ਕਾਰ ਚੋਰੀ ਕਰਕੇ ਭੱਜ ਰਹੇ ਚੋਰਾਂ ਨੇ ਭਾਰਤੀ ਮੂਲ ਦੇ ਡਾਕਟਰ ਨੂੰ ਕਾਰ ਹੇਠ ਕੁਚਲਿਆ

125
Share

ਵਾਸ਼ਿੰਗਟਨ, 14 ਮਾਰਚ (ਪੰਜਾਬ ਮੇਲ)- ਭਾਰਤੀ ਮੂਲ ਦੇ ਡਾਕਟਰ ਦੀ ਕਾਰ ਚੋਰੀ ਕਰਕੇ ਭੱਜ ਰਹੇ ਚੋਰਾਂ ਨੇ ਉਸੇ ਕਾਰ ਹੇਠਾਂ ਕੁਚਲ ਕੇ ਉਨ੍ਹਾਂ ਨੂੰ ਮਾਰ ਦਿੱਤਾ। ਅਮਰੀਕੀ ਮੀਡੀਆ ’ਚ ਆਈਆਂ ਰਿਪੋਰਟਾਂ ਮੁਤਾਬਕ ਡਾਕਟਰ (33) ਦੀ ਮੌਤ ਦੀ ਇਹ ਪੂਰੀ ਘਟਨਾ ਉਨ੍ਹਾਂ ਦੀ ਪ੍ਰੇਮਿਕਾ ਦੇ ਸਾਹਮਣੇ ਵਾਪਰੀ। ਸਿਲਵਰ ਸਪਰਿੰਗ ਮੈਰੀਲੈਂਡ ਦੇ ਰਹਿਣ ਵਾਲੇ ਡਾਕਟਰ ਰਾਕੇਸ਼ ‘ਰਿਕ’ ਪਟੇਲ ਬੀਤੇ ਹਫਤੇ ਬੁੱਧਵਾਰ ਨੂੰ ਆਪਣੀ ਪ੍ਰੇਮਿਕਾ ਨੂੰ ਕੁਝ ਸਾਮਾਨ ਦੇਣ ਲਈ ਆਪਣੀ ਮਰਸੀਡੀਜ਼ ਤੋਂ ਬਾਹਰ ਨਿਕਲੇ ਸਨ। ਇਸ ਦੌਰਾਨ ਕਾਰ ਚੋਰ ਉਨ੍ਹਾਂ ਦੀ ਕਾਰ ਲੈ ਕੇ ਭੱਜਣ ਲੱਗੇ। ਰਾਕੇਸ਼ ਵੀ ਉਨ੍ਹਾਂ ਦੇ ਪਿੱਛੇ ਭੱਜੇ ਅਤੇ ਆਪਣੀ ਕਾਰ ਅੱਗੇ ਡਿੱਗ ਗਏ।
7 ਨਿਊਜ਼ ਮੁਤਾਬਕ, ਵਾਹਨ ਚੋਰ ਨਹੀਂ ਰੁਕੇ ਅਤੇ ਰਾਕੇਸ਼ ਨੂੰ ਕੁਚਲ ਕੇ ਭੱਜ ਗਏ। ਖ਼ਬਰਾਂ ਮੁਤਾਬਕ ਉਥੇ ਮੌਜੂਦ ਰਾਕੇਸ਼ ਦੀ ਪ੍ਰੇਮਿਕਾ ਨੇ ਇਹ ਸਭ ਕੁੱਝ ਦੇਖਿਆ। ਐੱਨ.ਬੀ.ਸੀ.4 ਵਾਸ਼ਿੰਗਟਨ ਟੀ.ਵੀ. ਦੀ ਖ਼ਬਰ ਅਨੁਸਾਰ, ਪਟੇਲ ਮੇਡਸਟਾਰ ਵਾਸ਼ਿੰਗਟਨ ਹਸਪਤਾਲ ਸੈਂਟਰ ਵਿਚ ਇਕ ਡਾਕਟਰ ਸਨ ਅਤੇ ਇਕ ਕਲੀਨਿਕਲ ਕੇਅਰ ਫੈਲੋ ਵਜੋਂ ਸਿਖਲਾਈ ਲੈ ਰਹੇ ਸਨ। ਰਾਕੇਸ਼ ਦੇ ਪਿਤਾ ਡਾਕਟਰ ਰਜਨੀਕਾਂਤ ਪਟੇਲ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਬਹੁਤ ਹੀ ਕੋਮਲ ਅਤੇ ਸਮਾਜਿਕ ਸੀ। ਉਨ੍ਹਾਂ ਕਿਹਾ, ‘‘ਬਿਨਾਂ ਕਾਰਨ ਹੀ ਉਸ ਦੀ ਜਾਨ ਲੈ ਲਈ ਗਈ।’’ ਰਾਕੇਸ਼ ਦੀ ਮਾਂ ਚਾਰੁਲਤਾ ਨੇ ਕਿਹਾ, ‘‘ਮੈਂ ਹਮੇਸ਼ਾ ਉਸ ਨੂੰ ਬਾਬੂ ਕਹਿ ਕੇ ਬੁਲਾਉਂਦੀ ਸੀ।’’ ਰਾਕੇਸ਼ ਪੰਜ ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ। ਵਾਸ਼ਿੰਗਟਨ ਪੁਲਿਸ ਨੇ ਚੋਰਾਂ ਦੀ ਗਿ੍ਰਫ਼ਤਾਰੀ ਲਈ 25,000 ਡਾਲਰ ਇਨਾਮ ਦਾ ਐਲਾਨ ਕੀਤਾ ਹੈ।

Share