ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਧਮਾਕਿਆਂ ਵਿਚ ਮਾਰੇ ਗਏ 13 ਅਮਰੀਕੀ ਫੌਜੀਆਂ ਦੇ ਨਾਂ ਨਹੀਂ ਹੋਏ ਨਸ਼ਰ

494
ਰਾਇਲੀ ਮੈਕਕੋਲਮ ਦੀ ਪੁਰਾਣੀ ਤਸਵੀਰ
Share

ਮ੍ਰਿਤਕਾਂ ਇਕ 20 ਸਾਲਾ ਨੌਜਵਾਨ ਫੌਜੀ ਸ਼ਾਮਿਲ ਜੋ ਕੁਝ ਦਿਨਾਂ ਵਿਚ ਬੱਚੇ ਦਾ ਬਾਪ ਬਣਨ ਵਾਲਾ ਸੀ

ਸੈਕਰਾਮੈਂਟੋ, 28 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਪੈਂਟਾਗਨ ਨੇ ਅਫਗਾਨਿਸਤਾਨ ਵਿਚ ਕਾਬੁਲ ਹਵਾਈ ਅੱਡੇ ਦੇ ਬਾਹਰਵਾਰ ਹੋਏ ਆਤਮਘਾਤੀ ਬੰਬ ਧਮਾਕਿਆਂ ਤੇ ਗੋਲੀਬਾਰੀ ਵਿਚ ਮਾਰੇ ਗਏ 13 ਅਮਰੀਕੀ ਫੌਜੀਆਂ ਦੇ ਨਾਂ ਜਨਤਿਕ ਤੌਰ ‘ਤੇ ਨਸ਼ਰ ਨਹੀਂ ਕੀਤੇ ਹਨ ਤੇ ਨਾ ਹੀ ਜਖਮੀ ਹੋਏ ਫੌਜੀਆਂ ਬਾਰੇ ਕੋਈ ਵੇਰਵਾ ਨਸ਼ਰ ਕੀਤਾ ਹੈ ਪਰੰਤੂ ਜਿਨਾਂ ਪਰਿਵਾਰਾਂ ਦੇ ਫੌਜੀ ਸ਼ਹੀਦ ਹੋਏ ਹਨ, ਉਹ ਖੁਦ ਅੱਗੇ ਆ ਕੇ ਆਪਣਿਆਂ ਨਾਲ ਜੋ ਬੀਤੀ ਉਸ ਦਾ ਖੁਲਾਸਾ ਕਰ ਰਹੇ ਹਨ। ਇਨਾਂ ਸ਼ਹੀਦਾਂ ਵਿਚ ਇਕ 20 ਸਾਲ ਦਾ ਨੌਜਵਾਨ ਫੌਜੀ ਰਾਇਲੀ ਮੈਕਕੋਲਮ ਸ਼ਾਮਿਲ ਹੈ ।  ਉਸ ਦੀ ਵੱਡੀ ਭੈਣ ਰਾਇਸ ਮੈਕਕੋਲਮ ਨੇ ਆਪਣੇ ਭਰਾ ਦੇ ਅਫਗਾਨਿਸਤਾਨ ਵਿਚ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਇਕ ਪੁੱਤਰ, ਇਕ ਭਰਾ  ਤੇ ਇਕ ਪਤੀ ਸੀ । ਉਹ ਕੁਝ ਦਿਨਾਂ ਵਿਚ ਇਕ ਬੱਚੇ ਦਾ ਬਾਪ ਬਣਨ ਵਾਲਾ ਸੀ। ਉਸ ਨੇ ਦੱਸਿਆ ਕਿ ਅਫਗਾਨਿਸਤਾਨ ਵਿਚੋਂ ਅਮਰੀਕੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਕੇ ਲਿਆਉਣ ਦਾ ਅਮਲ ਸ਼ੁਰੂ ਹੋਣ ਸਮੇ ਰਾਇਲੀ ਨੂੰ ਕਾਬੁਲ ਭੇਜਿਆ ਗਿਆ ਸੀ। ਉਹ ਇਕ ਨਾਕੇ ਉਪਰ ਤਾਇਨਾਤ ਸੀ ਜਦੋਂ ਆਤਮਘਾਤੀ ਹਮਲਾਵਰ ਨੇ ਧਮਾਕਾ ਕਰ ਦਿੱਤਾ ਤੇ ਉਸ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਰਾਇਸ ਮੈਕਕੋਲਮ ਨੇ ਇਕ ਬਿਆਨ ਵਿਚ ਕਿਹਾ ਕਿ ”ਰਾਇਲੀ ਫੌਜ ਵਿਚ ਸੇਵਾ ਕਰਨ ਉਪਰੰਤ ਇਤਿਹਾਸ ਦਾ ਅਧਿਆਪਕ ਤੇ ਰੈਸਲਿੰਗ ਕੋਚ ਬਣਨਾ ਚਹੁੰਦਾ ਸੀ। ਉਹ ਇਕ ਹੀਰੋ ਵਾਂਗ ਵਿਚਰਦਾ ਸੀ ਤੇ ਜੋ ਵੀ ਉਸ ਨੂੰ ਮਿਲਦਾ ਉਹ ਉਸ ਦਾ ਹੀ ਹੋ  ਕੇ ਰਹਿ ਜਾਂਦਾ ਸੀ। ਉਹ ਆਪਣੇ ਦੇਸ਼ ਤੋਂ ਕੁਰਬਾਨ ਹੋਇਆ ਹੈ, ਉਹ ਹਮੇਸ਼ਾਂ ਸਾਡੇ ਚੇਤਿਆਂ ਵਿਚ ਰਹੇਗਾ।”


Share