ਕਿਸਾਨਾਂ ਦਾ ਮਹੀਨੇ ਭਰ ਦੇ ਰਾਸ਼ਨ ਸਮੇਤ ਦਿੱਲੀ ਵੱਲ ਵਧਣਾ ਜਾਰੀ , ਲੰਮੇ ਸੰਘਰਸ਼ ਦੀ ਤਿਆਰੀ

220
Share

ਨਵੀਂ ਦਿੱਲੀ, 27 ਨਵੰਬਰ (ਪੰਜਾਬ ਮੇਲ)- ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਸ਼ੁੱਕਰਵਾਰ ਨੂੰ ਵੀ ਜਾਰੀ ਰਿਹਾ। ਕਿਸਾਨ ਦਿੱਲੀ ਜਾਣ ‘ਤੇ ਅੜੇ ਹੋਏ ਹਨ। ਉੱਥੇ ਹੀ ਹਰਿਆਣਾ ਪੁਲਸ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਹੀਂ ਮੰਨੇ ਤਾਂ ਹਰਿਆਣਾ ਪੁਲਸ ਨੇ ਕਿਸਾਨਾਂ ਦੇ ਇਕ ਸਮੂਹ ਨੂੰ ਦੌੜਾਉਣ ਲਈ ਪਾਣੀ ਦੀਆਂ ਤੋਪਾਂ ਚਲਾਈਆਂ ਅਤੇ ਹੰਝੂ ਗੈਸ ਦੇ ਗੋਲ਼ੇ ਦਾਗ਼ੇ। ਦੇਰ ਰਾਤ ਕਿਸਾਨ ਦਿੱਲੀ ਸਰਹੱਦ ਦੇ ਬੇਹੱਦ ਕਰੀਬ ਪਹੁੰਚ ਗਏ। ਉੱਥੇ ਹੀ ਪੰਜਾਬ ਦੇ ਕਿਸਾਨਾਂ ਨੂੰ ਹੁਣ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਵੀ ਸਮਰਥਨ ਮਿਲ ਗਿਆ ਹੈ।

ਕਿਸਾਨ ਦਿੱਲੀ ਲਈ ਪੂਰੀ ਤਿਆਰੀ ਨਾਲ ਰਵਾਨਾ ਹੋਏ ਹਨ। ਕਿਸਾਨ ਆਪਣੇ ਨਾਲ ਗੈਸ ਸਟੋਵ, ਇਨਵਰਟਰ, ਰਾਸ਼ਨ ਅਤੇ ਹੋਰ ਖਾਣ-ਪੀਣ ਦਾ ਸਮਾਨ ਭਾਰੀ ਸਟਾਕ ਨਾਲ ਲੈ ਕੇ ਰਵਾਨਾ ਹੋਏ ਹਨ। ਇੰਨਾ ਹੀ ਨਹੀਂ ਕਿਸਾਨ ਆਪਣੇ ਨਾਲ ਗੱਦੇ, ਰਜਾਈ ਅਤੇ ਪੂਰੀ ਮਾਤਰਾ ‘ਚ ਸਬਜ਼ੀਆਂ ਵੀ ਲਿਆਏ ਹਨ। ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕਿਸਾਨ ਕੇਂਦਰ ਨਾਲ ਲੰਬੀ ਲੜਾਈ ਦੇ ਮੂਡ ‘ਚ ਦਿੱਲੀ ਆ ਰਹੇ ਹਨ। ਕਿਸਾਨਾਂ ਨੇ ਸਰਦੀ ਤੋਂ ਬਚਾਅ ਲਈ ਟਰੈਕਟਰ ਨੂੰ ਕਵਰ ਕਰਨ ਲਈ ਤਿਰਪਾਲ ਵੀ ਨਾਲ ਲਈ ਹੈ। ਉੱਥੇ ਹੀ ਕਿਸਾਨਾਂ ਨੇ ਮੀਡੀਆ ਨਾਲ ਗੱਲਬਾਤ ‘ਚ ਕਿਹਾ ਕਿ ਉਹ ਪਿਛਲੇ 2 ਮਹੀਨਿਆਂ ਤੋਂ ਇਸ ਦੇ ਵਿਰੋਧ ਦੀ ਯੋਜਨਾ ਬਣਾ ਰਹੇ ਸਨ। ਕਿਸਾਨਾਂ ਨੇ ਕਿਹਾ ਕਿ ਹੁਣ ਅਸੀਂ ਘਰੋਂ ਨਿਕਲ ਪਏ ਹਨ, ਜਿੰਨਾ ਵੀ ਦਿੱਲੀ ‘ਚ ਰੁਕਣਾ ਪਵੇਗਾ, ਅਸੀਂ ਰੁਕਾਂਗੇ, ਅਸੀਂ ਦਿੱਲੀ ‘ਜਿੱਤਣ’ ਲਈ ਆਏ ਹਾਂ। ਕਿਸਾਨ ਯੂਨੀਅਨ ਦੇ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਕਰੀਬ 3 ਲੱਖ ਕਿਸਾਨ ਇਸ ਵਿਰੋਧ ਮਾਰਚ ‘ਚ ਹਿੱਸਾ ਲੈ ਰਹੇ ਹਨ। ਪ੍ਰਦਰਸ਼ਨ ‘ਚ ਕਰੀਬ 700 ਟਰਾਲੀਆਂ ਹਨ। ਦਿੱਲੀ ਪੁਲਸ ਨੇ ਕਿਸਾਨਾਂ ਨੂੰ ਰੋਕਣ ਲਈ ਸਿੰਧੂ ਸਰਹੱਦ ‘ਤੇ ਰੇਤ ਨਾਲ ਭਰੇ 5 ਟਰੱਕਾਂ ਨੂੰ ਖੜ੍ਹਾ ਕੀਤਾ ਹੈ। ਉੱਥੇ ਹੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਡਰੋਨ ਵੀ ਤਾਇਨਾਤ ਕੀਤੇ ਗਏ ਹਨ। ਦਿੱਲੀ ਪੁਲਸ ਨੇ ਕਿਹਾ ਕਿ ਸਰਹੱਦ ਨੂੰ ਸੀਲ ਨਹੀਂ ਕੀਤਾ ਗਿਆ ਹੈ ਪਰ ਰਾਜਧਾਨੀ ‘ਚ ਪ੍ਰਵੇਸ਼ ਕਰਨ ਵਾਲੇ ਸਾਰੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਦਿੱਲੀ-ਐੱਨ.ਸੀ.ਆਰ. ਦਰਮਿਆਨ ਮੈਟਰੋ ਸੇਵਾਵਾਂ ਰੋਕੀਆਂ ਗਈਆਂ ਹਨ। ਵੀਰਵਾਰ ਨੂੰ ਵੀ ਦਿੱਲੀ ਮੈਟਰੋ ਦੀ ਐੱਨ.ਸੀ.ਆਰ. ਸੇਵਾ ਰੋਕੀ ਗਈ ਸੀ, ਜੋ ਕਿ ਸ਼ੁੱਕਰਵਾਰ ਨੂੰ ਵੀ ਰੋਕ ਜਾਰੀ ਰਹੀ।


Share