ਕਾਲੇ ਖੇਤੀ ਕਾਨੂੰਨਾਂ ਵਿਰੁੱਧ ਪਿੰਡਾਂ ਸ਼ਹਿਰਾਂ ‘ਚ ਮੁਕੰਮਲ ਭਾਰਤ ਬੰਦ;

420
ਭਵਾਨੀਗੜ੍ਹ ਵਿਖੇ ਕਿਸਾਨਾਂ ਦਾ ਠਾਠਾਂ ਮਾਰਦਾ ਇਕੱਠ।
Share

-ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਪੰਜਾਬ ਦੇ 17 ਜ਼ਿਲ੍ਹਿਆਂ ‘ਚ 130 ਥਾਂਈਂ ਸੜਕ ਜਾਮ ਅਤੇ 5 ਥਾਂਈਂ ਰੇਲ ਜਾਮ
ਚੰਡੀਗੜ੍ਹ, 27 ਸਤੰਬਰ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ’ਤੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਭਾਰਤ ਬੰਦ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਪੰਜਾਬ ਦੇ 17 ਜ਼ਿਲ੍ਹਿਆਂ ‘ਚ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ 130 ਥਾਂਈਂ ਸੜਕ ਜਾਮ ਅਤੇ 5 ਥਾਂਈਂ ਰੇਲ ਜਾਮ ਧਰਨੇ ਲਾਏ ਗਏ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਬੰਦ ਦੀ ਲਾਮਬੰਦੀ ਮੁਹਿੰਮ ਦੇ ਸਿਖਰ ‘ਤੇ 24-25 ਸਤੰਬਰ ਨੂੰ 60 ਬਲਾਕਾਂ ਦੇ 1185 ਪਿੰਡਾਂ 50 ਸ਼ਹਿਰਾਂ ਅਤੇ 70 ਕਸਬਿਆਂ ਵਿੱਚ ਲਗਭਗ 8700 ਮੋਟਰਸਾਈਕਲਾਂ ਅਤੇ 175 ਵੈਨਾਂ ‘ਤੇ ਹੋਕਾ ਮਾਰਚ ਰਾਹੀਂ ਲਗਭਗ 80-90 ਲੱਖ ਲੋਕਾਂ ਤੱਕ ਗੂੰਜਵਾਂ ਸੁਨੇਹਾ ਪਹੁੰਚਾਇਆ ਗਿਆ।
ਅੱਜ ਦੇ ਧਰਨਿਆਂ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਔਰਤਾਂ ਤੇ ਨੌਜਵਾਨਾਂ ਸਮੇਤ ਪੁੱਜੇ ਦਹਿ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਰੂਪ ਸਿੰਘ ਛੰਨਾਂ, ਸਕੱਤਰ ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ ਅਤੇ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ ਜ਼ਿਲ੍ਹਿਆਂ ਬਲਾਕਾਂ ਪਿੰਡਾਂ ਦੇ ਆਗੂ ਸ਼ਾਮਲ ਸਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਇਲਾਵਾ ਮੁਲਾਜ਼ਮਾਂ, ਵਕੀਲਾਂ, ਠੇਕਾ ਕਾਮਿਆਂ, ਆਂਗਣਵਾੜੀ ਵਰਕਰਾਂ, ਬਿਜਲੀ ਕਾਮਿਆਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਹੋਰ ਅਨੇਕਾਂ ਇਨਸਾਫਪਸੰਦ ਜਮਹੂਰੀ ਕਿਰਤੀ ਜਥੇਬੰਦੀਆਂ ਦੇ ਸੱਦੇ ‘ਤੇ ਬਹੁਤ ਸਾਰੇ ਲੋਕਾਂ ਨੇ ਵੱਖ ਵੱਖ ਥਾਂਈਂ ਹਮਾਇਤੀ ਸ਼ਮੂਲੀਅਤ ਵੀ ਕੀਤੀ ਅਤੇ ਉਨ੍ਹਾਂ ਦੇ ਬੁਲਾਰਿਆਂ ਨੇ ਸੰਬੋਧਨ ਕੀਤਾ।
ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਾਇਆ ਕਿ ਭਾਜਪਾ ਦੀ ਮੋਦੀ ਹਕੂਮਤ ਨਸ਼ਿਆਂ ਦੇ ਥੋਕ ਵਪਾਰੀ ਅਡਾਨੀ ਅੰਬਾਨੀ ਸਮੇਤ ਦੁਨੀਆਂ ਭਰ ਦੀਆਂ ਸਾਮਰਾਜੀ ਕਾਰਪੋਰੇਟਾਂ ਦਾ ਦੇਸ਼ ਦੀ ਕੁੱਲ ਆਰਥਿਕਤਾ ਉੱਪਰ ਗਲਬਾ ਪੱਕਾ ਕਰਨ ਖਾਤਰ ਜ਼ਮੀਨਾਂ ਸਮੇਤ ਪੂਰਾ ਖੇਤੀ ਕਾਰੋਬਾਰ ਅਤੇ ਸਾਰੇ ਸਰਕਾਰੀ ਅਦਾਰੇ ਉਨ੍ਹਾਂ ਹਵਾਲੇ ਕਰਨ ਲਈ ਹੀ ਕਾਲ਼ੇ ਖੇਤੀ ਕਾਨੂੰਨ ਅਤੇ ਹੋਰ ਲੋਕ ਵਿਰੋਧੀ ਨੀਤੀਆਂ ਮੜ੍ਹਨ ‘ਤੇ ਤੁਲੀ ਹੋਈ ਹੈ।
ਧਰਨਾਕਾਰੀਆਂ ਵੱਲੋਂ ਮੋਦੀ-ਭਾਜਪਾ-ਸਾਮਰਾਜੀ ਗੱਠਜੋੜ ਵਿਰੁੱਧ ਲਾਏ ਜਾ ਰਹੇ ਰੋਹ ਭਰਪੂਰ ਨਾਅਰਿਆਂ ਦੀ ਗੂੰਜ ਦੌਰਾਨ ਬੁਲਾਰਿਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਤਿੰਨੇ ਕਾਲੇ ਖੇਤੀ ਕਾਨੂੰਨ, ਨਵੇਂ ਲੇਬਰ ਕੋਡ 2020, ਬਿਜਲੀ ਬਿੱਲ 2020 ਸਮੇਤ ਪਰਾਲ਼ੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ ਅਤੇ ਹਰ ਫ਼ਸਲ ਲਈ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ। ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਕੇ ਸਾਰੇ ਗਰੀਬਾਂ ਨੂੰ ਜਿਉਂਦੇ ਰਹਿਣ ਲਈ ਜ਼ਰੂਰੀ ਸਾਰੀਆਂ ਵਸਤਾਂ ਦੀ ਸਸਤੀ ਸਪਲਾਈ ਯਕੀਨੀ ਕੀਤੀ ਜਾਵੇ। ਦਿੱਲੀ ਤੇ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਇਨਸਾਫਪਸੰਦ ਜਮਹੂਰੀ ਸੰਘਰਸ਼ਸ਼ੀਲ ਸ਼ਾਂਤਮਈ ਲੋਕਾਂ ਵਿਰੁੱਧ ਦਰਜ ਕੀਤੇ ਸਾਰੇ ਪੁਲਿਸ ਕੇਸ ਵਾਪਸ ਲਏ ਜਾਣ ਅਤੇ ਉਨ੍ਹਾਂ ਦੇ ਜਮਹੂਰੀ ਹੱਕਾਂ ਦੀ ਗਰੰਟੀ ਕੀਤੀ ਜਾਵੇ। ਆਗੂਆਂ ਵੱਲੋਂ ਇਹ ਮੰਗ ਵੀ ਕੀਤੀ ਗਈ ਕਿ ਘਟੀਆ ਬੀਜਾਂ ਤੇ ਕੀਟਨਾਸ਼ਕਾਂ ਕਾਰਨ ਤਬਾਹ ਹੋਈ ਨਰਮੇ ਦੀ ਫ਼ਸਲ ਦੇ ਪੂਰੇ ਨੁਕਸਾਨ ਦੀ ਭਰਪਾਈ ਕਰਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਇਸ ਮਕਸਦ ਲਈ ਵਿਸ਼ੇਸ਼ ਗਿਰਦਾਵਰੀ ਤੁਰੰਤ ਕਰਵਾਈ ਜਾਵੇ।
ਬੁਲਾਰਿਆਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸਾਲ ਭਰ ਤੋਂ ਚੱਲ ਰਿਹਾ ਮੁਲਕ ਪੱਧਰਾ ਇਕਜੁੱਟ ਕਿਸਾਨ ਘੋਲ਼ ਹੋਰ ਵਿਸ਼ਾਲ ਅਤੇ ਤੇਜ਼ ਕੀਤਾ ਜਾਵੇਗਾ ਅਤੇ ਮੰਗਾਂ ਮੰਨਵਾ ਕੇ ਹੀ ਦਮ ਲਿਆ ਜਾਵੇਗਾ। ਅੱਜ ਪਲਸ ਮੰਚ ਦੇ ਸੱਦੇ ‘ਤੇ ਨਾਟਕ ਟੀਮਾਂ ਅਤੇ ਹੋਰ ਸੱਭਿਆਚਾਰਕ ਕਾਮਿਆਂ ਨੇ ਵੀ ਕਈ ਥਾਈਂ ਧਰਨਿਆਂ ਵਿੱਚ ਸ਼ਮੂਲੀਅਤ ਕੀਤੀ ਅਤੇ ਕਲਾ ਪ੍ਰਦਰਸ਼ਨ ਵੀ ਕੀਤੇ। ਦਿੱਲੀ ਟਿਕਰੀ ਬਾਰਡਰ ਅਤੇ ਦਾਣਾ ਮੰਡੀ ਬਰਨਾਲਾ ਤੋਂ ਇਲਾਵਾ ਕਈ ਥਾਈਂ ਬੰਦ ਦੇ ਧਰਨੇ ਇਨਕਲਾਬੀ ਰੰਗ ਮੰਚ ਦਿਵਸ ਨੂੰ ਸਮਰਪਿਤ ਕਰਦਿਆਂ ਨਾਟਕ ਕਲਾ ਦੇ ਬਾਬਾ ਬੋਹੜ ਗੁਰਸ਼ਰਨ ਸਿੰਘ ਦੀ ਛੇਵੀਂ ਬਰਸੀ ਮੌਕੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ।
ਬੁਲਾਰਿਆਂ ਵੱਲੋਂ ਪੰਜਾਬ ਦੇ ਸਮੂਹ ਕਿਸਾਨਾਂ ਮਜ਼ਦੂਰਾਂ ਤੇ ਇਨਸਾਫਪਸੰਦ ਇਨਕਲਾਬੀ ਜਮਹੂਰੀ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਮੌਜੂਦਾ ਸਾਮਰਾਜ ਵਿਰੋਧੀ ਕਿਸਾਨ ਘੋਲ਼ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੱਲ੍ਹ 28 ਸਤੰਬਰ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ “ਸਾਮਰਾਜ ਵਿਰੋਧੀ ਕਾਨਫਰੰਸ” ਵਿੱਚ ਹੁੰਮ ਹੁੰਮਾ ਕੇ ਪੁੱਜਿਆ ਜਾਵੇ।

Share