ਕਾਬੁਲ ਵਿਚ ਅਮਰੀਕੀ ਹਵਾਈ ਹਮਲੇ ’ਚ ਆਤਮਘਾਤੀ ਬੰਬਰ ਸਮੇਤ ਗੱਡੀ ਤਬਾਹ

360
Share

* ਅਮਰੀਕਾ ਵਿਸ਼ਵ ’ਚ ਕਿਤੇ ਵੀ ਹਮਲਾ ਕਰਨ ਦੇ ਸਮਰੱਥ : ਬਲਿੰਕਨ
ਸੈਕਰਾਮੈਂਟੋ, 30 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕਾਬੁਲ ਹਵਾਈ ਅੱਡੇ ’ਤੇ ਛੇਤੀ ਹੋਰ ਹਮਲਾ ਹੋਣ ਦੀ ਚਿਤਵਾਨੀ ਦੇ ਕੁਝ ਘੰਟਿਆਂ ਬਾਅਦ ਅਮਰੀਕੀ ਫੌਜ ਵੱਲੋਂ ਕੀਤੇ ਹਵਾਈ ਹਮਲੇ ’ਚ ਇਕ ਗੱਡੀ ਜਿਸ ਵਿਚ ਆਤਮਘਾਤੀ ਬੰਬਰ ਸਵਾਰ ਸੀ, ਨਸ਼ਟ ਹੋ ਗਈ। ਅਮਰੀਕੀ ਕਮਾਂਡਰਾਂ ਵੱਲੋਂ ਆਈ.ਐੱਸ.ਆਈ.ਐੱਸ. (ਕੇ) ਦੇ ਆਤਮਘਾਤੀ ਅੱਤਵਾਦੀ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਗਿਆ, ਜਦੋਂ ਉਹ ਕਾਬੁਲ ਹਵਾਈ ਅੱਡੇ ਨੇੜੇ ਇਕ ਗੱਡੀ ’ਚ ਸਵਾਰ ਸੀ। ਅਮਰੀਕੀ ਕੇਂਦਰੀ ਕਮਾਂਡ ਦੇ ਬੁਲਾਰੇ ਨੇਵੀ ਕੈਪਟਨ ਬਿਲ ਅਰਬਨ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਆਈ.ਐੱਸ.ਆਈ.ਐੱਸ. (ਕੇ) ਦੇ ਆਤਮਘਾਤੀ ਬੰਬਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ’ਚ ਕੁਝ ਆਮ ਨਾਗਿਰਕ ਵੀ ਮਾਰੇ ਗਏ ਹੋਣ। ਕੈਪਟਨ ਅਰਬਨ ਨੇ ਜਾਰੀ ਇਕ ਬਿਆਨ ’ਚ ਕਿਹਾ ਹੈ ਕਿ ‘‘ਅਸੀਂ ਹਵਾਈ ਹਮਲੇ ’ਚ ਆਮ ਲੋਕਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਤੋਂ ਜਾਣੂ ਹਾਂ। ਤਬਾਹ ਹੋਈ ਗੱਡੀ ਬਾਰੂਦ ਨਾਲ ਭਰੀ ਹੋਈ ਸੀ, ਜਿਸ ਦੇ ਧਮਾਕੇ ਕਾਰਨ ਆਮ ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੋ ਸਕਦੀ ਹੈ ਪਰ ਅਸਲ ਵਿਚ ਕੀ ਹੋਇਆ ਹੈ, ਇਹ ਅਜੇ ਸਪਸ਼ਟ ਨਹੀਂ ਹੈ।’’ ਕਾਬੁਲ ਹਵਾਈ ਅੱਡੇ ਉਪਰ ਬੀਤੇ ਵੀਰਵਾਰ ਹੋਏ ਆਤਮਘਾਤੀ ਹਮਲੇ ਉਪਰੰਤ ਅਮਰੀਕਾ ਵੱਲੋਂ ਅਫਗਾਨਿਸਤਾਨ ’ਚ ਕੀਤਾ ਗਿਆ ਇਹ ਦੂਸਰਾ ਹਵਾਈ ਹਮਲਾ ਹੈ।
ਅਮਰੀਕੀ ਵਿਦੇਸ਼ ਮੰਤਰੀ ਐਨਟਨੀ ਬਲਿੰਕਨ ਨੇ ਕਿਹਾ ਹੈ ਕਿ ਜੋ ਵੀ ਕੋਈ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ, ਉਸ ਦੇ ਖਿਲਾਫ ਅਮਰੀਕਾ ਕਾਰਵਾਈ ਕਰਨ ਦੇ ਸਮਰੱਥ ਹੈ। ਉਨਾਂ ਕਿਹਾ ਕਿ ‘‘ਸਾਡੇ ਕੋਲ ਅਫਗਾਨਿਸਤਾਨ ਸਮੇਤ ਵਿਸ਼ਵ ਭਰ ਵਿਚ ਸਾਨੂੰ ਨੁਕਸਾਨ ਪਹੁੰਚਾਉਣ ਵਾਲੇ ਅੱਤਵਾਦੀਆਂ ਨੂੰ ਲੱਭਣ ਤੇ ਉਨ੍ਹਾਂ ਵਿਰੁੱਧ ਹਵਾਈ ਹਮਲਾ ਕਰਨ ਦੀ ਸਮਰੱਥਾ ਹੈ।’’ ਬਲਿੰਕਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਬਲਿੰਕਨ ਨੇ ਇਸ ਸਬੰਧੀ ਉਦਾਹਰਣ ਦਿੰਦਿਆਂ ਕਿਹਾ ਕਿ ਯਮਨ, ਸੋਮਾਲੀਆ ਤੇ ਲੀਬੀਆ ਅਜਿਹੇ ਦੇਸ਼ ਹਨ, ਜਿਥੇ ਜ਼ਮੀਨ ਉਪਰ ਅਮਰੀਕੀ ਫੌਜਾਂ ਦੀ ਮੌਜੂਦਗੀ ਨਹੀਂ ਹੈ ਪਰੰਤੂ ਅਮਰੀਕਾ ਉਥੇ ਵੀ ਅੱਤਵਾਦੀਆਂ ਨਾਲ ਹਵਾਈ ਹਮਲੇ ਰਾਹੀਂ ਨਜਿੱਠ ਸਕਦਾ ਹੈ। ਇਥੇ ਜ਼ਿਕਰਯੋਗ ਹੈ ਕਿ ਇਨ੍ਹਾਂ ਦੇਸ਼ਾਂ ਦੇ ਨੇੜੇ ਅਮਰੀਕਾ ਦੇ ਅੱਡੇ ਹਨ ਪਰੰਤੂ ਅਫਗਾਨਿਸਤਾਨ ਜਿਸ ਦਾ ਬਲਿੰਕਨ ਨੇ ਜ਼ਿਕਰ ਨਹੀਂ ਕੀਤਾ, ਦੇ ਨੇੜੇ ਅਮਰੀਕਾ ਦਾ ਕੋਈ ਅੱਡਾ ਨਹੀਂ ਹੈ। ਦੋਹਾ, ਕਤਰ ’ਚ ਅਲ ਉਦੀਦ ਹਵਾਈ ਟਿਕਾਣੇ ਤੋਂ ਅਫਗਾਨਿਸਤਾਨ ਵਿਚ ਮਾਰ ਕਰਨ ਲਈ ਡਰੋਨ ਨੂੰ ਕਈ ਘੰਟੇ ਲੱਗਣਗੇ।

Share