੀਕੇਡਜ਼ ਸਾਡੇ ਜੋਸ਼ ਨੂੰ ਕੈਦ ਨਹੀਂ ਕਰ ਸਕਦੇ। ਉਨ੍ਹਾਂ ਸਾਰਿਆਂ ਨੇ ਦੋਸ਼ ਲਾਇਆ ਕਿ 26 ਜਨਵਰੀ ਨੂੰ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਗਈ ਸੀ ਅਤੇ ਅਜਿਹੀਆਂ ਹੋਰ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੰਦੋਲਨ ਹੋਰ ਮਜ਼ਬੂਤ ਹੋ ਕੇ ਉੱਭਰਿਆ ਹੈ।