ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲਾ: ਪੁਲਿਸ ਸਾਈਬਰ ਸੈੱਲ ਤੇ ਹੋਰ ਟੀਮਾਂ ਦੀ ਮਦਦ ਨਾਲ ਵਿਸ਼ੇਸ਼ ਜਾਂਚ ‘ਚ ਜੁਟੀ

831
Share

-ਘਰ ਅੰਦਰ ਦਾਖਲ ਹੋ ਕੇ ਅਣਪਛਾਤੇ ਵਿਅਕਤੀਆਂ ਨੇ ਕੀਤੀ ਸੀ ਹੱਤਿਆ
ਭਿੱਖੀਵਿੰਡ, 18 ਅਕਤੂਬਰ (ਪੰਜਾਬ ਮੇਲ)-ਭਾਰਤ-ਪਾਕਿਸਤਾਨ ਸਰੱਹਦ ਤੋਂ ਥੋੜੀ ਦੂਰ ਸਥਿਤ ਕਸਬਾ ਭਿੱਖੀਵਿੰਡ ਵਿਖੇ ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦੀ ਸ਼ਰ੍ਹੇਆਮ ਘਰ ਅੰਦਰ ਦਾਖ਼ਲ ਹੋ ਕੇ ਸਿਰਫ਼ 30 ਸੈਕਿੰਡ ਅੰਦਰ 2 ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਹੱਤਿਆ ਦੀਆਂ ਪਰਤਾਂ ਖੋਲ੍ਹਣ ਲਈ ਪੁਲਿਸ ਸਾਈਬਰ ਸੈੱਲ ਅਤੇ ਹੋਰ ਟੀਮਾਂ ਦੀ ਮਦਦ ਨਾਲ ਵਿਸ਼ੇਸ਼ ਜਾਂਚ ‘ਚ ਜੁੱਟ ਗਈ ਹੈ। ਪੁਲਿਸ ਮ੍ਰਿਤਕ ਦੇ ਬੇਟਿਆਂ ਖ਼ਿਲਾਫ਼ ਦਰਜ ਅਪਰਾਧਿਕ ਮਾਮਲਿਆਂ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਵੇਖਦੀ ਹੋਈ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਬਲਵਿੰਦਰ ਸਿੰਘ ਦੇ ਬੇਟੇ ਅਰਸ਼ਦੀਪ ਸਿੰਘ ਖ਼ਿਲਾਫ਼ ਥਾਣਾ ਸਿਟੀ ਪੱਟੀ ਵਿਖੇ ਅਸਲਾ ਐਕਟ ਤਹਿਤ ਸਾਲ 2020 ਨੂੰ ਮਾਮਲਾ ਦਰਜ ਹੈ, ਜਿਸ ਦੌਰਾਨ ਪੁਲਿਸ ਨੇ ਕੁੱਲ 10 ਮੁਲਜ਼ਮਾਂ ਨੂੰ ਤਿੰਨ ਗੱਡੀਆਂ, 3 ਪਿਸਤੌਲ 32 ਬੋਰ, ਇਕ ਦੇਸੀ ਪਿਸਤੌਲ, ਇਕ ਰਿਵਾਲਵਰ ਅਤੇ ਰੌਂਦ ਬਰਾਮਦ ਕੀਤੇ ਸਨ। ਇਸੇ ਤਰ੍ਹਾਂ ਦੋਵਾਂ ਬੇਟਿਆਂ ਅਰਸ਼ਦੀਪ ਸਿੰਘ ਅਤੇ ਗਗਨਦੀਪ ਸਿੰਘ ਖ਼ਿਲਾਫ਼ 21 ਫਰਵਰੀ 2019 ਦੌਰਾਨ ਥਾਣਾ ਗੇਟ ਹਕੀਮਾਂ ਵਿਖੇ ਧਾਰਾ 307 ਤਹਿਤ ਮਾਮਲਾ ਦਰਜ ਹੈ। ਇਸ ਤੋਂ ਇਲਾਵਾ ਥਾਣਾ ਸਦਰ ਅੰਮ੍ਰਿਤਸਰ ਵਿਖੇ ਇਕ ਬੇਟੇ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ, ਜਿਸ ‘ਚ ਪੁਲਿਸ ਨੇ ਇਕ ਪਿਸਤੌਲ 9 ਐੱਮ.ਐੱਮ., ਇਕ ਦੇਸੀ ਪਿਸਤੌਲ ਅਤੇ ਕੁੱਝ ਰੌਂਦ ਵੀ ਬਰਾਮਦ ਕੀਤੇ ਸਨ।
ਬਲਵਿੰਦਰ ਸਿੰਘ ਦੀ ਸੁਰੱਖਿਆ ਨੂੰ ਕੁਝ ਸਮਾਂ ਪਹਿਲਾਂ ਪੁਰਾਣੇ ਐੱਸ.ਐੱਸ.ਪੀ. ਵਲੋਂ ਵਾਪਸ ਲੈ ਲਿਆ ਗਿਆ ਸੀ। ਜਿਸ ਕਾਰਨ ਬਲਵਿੰਦਰ ਸਿੰਘ ਆਪਣੇ ਪਰਿਵਾਰ ਦੀ ਜਾਨ ਨੂੰ ਖਤਰੇ ‘ਚ ਸਮਝਦਾ ਸੀ। ਸੁਰਖਿਆ ਸਬੰਧੀ ਪੰਜਾਬ ਪੁਲਿਸ ਵਲੋਂ ਮੰਗ ਪੂਰੀ ਨਾ ਹੋਣ ਕਾਰਨ ਪਰਿਵਾਰ ਨੇ ਸਾਰੇ ਸ਼ੌਰਿਆ ਚੱਕਰ ਸਰਕਾਰ ਨੂੰ ਵਾਪਸ ਕਰ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ।
ਸੀ.ਸੀ.ਟੀ.ਵੀ. ਕੈਮਰਿਆਂ ਤੋਂ ਇਹ ਸਾਫ ਵਖਾਈ ਦਿੰਦਾ ਹੈ ਕਿ ਸਵੇਰੇ ਕਰੀਬ 7.10 ਵਜੇ ਇਕ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ, ਜਿਨ੍ਹਾਂ ਨੇ ਕਾਲੇ ਰੰਗ ਦੇ ਟ੍ਰੈਕ ਸੂਟ ਪਾਏ ਹੋਏ ਹਨ, ਵਲੋਂ ਘਰ ਦਾ ਦਰਵਾਜਾ ਖੜਕਾਇਆ ਜਾਂਦਾ ਹੈ। ਜਿਸ ਤੋਂ ਬਾਅਦ ਇਕ ਹਤਿਆਰਾ ਘਰ ਅੰਦਰ ਦਾਖਲ ਹੁੰਦਾ ਹੈ ਅਤੇ ਕਾਮਰੇਡ ਬਲਵਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦਾ ਹੋਇਆ 6 ਗੋਲੀਆਂ ਨਾਲ ਆਪਣਾ ਰਿਵਾਲਵਰ ਖਾਲੀ ਕਰ ਕੇ ਆਪਣੇ ਸਾਥੀ ਨਾਲ ਫਰਾਰ ਹੋ ਜਾਂਦਾ ਹੈ। ਸੀ.ਸੀ.ਟੀ.ਵੀ. ਫੁਟੇਜ ਮੁਤਾਬਿਕ ਇਸ ਘਟਨਾ ਨੂੰ ਅੰਜਾਮ ਦੇਣ ‘ਚ ਸਿਰਫ 30 ਸੈਕਿੰਡ ਲੱਗਦੇ ਹਨ।


Share