ਕਿਮ ਜੋਂਗ ਵੱਲੋਂ ਦੱਖਣੀ ਕੋਰੀਆ ਖਿਲਾਫ਼ ਫੌਜੀ ਕਾਰਵਾਈ ਰੋਕਣ ਦਾ ਫੈਸਲਾ

683
Share

ਸਿਓਲ, 25 ਜੂਨ (ਪੰਜਾਬ ਮੇਲ)-ਉੱਤਰੀ ਕੋਰੀਆ ਦੇ ਸਰਬਉੱਚ ਨੇਤਾ ਕਿਮ ਜੋਂਗ ਉਨ ਨੇ ਦੱਖਣੀ ਕੋਰੀਆ ਖਿਲਾਫ਼ ਫ਼ੌਜੀ ਕਾਰਵਾਈ ਰੋਕਣ ਦਾ ਫ਼ੈਸਲਾ ਕੀਤਾ ਹੈ। ਇਹ ਵੀ ਖਬਰ ਹੈ ਕਿ ਉੱਤਰੀ ਕੋਰੀਆਈ ਫੌਜੀ ਸਰਹੱਦ ‘ਤੇ ਗਲਤ ਪ੍ਰਚਾਰ ਲਈ ਲਾਏ ਗਏ ਕਈ ਲਾਊਡ ਸਪੀਕਰ ਵੀ ਹਟਾ ਦਿੱਤੇ ਹਨ। ਇਨ੍ਹਾਂ ਨੂੰ ਹਾਲ ਹੀ ਵਿਚ ਦੁਬਾਰਾ ਲਾਇਆ ਗਿਆ ਸੀ। ਇਹ ਕਦਮ ਅਜਿਹੇ ਸਮੇਂ ਚੁੱਕੇ ਗਏ, ਜਦੋਂ ਅਮਰੀਕਾ ਨਾਲ ਠਹਿਰੀ ਪਰਮਾਣੂ ਗੱਲਬਾਤ ਵਿਚਾਲੇ ਉੱਤਰੀ ਕੋਰੀਆ ਨੇ ਆਪਣੇ ਇਸ ਗੁਆਂਢੀ ਦੇਸ਼ ਖਿਲਾਫ਼ ਹਮਲਾਵਰ ਰਵੱਈਆ ਅਪਣਾਇਆ ਹੋਇਆ ਹੈ। ਇਸ ਨਾਲ ਕੋਰੀਆਈ ਉਪ ਦੀਪ ‘ਚ ਤਣਾਅ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ।
ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਕੇ. ਸੀ. ਐੱਮ. ਏ. ਮੁਤਾਬਕ, ਕਿਮ ਜੋਂਗ ਉਨ ਨੇ ਮੰਗਲਵਾਰ ਨੂੰ ਵੀਡੀਓ ਕਾਨਫਰੰਸ ਜ਼ਰੀਏ ਹਾਕਮ ਵਰਕਰਸ ਪਾਰਟੀ ਦੇ ਕੇਂਦਰੀ ਫ਼ੌਜੀ ਕਮਿਸ਼ਨ ਦੀ ਬੈਠਕ ਦੀ ਅਗਵਾਈ ਕੀਤੀ। ਇਸ ਵਿਚ ਉੱਤਰੀ ਕੋਰੀਆਈ ਫ਼ੌਜੀ ਅਧਿਕਾਰੀਆਂ ਵੱਲੋਂ ਦੱਖਣੀ ਕੋਰੀਆ ਖਿਲਾਫ਼ ਲਿਆਂਦੀਆਂ ਗਈਆਂ ਫੌਜੀ ਕਾਰਵਾਈ ਦੀਆਂ ਯੋਜਨਾਵਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ। ਕੋਰੀਆਈ ਨਿਊਜ਼ ਏਜੰਸੀ ਨੇ ਸਖਤ ਰਵੱਈਏ ‘ਚ ਆਏ ਇਸ ਬਦਲਾਅ ਦਾ ਕੋਈ ਕਾਰਨ ਨਹੀਂ ਦੱਸਿਆ। ਇਸ ‘ਤੇ ਦੱਖਣੀ ਕੋਰੀਆ ਦੇ ਏਕੀਕਰਨ ਮੰਤਰਾਲੇ ਦੇ ਬੁਲਾਰੇ ਯੋਹ ਸਾਂਗ-ਕੀ ਨੇ ਕਿਹਾ ਕਿ ਉੱਤਰੀ ਕੋਰੀਆ ‘ਤੇ ਨਜ਼ਦੀਕੀ ਨਜ਼ਰ ਰੱਖੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਨੇ ਪਿਛਲੇ ਹਫ਼ਤੇ ਆਪਣੇ ਇਲਾਕੇ ‘ਚ ਸਥਿਤ ਇਕ ਅੰਤਰ ਕੋਰੀਆਈ ਸੰਪਰਕ ਦਫਤਰ ਨੂੰ ਧਮਾਕਾ ਕਰ ਕੇ ਉਡਾ ਦਿੱਤਾ ਸੀ। ਨਾਲ ਹੀ ਉਸ ਨੇ ਦੱਖਣੀ ਕੋਰੀਆ ਨੂੰ ਫ਼ੌਜੀ ਕਾਰਵਾਈ ਦੀ ਧਮਕੀ ਦਿੱਤੀ ਸੀ। ਇਸੇ ਕਵਾਇਦ ‘ਚ ਉੱਤਰੀ ਕੋਰੀਆ ਨੇ ਸਰਹੱਦ ‘ਤੇ ਗਲਤ ਪ੍ਰਚਾਰ ਲਈ ਲਾਊਡ ਸਪੀਕਰ ਲਾਉਣ ਦੇ ਨਾਲ ਹੀ ਲੱਖਾਂ ਪਰਚੇ ਵੰਡਣ ਦੀ ਚਿਤਾਵਨੀ ਦਿੱਤੀ ਸੀ।


Share