ਕਾਬੁਲ ਹਵਾਈ ਅੱਡੇ ’ਤੇ ਚੱਲੀ ਗੋਲੀ ’ਚ ਇਕ ਅਫ਼ਗਾਨ ਗਾਰਡ ਹਲਾਕ

1114
Share

– ਜਰਮਨੀ ਦੀ ਹਥਿਆਰਬੰਦ ਫੌਜ ਨੇ ਟਵੀਟ ਕਰਕੇ ਦਾਅਵਾ ਕੀਤਾ
– ਨਾਟੋ ਅਧਿਕਾਰੀਆਂ ਵੱਲੋਂ ਹਾਲਾਤ ਕਾਬੂ ਹੇਠ ਹੋਣ ਦਾ ਦਾਅਵਾ, ਹਵਾਈ ਅੱਡੇ ਦੇ ਸਾਰੇ ਗੇਟ ਬੰਦ
ਕਾਬੁਲ/ਵਾਸ਼ਿੰਗਟਨ, 23 ਅਗਸਤ (ਪੰਜਾਬ ਮੇਲ)- ਕਾਬੁਲ ਹਵਾਈ ਅੱਡੇ ’ਤੇ ਅਣਪਛਾਤੇ ਬੰਦੂਕਧਾਰੀਆਂ, ਪੱਛਮੀ ਮੁਲਕਾਂ ਦੇ ਸੁਰੱਖਿਆ ਦਸਤਿਆਂ ਤੇ ਅਫ਼ਗ਼ਾਨ ਸਲਾਮਤੀ ਦਸਤਿਆਂ ਵਿਚਾਲੇ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਹਨ। ਜਰਮਨੀ ਦੀ ਹਥਿਆਰਬੰਦ ਫੌਜ ਨੇ ਇਕ ਟਵੀਟ ਵਿਚ ਦਾਅਵਾ ਕੀਤਾ ਕਿ ਹਵਾਈ ਅੱਡੇ ਦੇ ਉੱਤਰੀ ਗੇਟ ’ਤੇ ਹੋਈ ਗੋਲੀਬਾਰੀ ਦੌਰਾਨ ਇਕ ਅਫ਼ਗਾਨ ਗਾਰਡ ਮਾਰਿਆ ਗਿਆ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਚੇਤੇ ਰਹੇ ਕਿ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਦੇ ਅੰਦਰ ਅਮਰੀਕਾ ਸਮੇਤ ਨਾਟੋ ਫੌਜਾਂ ਦਾ ਕਬਜ਼ਾ ਹੈ, ਜਦੋਂਕਿ ਬਾਹਰਲੇ ਖੇਤਰ ਨੂੰ ਤਾਲਿਬਾਨੀ ਲੜਾਕਿਆਂ ਨੇ ਆਪਣੇ ਕਬਜ਼ੇ ਵਿਚ ਲਿਆ ਹੋਇਆ ਹੈ। ਤਾਲਿਬਾਨ ਦੇ ਖ਼ੌਫ ਕਰਕੇ ਮੁਲਕ ਛੱਡਣ ਲਈ ਕਾਹਲੇ ਵੱਡੀ ਗਿਣਤੀ ਲੋਕ ਹਵਾਈ ਅੱਡੇ ਦੇ ਬਾਹਰ ਮੌਜੂਦ ਹਨ। ਤਾਲਿਬਾਨੀ ਲੜਾਕਿਆਂ ਵੱਲੋਂ ਅਕਸਰ ਬੇਕਾਬੂ ਹੋਏ ਹਜੂਮ ਨੂੰ ਕੰਟਰੋਲ ਕਰਨ ਲਈ ਕਦੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਕਦੇ ਹਵਾਈ ਫਾਇਰ ਵੀ ਕਰਨੇ ਪੈਂਦੇ ਹਨ। ਹਵਾਈ ਅੱਡੇ ਦੇ ਅੰਦਰ ਤੇ ਬਾਹਰ ਧੱਕਾਮੁੱਕੀ ਦੌਰਾਨ ਮਚੀ ਭਗਦੜ ਵਿਚ ਕਈ ਲੋਕਾਂ ਦੀ ਜਾਨ ਜਾਂਦੀ ਰਹੀ ਹੈ। ਸੀ.ਐੱਨ.ਐੱਨ. ਨੇ ਆਪਣੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਹਵਾਈ ਅੱਡੇ ਦੇ ਬਾਹਰ ਤਾਇਨਾਤ ਸਨਾਈਪਰ ਨੇ ਹਵਾਈ ਅੱਡੇ ਦੇ ਅੰਦਰ ਮੌਜੂਦ ਅਫ਼ਗਾਨ ਗਾਰਡਾਂ ’ਤੇ ਗੋਲੀ ਚਲਾਈ, ਜਿਸ ਦਾ ਉਨ੍ਹਾਂ ਮੋੜਵਾਂ ਜਵਾਬ ਦਿੱਤਾ, ਪਰ ਅਮਰੀਕੀ ਬਲਾਂ ਨੇ ਅਫ਼ਗਾਨ ਗਾਰਡਾਂ ’ਤੇ ਗੋਲੀ ਚਲਾਈ। ਹਵਾਈ ਅੱਡੇ ’ਤੇ ਮੌਜੂਦ ਦੋ ਨਾਟੋ ਅਧਿਕਾਰੀਆਂ ਨੇ ਕਿਹਾ ਕਿ ਹਾਲਾਤ ਕਾਬੂ ਹੇਠ ਹਨ ਤੇ ਹਵਾਈ ਅੱਡੇ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ ਹਨ।

Share