ਕਾਲੇ ਵਿਅਕਤੀ ਦੀ ਮੌਤ ਤੋਂ ਬਾਅਦ ਹਿੰਸਾ ਦੀ ਅੱਗ ਵ੍ਹਾਈਟ ਹਾਊਸ ਤੱਕ ਪਹੁੰਚੀ

960

ਵਾਸ਼ਿੰਗਟਨ, 1 ਜੂਨ (ਪੰਜਾਬ ਮੇਲ) – ਅਮਰੀਕਾ ‘ਚ ਕੋਰੋਨਾ ਸੰਕਟ ਸਮੇਂ ਘਰੇਲੂ ਯੁੱਧ ਵਰਗੀ ਸਥਿਤੀ ਬਣੀ ਹੋਈ ਹੈ। ਪੁਲਿਸ ਹਿਰਾਸਤ ਵਿੱਚ ਇੱਕ ਕਾਲੇ ਵਿਅਕਤੀ ਜਾਰਜ ਫਲਾਈਡ ਦੀ ਮੌਤ ਤੋਂ ਬਾਅਦ ਹਿੰਸਾ ਦੀ ਅੱਗ ਵ੍ਹਾਈਟ ਹਾਊਸ ਤੱਕ ਪਹੁੰਚ ਗਈ ਹੈ। ਐਤਵਾਰ ਨੂੰ ਪੱਥਰਬਾਜ਼ੀ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੁਰੱਖਿਅਤ ਬੰਕਰ ‘ਤੇ ਲਿਜਾਇਆ ਗਿਆ ਹੈ। ਦਰਅਸਲ, ਅਮਰੀਕਾ ਦੇ ਮਿਨੇਪੋਲਿਸ ਵਿੱਚ ਇੱਕ ਕਾਲੇ ਆਦਮੀ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ। ਜਦੋਂ ਕਾਲੇ ਆਦਮੀ ਨੂੰ ਪੁਲਿਸ ਨੇ ਫੜ ਲਿਆ, ਉਸਦੀ ਵੀਡੀਓ ਵਾਇਰਲ ਹੋ ਗਈ ਅਤੇ ਉਸ ਦੀ ਮੌਤ ਤੋਂ ਬਾਅਦ ਮਿਨੇਪੋਲਿਸ ਹਿੰਸਾ ਭੜਕ ਗਈ ਜੋ ਅਮਰੀਕਾ ਦੇ ਕਈ ਰਾਜਾਂ ਵਿੱਚ ਫੈਲ ਗਈ।

ਪ੍ਰਦਰਸ਼ਨਕਾਰੀਆਂ ਨੇ ਪਲਾਸਟਿਕ ਦੀਆਂ ਬੋਤਲਾਂ ਵਿੱਚ ਪਾਣੀ ਭਰ ਕੇ ਪੁਲਿਸ ਮੁਲਾਜ਼ਮਾਂ ‘ਤੇ ਸੁੱਟੀਆਂ। ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਸੁੱਟੇ। ਉਥੇ ਹੀ ਪ੍ਰਦਰਸ਼ਨਕਾਰੀਆਂ ਨੇ ਵ੍ਹਾਈਟ ਹਾਊਸ ਨੇੜੇ ਸ਼ੇਵਰਲੇਟ ਵਾਹਨਾਂ ਨੂੰ ਅੱਗ ਲਗਾ ਦਿੱਤੀ। ਇਹ ਵਾਹਨ ਪੁਲਿਸ ਅਤੇ ਵਿਸ਼ੇਸ਼ ਸੇਵਾ ਅਧਿਕਾਰੀ ਵਰਤਦੇ ਹਨ। ਪੁਲਿਸ ਨੇ ਦੱਸਿਆ ਕਿ ਹੁਣ ਤੱਕ ਸਾਰੇ ਅਮਰੀਕਾ ਵਿੱਚ 1400 ਪ੍ਰਦਰਸ਼ਨਕਾਰੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।