ਕਿਸਾਨਾਂ ਦੇ ਮੁੱਦੇ ’ਤੇ ਰਾਜ ਸਭਾ ’ਚ ਵਿਰੋਧੀ ਪਾਰਟੀਆਂ ਵੱਲੋਂ ਹੰਗਾਮਾ

402
ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਨਾਅਰੇਬਾਜ਼ੀ ਕਰਦੇ ਹੋਏ।
Share

-ਰਾਜ ਸਭਾ ’ਚੋਂ ਕੀਤਾ ਵਾਕਆਊਟ
ਨਵੀਂ ਦਿੱਲੀ, 3 ਫਰਵਰੀ (ਪੰਜਾਬ ਮੇਲ)- ਬਜਟ ਇਜਲਾਸ ਦੇ ਤੀਜੇ ਦਿਨ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨਾਂ ਦੇ ਮੁੱਦੇ ’ਤੇ ਰਾਜ ਸਭਾ ’ਚ ਖਾਸਾ ਰੌਲਾ-ਰੱਪਾ ਪਿਆ। ਕਾਂਗਰਸ ਸਮੇਤ ਹੋਰਨਾਂ ਵਿਰੋਧੀ ਧਿਰਾਂ ਨੇ ਸਦਨ ਦਾ ਵਿਧਾਨਕ ਕੰਮਕਾਜ ਮੁਅੱਤਲ ਕਰਕੇ ਕਿਸਾਨਾਂ ਦੇ ਸੰਘਰਸ਼ ’ਤੇ ਚਰਚਾ ਦੀ ਮੰਗ ਕੀਤੀ, ਜਿਸ ਨੂੰ ਰਾਜ ਸਭਾ ਦੇ ਚੇਅਰਮੈਨ ਐੱਮ.ਵੈਂਕੱਈਆ ਨਾਇਡੂ ਨੇ ਰੱਦ ਕਰ ਦਿੱਤਾ। ਕਾਂਗਰਸ, ਲੈਫ਼ਟ, ਡੀ.ਐੱਮ.ਕੇ. ਤੇ ਤਿ੍ਰਣਮੂਲ ਕਾਂਗਰਸ ਸਮੇਤ ਹੋਰਨਾਂ ਵਿਰੋਧੀ ਪਾਰਟੀਆਂ ਨੇ ਸਦਨ ’ਚੋਂ ਵਾਕਆਊਟ ਵੀ ਕੀਤਾ। ਉਂਜ ਵਿਰੋਧੀ ਧਿਰਾਂ ਦੇ ਆਪਣੀ ਮੰਗ ’ਤੇ ਅੜੇ ਰਹਿਣ ਕਰਕੇ ਉਪਰਲੇ ਸਦਨ ਨੂੰ ਤਿੰਨ ਵਾਰ ਮੁਲਤਵੀ ਕਰਨਾ ਪਿਆ। ਸਦਨ ਜਦੋਂ ਚੌਥੀ ਵਾਰ ਜੁੜਨ ਮੌਕੇ ਵੀ ਵਿਰੋਧੀ ਧਿਰਾਂ ਆਪਣੀ ਮੰਗ ’ਤੇ ਕਾਇਮ ਰਹਿੰਦਿਆਂ ਸਦਨ ਦੇ ਐਨ ਵਿਚਾਲੇ ਆ ਕੇ ਨਾਅਰੇਬਾਜ਼ੀ ਕਰਦੀਆਂ ਰਹੀਆਂ ਤਾਂ ਚੇਅਰਮੈਨ ਨੇ ਰਾਜ ਸਭਾ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤਾ।
ਵਿਰੋਧੀ ਪਾਰਟੀਆਂ ਨੇ ਨੇਮ 267 ਤਹਿਤ ਨੋਟਿਸ ਦਿੰਦਿਆਂ ਰਾਜ ਸਭਾ ਵਿਚ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਮੁੱਦੇ ’ਤੇ ਚਰਚਾ ਕਰਵਾਉਣ ਦੀ ਮੰਗ ਕੀਤੀ ਸੀ। ਜਦੋਂ ਸਦਨ ਜੁੜਿਆ, ਤਾਂ ਚੇਅਰਮੈਨ ਐੱਮ. ਵੈਂਕੱਈਆ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਮਿਲਿਆ ਹੈ, ਪਰ ਇਸ ਮੁੱਦੇ ਨੂੰ ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਮਤੇ ਦੌਰਾਨ ਚੁੱਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਦੌਰਾਨ ਕਿਸਾਨ ਅੰਦੋਲਨ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਨੋਟਿਸ ਰੱਦ ਕਰਦਿਆਂ ਕਿਹਾ, ‘ਅਸੀਂ ਰਾਸ਼ਟਰਪਤੀ ਦੇ ਸੰਬੋਧਨ ’ਤੇ ਧੰਨਵਾਦ ਮਤੇ ਬਾਰੇ ਚਰਚਾ ਸ਼ੁਰੂ ਕਰਨੀ ਹੈ ਤੇ ਮੈਂਬਰ ਉਸ ਵਿਚ ਸ਼ਾਮਲ ਹੋ ਕੇ ਆਪਣੀ ਗੱਲ ਰੱਖ ਸਕਦੇ ਹਨ।’ ਉਨ੍ਹਾਂ ਕਿਹਾ ਕਿ ਸਰਕਾਰ ਤੇ ਕਿਸਾਨ ਜਥੇਬੰਦੀਆਂ ਦਰਮਿਆਨ ਹੁਣ ਤੱਕ ਕਈ ਗੇੜਾਂ ਦੀ ਗੱਲਬਾਤ ਹੋ ਚੁੱਕੀ ਹੈ ਤੇ ‘ਮੈਂ ਇਸ ਮੁੱਦੇ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਦੇ ਤੁਹਾਡੇ ਫਿਕਰ ਨੂੰ ਸਮਝਦਾ ਹਾਂ।’
ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਸੀਨੀਅਰ ਕਾਂਗਰਸ ਲੀਡਰ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਡੇਰੇ ਲਾਈ ਬੈਠੇ ਹਨ, ਲਿਹਾਜ਼ਾ ਇਸ ਮੁੱਦੇ ’ਤੇ ਚਰਚਾ ਕਰਨੀ ਬਣਦੀ ਹੈ। ਤਿ੍ਰਣਮੂਲ ਕਾਂਗਰਸ ਦੇ ਸੁਖੇਂਦੂ ਸ਼ੇਖਰ ਰੌਏ ਨੇ ਕਿਹਾ ਕਿ ਇਸ ਸਦਨ ਨੂੰ ਨਹੀਂ ਪਤਾ ਕਿ ਸਰਕਾਰ ਤੇ ਕਿਸਾਨਾਂ ਵਿਚਾਲੇ ਕੀ ਚੱਲ ਰਿਹੈ ਤੇ ਸਦਨ ਨੂੰ ਚਾਹੀਦਾ ਹੈ ਕਿ ਉਹ ਧੰਨਵਾਦ ਮਤੇ ਤੋਂ ਵੱਖਰਾ ਇਸ ਮੁੱਦੇ ਬਾਰੇ ਚਰਚਾ ਕਰੇ। ਸੀ.ਪੀ.ਆਈ. ਆਗੂ ਏੇਲਾਮਾਰਮ ਕਰੀਮ ਨੇ ਕਿਹਾ ਕਿ ਧਰਨੇ ਵਾਲੀਆਂ ਥਾਵਾਂ ਦਾ ਪਾਣੀ ਤੇ ਬਿਜਲੀ ਕੱਟੀ ਗਈ ਹੈ। ਡੀ.ਐੱਮ.ਕੇ. ਆਗੂ ਤਿਰੁਚੀ ਸ਼ਿਵਾ ਨੇ ਕਿਹਾ ਕਿ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਅਤਿ ਦੀ ਠੰਢ ਵਿਚ ਸੜਕਾਂ ’ਤੇ ਬੈਠੇ ਹਨ। ਆਰ.ਜੇ.ਡੀ. ਦੇ ਮਨੋਜ ਝਾਅ ਨੇ ਕਿਹਾ ਕਿ ਸੰਸਦ ਇਸ ਮੁੱਦੇ ’ਤੇ ਘੱਟੋ-ਘੱਟ ਚਰਚਾ ਤਾਂ ਕਰੇ। ਨਾਇਡੂ ਜਦੋਂ ਵਿਰੋਧੀ ਧਿਰਾਂ ਦੀ ਮੰਗ ਲਈ ਸਹਿਮਤ ਨਾ ਹੋਏ ਤਾਂ ਕਾਂਗਰਸ, ਲੈਫਟ, ਟੀ.ਐੱਮ.ਸੀ., ਡੀ.ਐੱਮ.ਕੇ. ਤੇ ਆਰ.ਜੇ.ਡੀ. ਮੈਂਬਰ ਸਦਨ ’ਚੋਂ ਵਾਕਆਊਟ ਕਰ ਗਏ। ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਸਦਨ ਦੇ ਐਨ ਵਿਚਾਲੇ ਜਾ ਕੇ ਨਾਅਰੇਬਾਜ਼ੀ ਵੀ ਕੀਤੀ ਤੇ ਨਾਇਡੂ ਉਨ੍ਹਾਂ ਨੂੰ ਆਪਣੀਆਂ ਸੀਟਾਂ ’ਤੇ ਮੁੜਨ ਲਈ ਵੀ ਆਖਦੇ ਰਹੇ। ਉਨ੍ਹਾਂ ਕਿਹਾ ਕਿ ‘ਮੈਂਬਰ ਆਪਣੀਆਂ ਸੀਟਾਂ ’ਤੇ ਮੁੜ ਜਾਣ ਤੇ ਸਦਨ ਨੂੰ ਚੱਲਣ ਦਿੱਤਾ ਜਾਵੇ। ਤੁਹਾਡੇ ’ਚੋਂ ਕਈਆਂ ਨੇ ਪਿਛਲੀ ਵਾਰ ਪ੍ਰਸ਼ਨ ਕਾਲ ਨਾ ਹੋਣ ਨੂੰ ‘ਜਮਹੂਰੀਅਤ ਦਾ ਕਤਲ’ ਦੱਸਿਆ ਸੀ।’ ਉਂਜ ਸਦਨ ’ਚ ਵਿਧਾਨਕ ਕਾਰਵਾਈ ਵਜੋਂ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ (ਸੋਧ) ਬਿੱਲ 2020 ਸਮੇਤ ਕੁੱਲ ਚਾਰ ਬਿੱਲ ਸੂਚੀਬੰਦ ਸੀ।

Share