ਕਾਮਰੇਡ ਬਲਵਿੰਦਰ ਹੱਤਿਆ ਮਾਮਲਾ: ਦੋਸ਼ੀਆਂ ਦੇ ਮੋਬਾਇਲਾਂ ਖੰਗਾਲ ਰਹੀਆਂ ਖੁਫ਼ੀਆ ਏਜੰਸੀਆਂ

442
Share

ਤਰਨਤਾਰਨ, 4 ਨਵੰਬਰ (ਪੰਜਾਬ ਮੇਲ)- ਜ਼ਿਲ੍ਹੇ ਦੇ ਕਸਬਾ ਭਿੱਖੀਵਿੰਡ ਨਿਵਾਸੀ ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ‘ਚ ਸ਼ਾਮਲ 7 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਤਾਂ ਕਰ ਲਿਆ ਹੈ ਪਰ ਇਸ ਦਾ ਖ਼ੁਲਾਸਾ ਕਰਨ ਸਬੰਧੀ ਪੁਲਿਸ ਨੇ ਚੁੱਪੀ ਵੱਟ ਰਖੀ ਹੈ। ਉੱਧਰ ਗ੍ਰਿਫ਼ਤਾਰ ਮੁਲਜ਼ਮਾਂ ਦੇ ਮੋਬਾਇਲਾਂ ਦੀ ਸਟੇਟ ਸੈੱਲ ਵਲੋਂ ਕੀਤੀ ਜਾਂਚ ਉਪਰੰਤ ਕੇਸ ‘ਚ ਨਾਮਜ਼ਦ ਫ਼ਰਾਰ ਤਿੰਨਾਂ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਪੁਲਿਸ ਟੀਮਾਂ ਦਿੱਲੀ ਅਤੇ ਹਿਮਾਚਲ ਲਈ ਰਵਾਨਾ ਹੋ ਗਈਆਂ ਹਨ। ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਇਸ ਕੇਸ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਲਈ ਪੰਜਾਬ ਦੀਆਂ ਸਾਰੀਆਂ ਖੁੱਫ਼ੀਆ ਏਜੰਸੀਆਂ ਨੂੰ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਕਰਨ ਸਬੰਧੀ ਮਾਮਲੇ ਨੂੰ ਪੁਲਿਸ ਨੇ ਹੱਲ ਤਾਂ ਕਰ ਲਿਆ ਹੈ ਪਰ ਇਸ ਕਤਲ ਪਿੱਛੇ ਅਸਲ ਮਕਸਦ ਕੀ ਸੀ, ਦਾ ਪਤਾ ਲਗਾਉਣ ਲਈ ਮੁੱਖ ਮੁਲਜ਼ਮਾਂ ਦੀ ਭਾਲ ਜਾਰੀ ਹੈ। ਜ਼ਿਲ੍ਹਾ ਪੁਲਿਸ ਨੇ ਇਸ ਕਤਲ ਨਾਲ ਸਬੰਧਿਤ 7 ਮੁਲਜ਼ਮਾਂ ਜਿਨ੍ਹਾਂ ‘ਚ ਪ੍ਰਭਜੀਤ ਸਿੰਘ ਵਾਸੀ ਲੁਧਿਆਣਾ, ਅਕਾਸ਼ਦੀਪ ਧਾਰੀਵਾਲ ਪੁੱਤਰ ਕਮਲ ਅਰੋੜਾ ਵਾਸੀ ਸਲੇਮ ਟਾਵਰੀ ਲੁਧਿਆਣਾ, ਚਾਂਦ ਕੁਮਾਰ ਪੁੱਤਰ ਹਰੀਸ਼ ਕੁਮਾਰ ਵਾਸੀ ਅਸ਼ੋਕ ਨਗਰ ਲੁਧਿਆਣਾ, ਰਵਿੰਦਰ ਕੁਮਾਰ ਰਵੀ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਲੁਧਿਆਣਾ, ਰਵੰਦਰ ਸਿੰਘ ਉਰਫ਼ ਰਵੀ ਢਿੱਲੋਂ ਵਾਸੀ ਸਲੇਮ ਟਾਵਰੀ ਲੁਧਿਆਣਾ, ਰਵਿੰਦਰ ਸਿੰਘ ਗਿਆਨਾ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਖਰਲ ਜ਼ਿਲ੍ਹਾ ਗੁਰਦਾਸਪੁਰ ਅਤੇ ਸੁਖਰਾਜ ਸਿੰਘ ਉਰਫ ਸੁੱਖਾ ਵਾਸੀ ਪਿੰਡ ਲਖਣਪਾਲ ਜ਼ਿਲਾ ਗੁਰਦਾਸਪੁਰ ਸ਼ਾਮਿਲ ਹਨ, ਨੂੰ ਗ੍ਰਿਫ਼ਤਾਰ ਕਰ ਮਾਣਯੋਗ ਅਦਾਲਤ ਪਾਸੋਂ 5 ਨਵੰਬਰ ਤੱਕ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਪਾਸੋਂ ਕੀਤੀ ਗਈ ਪੁੱਛਗਿੱਛ ਅਤੇ ਉਨ੍ਹਾਂ ਦੇ ਮੋਬਾਇਲਾਂ ਦੀ ਜਾਂਚ ਜੋ ਸਟੇਟ ਸੈੱਲ ਵਲੋਂ ਕੀਤੀ ਗਈ ਹੈ, ਦੇ ਆਧਾਰ ਉੱਪਰ ਪੁਲਿਸ ਗ੍ਰਿਫ਼ਤ ਤੋਂ ਦੂਰ ਸੁਖਦੀਪ ਸਿੰਘ ਉਰਫ਼ ਬੂਰਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਖਰਲ ਜ਼ਿਲ੍ਹਾ ਗੁਰਦਾਸਪੁਰ ਅਤੇ ਗੁਰਪ੍ਰੀਤ ਸਿੰਘ ਉਰਫ਼ ਭਾਅ ਪੁੱਤਰ ਹਰਭਜਨ ਸਿੰਘ ਵਾਸੀ ਲੱਖਣਪਾਲ, ਪੁਰਾਣਾ ਸ਼ਾਲਾ, ਜ਼ਿਲ੍ਹਾ ਗੁਰਦਾਸਪੁਰ ਜਿਨ੍ਹਾਂ ਨੇ ਬਲਵਿੰਦਰ ਸਿੰਘ ਉੱਪਰ ਗੋਲੀਆਂ ਚਲਾਈਆਂ ਸਨ, ਨੂੰ ਕਾਬੂ ਕਰਨ ਲਈ ਵੱਖ-ਵੱਖ ਪੁਲਸ ਟੀਮਾਂ ਦਿੱਲੀ ਅਤੇ ਹਿਮਾਚਲ ਲਈ ਰਵਾਨਾ ਹੋ ਚੁੱਕੀਆਂ ਹਨ। ਇਸ ਦੇ ਨਾਲ ਮੋਬਾਇਲ ਕਾਲਾਂ ਦੇ ਰਿਕਾਰਡ ਨੂੰ ਖੰਗਾਲਦੇ ਹੋਏ ਤਕਨੀਕੀ ਮਾਹਿਰਾਂ ਦੀ ਸਲਾਹ ਨਾਲ ਪੁਲਿਸ ਫਰਾਰ ਮੁਲਜ਼ਮਾਂ ਦੀ ਕਾਬੂ ਕਰਨ ‘ਚ ਦਿਨ-ਰਾਤ ਮਿਹਨਤ ਕਰ ਰਹੀ ਹੈ।
ਜ਼ਿਲ੍ਹਾ ਗੁਰਦਾਸਪੁਰ ਦੇ ਮਸ਼ਹੂਰ ਗੈਂਗਸਟਰ ਸੁੱਖ ਭਖਾਰੀਵਾਲਾ ਨੇ ਸੁਖਦੀਪ ਸਿੰਘ ਬੂਰਾ ਅਤੇ ਗੁਰਪ੍ਰੀਤ ਸਿੰਘ ਭਾਅ ਨੂੰ ਕਿੰਨੀ ਮੋਟੀ ਰਕਮ ਦੇਣ ਦੀ ਪੇਸ਼ਕਸ਼ ਕੀਤੀ ਸੀ, ਇਹ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਇਸ ਦੇ ਨਾਲ ਪੁਲਿਸ ਨੇ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ ਹੋਈ ਹੈ ਕਿਉਂਕਿ ਪੁਲਿਸ ਇਸ ਕਤਲ ਕੇਸ ਦੀ ਅਸਲ ਵਜ੍ਹਾ ਦਾ ਪਤਾ ਲਗਾਉਣ ਉਪਰੰਤ ਹੀ ਕੋਈ ਜਾਣਕਾਰੀ ਦੇਣਾ ਚਾਹੁੰਦੀ ਹੈ। ਮਾਮਲਾ ਹਾਈ ਪ੍ਰੋਫਾਇਲ ਹੋਣ ਕਾਰਨ ਪੁਲਿਸ ਹਰ ਐਂਗਲ ਨੂੰ ਸਬੂਤਾਂ ਸਮੇਤ ਪੇਸ਼ ਕਰਨਾ ਚਾਹੁੰਦੀ ਹੈ, ਤਾਂ ਜੋ ਕੋਈ ਪੁਲਸ ਜਾਂਚ ‘ਤੇ ਸਵਾਲ ਨਾ ਚੁੱਕ ਸਕੇ।


Share