ਕਿਸਾਨਾਂ ਦਾ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਘਰ ਕੋਲ ਧਰਨਾ

780
Share

-ਦੂਜੇ ਰਾਹ ਤੋਂ ਪੁਲਿਸ ਲਾਈਨ ਪੁੱਜੇ ਉਪ ਮੁੱਖ ਮੰਤਰੀ ਤੇ ਉਥੋਂ ਹੈਲੀਕਾਪਟਰ ਰਾਹੀਂ ਨਿਕਲੇ
ਸਿਰਸਾ, 26 ਫਰਵਰੀ (ਪੰਜਾਬ ਮੇਲ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਕਾਲੇ ਝੰਡੇ ਦਿਖਾਉਣ ਜਾਂਦੇ ਕਿਸਾਨਾਂ ਨੂੰ ਪੁਲਿਸ ਨੇ ਬਾਬਾ ਭੂਮਣ ਸ਼ਾਹ ਚੌਕ ’ਤੇ ਰੋਕ ਲਿਆ। ਇਥੇ ਕਈ ਘੰਟੇ ਧਰਨਾ ਚੱਲਦਾ ਰਿਹਾ। ਇਸ ਤੋਂ ਬਾਅਦ ਸ੍ਰੀ ਚੌਟਾਲਾ ਦੂਜੇ ਰਾਹ ਤੋਂ ਪੁਲਿਸ ਲਾਈਨ ਪੁੱਜੇ ਤੇ ਉਥੋਂ ਹੈਲੀਕਾਪਟਰ ਰਾਹੀਂ ਨਿਕਲ ਗਏ। ਕਿਸਾਨਾਂ ਨੇ ਇਸ ਤੋਂ ਬਾਅਦ ਹੈਲੀਕਾਪਟਰ ’ਤੇ ਜਾਂਦੇ ਉਪ ਮੁੱਖ ਮੰਤਰੀ ਨੂੰ ਵੀ ਕਾਲੇ ਝੰਡੇ ਦਿਖਾਏ। ਇਸ ਤੋਂ ਪਹਿਲਾਂ ਕਿਸਾਨ ਸਿੱਖਿਆ ਮੰਤਰੀ ਕੰਵਰ ਪਾਲ ਗੁੱਜਰ ਨੂੰ ਕਾਲੇ ਝੰਡੇ ਦਿਖਾਉਣ ਲਈ ਜਨਤਾ ਭਵਨ ਪੁੱਜੇ ਸਨ ਪਰ ਸਿੱਖਿਆ ਮੰਤਰੀ ਦਾ ਪ੍ਰੋਗਰਾਮ ਪਹਿਲਾਂ ਹੀ ਮੁਲਤਵੀ ਹੋ ਚੁੱਕਿਆ ਸੀ। ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰ ਪਾਲ ਗੁੱਜਰ ਦਾ ਅੱਜ ਸਿਰਸਾ ਦੇ ਜਨਤਾ ਭਵਨ ’ਚ ਪ੍ਰੋਗਰਾਮ ਹੋਣਾ ਸੀ। ਇਸ ਦਾ ਪਤਾ ਜਿਵੇਂ ਹੀ ਕਿਸਾਨਾਂ ਨੂੰ ਲੱਗਿਆ ਤਾਂ ਕਿਸਾਨਾਂ ਨੇ ਮੰਤਰੀ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਸੀ।
ਅੱਜ ਕਿਸਾਨ ਕਾਲੇ ਝੰਡੇ ਲੈ ਕੇ ਜਨਤਾ ਭਵਨ ਪੁੱਜ ਗਏ ਪਰ ਸਿੱਖਿਆ ਮੰਤਰੀ ਦੇ ਪ੍ਰੋਗਰਾਮ ਦੇ ਮੁਲਤਵੀ ਹੋਣ ਕਾਰਨ ਉਹ ਉਥੋਂ ਨਾਅਰੇਬਾਜ਼ੀ ਕਰਦੇ ਮੁੜ ਆਏ। ਕਿਸਾਨਾਂ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਹਰਿਆਣਾ ਦੇ ਉਪ ਮੁੱਖ ਮੰਤਰੀ ਚੌਟਾਲਾ ਆਪਣੇ ਨਿਵਾਸ ’ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਗੇ ਤਾਂ ਕਿਸਾਨ ਕਾਲੇ ਝੰਡੇ ਲੈ ਕੇ ਉਨ੍ਹਾਂ ਦੀ ਕੋਠੀ ਵੱਲ ਤੁਰ ਪਏ ਪਰ ਪੁਲੀਸ ਨੇ ਕਿਸਾਨਾਂ ਨੂੰ ਕੋਠੀ ਤੋਂ ਪਹਿਲਾਂ ਹੀ ਬਾਬਾ ਭੂਸ਼ਣ ਸ਼ਾਹ ਚੌਕ ’ਤੇ ਰੋਕ ਲਿਆ।
ਇਸ ਦੌਰਾਨ ਸ੍ਰੀ ਚੌਟਾਲਾ ਨੇ ਆਪਣੇ ਘਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦੀ 40 ਮੈਂਬਰੀ ਕਮੇਟੀ ਅੰਦੋਲਨ ਖ਼ਤਮ ਨਹੀਂ ਹੋਣ ਦਿੰਦੀ। ਕੋਈ ਵੀ ਅੰਦੋਲਨ ਗੱਲਬਾਤ ਬਿਨਾਂ ਖ਼ਤਮ ਨਹੀਂ ਹੁੰਦਾ। ਕਿਸਾਨ ਆਗੂਆਂ ਨੂੰ ਜ਼ਿੱਦ ਛੱਡ ਕੇ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਅੰਦੋਲਨ ਨੂੰ ਖ਼ਤਮ ਕਰਕੇ ਕਿਸਾਨਾਂ ਨੂੰ ਆਪਣੀ ਫ਼ਸਲ ਸਾਂਭਣੀ ਚਾਹੀਦੀ ਹੈ। ਕੇਂਦਰ ਅੱਜ ਵੀ ਗੱਲਬਾਤ ਲਈ ਤਿਆਰ ਹੈ। ਕਣਕ, ਸਰ੍ਹੋਂ, ਦਾਲਾਂ ਤੇ ਸੂਰਜਮੁਖੀ ਤੋਂ ਇਲਾਵਾ ਐਤਕੀਂ ਛੋਲੇ ਤੇ ਜੌਂ ਵੀ ਐਮਐੱਸਪੀ ’ਤੇ ਖਰੀਦੇ ਜਾਣਗੇ। ਕਿਸਾਨ ਨੂੰ ਉਸ ਦੀ ਖਰੀਦੀ ਗਈ ਜਿਣਸ ਦੀ ਅਦਾਇਗੀ 48 ਘੰਟਿਆਂ ਦੇ ਅੰਦਰ ਅੰਦਰ ਉਸ ਦੇ ਖਾਤੇ ’ਚ ਕੀਤੀ ਜਾਵੇਗੀ।

Share