ਕਾਬੁਲ ਹਵਾਈ ਅੱਡੇ ’ਤੇ ਬਹੁਤ ਜਲਦ ਫਿਰ ਤੋਂ ਹਮਲਾ ਹੋਣ ਦੀ ਸੰਭਾਵਨਾ : ਬਾਈਡਨ

391
Share

* ਧਮਾਕਿਆਂ ’ਚ ਮਾਰੇ ਗਏ ਅਮਰੀਕੀ ਫੌਜੀਆਂ ਦੀ ਹੋਈ ਪਛਾਣ
ਸੈਕਰਾਮੈਂਟੋ, 30 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਚਿਤਾਵਨੀ ਦਿੱਤੀ ਹੈ ਕਿ ਕਾਬੁਲ ਹਵਾਈ ਅੱਡੇ ’ਤੇ ਬਹੁਤ ਛੇਤੀ ਹਮਲਾ ਹੋਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਅਗਲੇ ਕੁਝ ਘੰਟਿਆਂ ’ਚ ਕਾਬੁਲ ਹਵਾਈ ਅੱਡੇ ਨੂੰ ਨਿਸ਼ਾਨ ਬਣਾਇਆ ਜਾ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਵੱਲੋਂ ਇਹ ਚਿਤਾਵਨੀ ਪੈਂਟਾਗਨ ਦੁਆਰਾ ਕਾਬੁਲ ਹਵਾਈ ਅੱਡੇ ’ਤੇ ਮਾਰੇ ਗਏ 13 ਅਮਰੀਕੀ ਸੈਨਿਕਾਂ ਦੀ ਸ਼ਨਾਖਤ ਕਰ ਲੈਣ ਦੇ ਬਿਆਨ ਉਪਰੰਤ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਕ ਬਿਆਨ ’ਚ ਰਾਸ਼ਟਰਪਤੀ ਨੇ ਕਿਹਾ ਸੀ ਕਿ ਕਾਬੁਲ ਹਵਾਈ ਅੱਡੇ ’ਤੇ ਹਮਲੇ ਲਈ ਜ਼ਿੰਮੇਵਾਰ ਆਈ.ਐੱਸ.ਆਈ.ਐੱਸ.-ਕੇ ਵਿਰੁੱਧ ਜਵਾਬੀ ਕਾਰਵਾਈ ਕਰਦਿਆਂ ਅਮਰੀਕੀ ਕਮਾਂਡਰਾਂ ਵੱਲੋਂ ਕੀਤੇ ਡਰੋਨ ਹਮਲੇ ਵਿਚ ਆਈ.ਐੱਸ.ਆਈ.ਐੱਸ.-ਕੇ ਦਾ ਇਕ ਮੈਂਬਰ ਮਾਰਿਆ ਗਿਆ ਹੈ ਤੇ ਇਕ ਜ਼ਖਮੀ ਹੋ ਗਿਆ ਹੈ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਇਸ ਹਮਲੇ ਵਿਚ ਕਿਸੇ ਵੀ ਆਮ ਨਾਗਰਿਕ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਰਾਸ਼ਟਰਪਤੀ ਨੇ ਕਿਹਾ ਕਿ ਆਈ.ਐੱਸ.ਆਈ.ਐੱਸ.-ਕੇ ਵਿਰੁੱਧ ਹੋਰ ਹਮਲੇ ਕੀਤੇ ਜਾਣਗੇ। ਉਨ੍ਹਾਂ ਨੇ ਕੌਮੀ ਸੁਰੱਖਿਆ ਟੀਮ ਨਾਲ ਮੀਟਿੰਗ ਉਪਰੰਤ ਕਿਹਾ ‘‘ਇਹ ਹਮਲਾ ਆਖਰੀ ਨਹੀਂ ਹੈ। ਕਾਬੁਲ ਹਵਾਈ ਅੱਡੇ ’ਤੇ ਹੋਏ ਘਿਨਾਉਣੇ ਹਮਲੇ ਵਿਚ ਸ਼ਾਮਲ ਹਰ ਵਿਅਕਤੀ ਨੂੰ ਲੱਭਿਆ ਜਾਵੇਗਾ ਤੇ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।’’ ਰਾਸ਼ਟਰਪਤੀ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਹਾਲਾਤ ਬਹੁਤ ਖਤਰਨਾਕ ਹਨ ਤੇ ਮਿਲਟਰੀ ਕਮਾਂਡਰਾਂ ਨੇ ਮੈਨੂੰ ਦੱਸਿਆ ਹੈ ਕਿ ਅਗਲੇ 24 ਤੋਂ 36 ਘੰਟਿਆਂ ’ਚ ਹਵਾਈ ਅੱਡੇ ’ਤੇ ਹੋਰ ਹਮਲਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਬੁਲ ’ਚ ਮਾੜੇ ਹਾਲਾਤ ਦੇ ਬਾਵਜੂਦ ਅਸੀਂ ਅਮਰੀਕੀ ਨਾਗਰਿਕਾਂ ਤੇ ਹੋਰ ਲੋਕਾਂ ਨੂੰ ਉਥੋਂ ਕੱਢਣਾ ਜਾਰੀ ਰਖਾਂਗੇ। ਬੀਤੇ ਦਿਨੀਂ ਅਮਰੀਕੀ ਹਵਾਈ ਜਹਾਜ਼ 6800 ਲੋਕਾਂ ਨੂੰ ਕਾਬੁਲ ’ਚੋਂ ਕੱਢ ਕੇ ਲਿਆਏ ਹਨ।¿;

Share