ਕਾਬੁਲ ਵਿਚਲੇ ਅਮਰੀਕੀ ਸਫਾਰਤਖਾਨੇ ਨੂੰ ਸੰਵੇਦਣਸ਼ੀਲ ਦਸਤਾਵੇਜ਼ ਨਸ਼ਟ ਕਰਨ ਦੇ ਆਦੇਸ਼

583
ਕਾਬੁਲ ਸਥਿਤ ਅਮਰੀਕੀ ਦੂਤ ਘਰ ਦੀ ਛੱਤ ਉਪਰ ਲਹਿਰਾ ਰਿਹਾ ਅਮਰੀਕੀ ਝੰਡਾ
Share

ਸੈਕਰਾਮੈਂਟੋ, 14 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਾਬੁਲ ਵਿਚਲੇ ਅਮਰੀਕੀ ਦੂਤਘਰ ਨੂੰ ਸਾਰੇ ਸੰਵੇਦਣਸ਼ੀਲ ਦਸਤਾਵੇਜ ਤੇ ਹੋਰ ਅਜਿਹੀ ਸਮੱਗਰੀ ਨਸ਼ਟ ਕਰਨ ਦੇ ਆਦੇਸ਼ ਦਿੱਤੇ ਹਨ, ਜਿਸ ਨੂੰ ਉਸ ਵਿਰੁੱਧ ਪ੍ਰਚਾਰ ਲਈ ਵਰਤਿਆ ਜਾ ਸਕਦਾ ਹੋਵੇ। ਇਹ ਨਿਰਦੇਸ਼ ਤਾਲਿਬਾਨ ਵੱਲੋਂ ਅਫਗਾਨਿਸਤਾਨ ਸਰਕਾਰ ਦਾ ਤਖਤਾ ਪਲਟ ਦੇਣ ਦੀ ਸੰਭਾਵਨਾ ਦਰਮਿਆਨ ਦਿੱਤੇ ਗਏ ਹਨ। ਇਸ ਤੋਂ ਇਕ ਦਿਨ ਪਹਿਲਾਂ ਪੈਂਟਾਗਨ ਨੇ ਅਮਰੀਕੀ ਦੂਤ ਘਰ ਵਿਚੋਂ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸੁਰੱਖਿਅਤ ਕੱਢ ਕੇ ਲਿਆਉਣ ਵਾਸਤੇ 3000 ਜਵਾਨ ਕਾਬੁਲ ਭੇਜਣ ਦਾ ਐਲਾਨ ਕੀਤਾ ਸੀ। ਅਮਰੀਕੀ ਵਿਦੇਸ਼ ਵਿਭਾਗ ਦੇ ਮੁੱਖ ਬੁਲਾਰੇ ਨੈਡ ਪਰਾਈਸ ਨੇ ਕਿਹਾ ਹੈ ਕਿ ‘‘ਮੈਂ ਇਕ ਗੱਲ ਸਪੱਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਕਾਬੁਲ ਵਿਚ ਸਾਡਾ ਦੂਤ ਘਰ ਖੁੱਲ੍ਹਾ ਰਹੇਗਾ ਤੇ ਸਾਡੀ ਯੋਜਨਾ ਅਫਗਾਨਿਸਤਾਨ ’ਚ ਕੂਟਨੀਤਿਕ ਕੰਮ ਜਾਰੀ ਰੱਖਣ ਦੀ ਹੈ।’’ ਇਕ ਜਾਣਕਾਰੀ ਅਨੁਸਾਰ ਹੁਣ ਕਾਬੁਲ ’ਚ ਕੇਵਲ ਪ੍ਰਮੁੱਖ ਕੂਟਨੀਤਿਕ ਅਧਿਕਾਰੀ ਰਹਿ ਜਾਵੇਗਾ ਤੇ ਬਾਕੀ ਸਾਰਾ ਸਟਾਫ ਕੱਢ ਲਿਆ ਜਾਵੇਗਾ। ਵਿਦੇਸ਼ ਵਿਭਾਗ ਨੇ ਦਿੱਤੇ ਨਿਰਦੇਸ਼ਾਂ ’ਚ ਕਿਹਾ ਹੈ ਕਿ ਦੂਤ ਘਰ ਛੱਡਣ ਤੋਂ ਪਹਿਲਾਂ ਕੰਪਿਊਟਰ ਤੇ ਹੋਰ ਅਜਿਹੇ ਦਸਤਾਵੇਜਾਂ ਦੇ ਨਾਲ ਉਹ ਵਸਤਾਂ ਜਿਨ੍ਹਾਂ ਉਪਰ ਅਮਰੀਕੀ ਝੰਡਾ, ਦੂਤਘਰ ਦਾ ਲੋਗੋ ਜਾਂ ਹੋਰ ਸਮਾਨ ਜਿਸ ਦੀ ਗਲਤ ਵਰਤੋਂ ਹੋ ਸਕਦੀ ਹੋਵੇ, ਨੂੰ ਨਸ਼ਟ ਕਰ ਦਿੱਤਾ ਜਾਵੇ। ਇਕ ਅਧਿਕਾਰੀ ਨੇ ਕਿਹਾ ਹੈ ਕਿ ਇਹ ਆਦੇਸ਼ ਉਸ ਦੇ ਮਾਪਦੰਡ ਪ੍ਰਕਿ੍ਰਆ ਦਾ ਹਿੱਸਾ ਹੈ। ਇਸ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ਉਪਰ ਦੱਸਿਆ ਕਿ ਵਿਸ਼ਵ ਭਰ ’ਚ ਇਹ ਮਾਪਦੰਡ ਪ੍ਰਕਿ੍ਰਆ ਹੀ ਅਪਣਾਈ ਜਾਂਦੀ ਹੈ। ਅਮਰੀਕੀ ਫੌਜ ਦਾ ਅਨੁਮਾਨ ਹੈ ਕਿ ਕਾਬੁਲ 30 ਦਿਨਾਂ ’ਚ ਤਾਲਿਬਾਨ ਦੇ ਕਬਜ਼ੇ ਵਿਚ ਆ ਸਕਦਾ ਹੈ ਤੇ ਬਾਕੀ ਦੇਸ਼ ਉਪਰ ਉਹ ਕੁਝ ਮਹੀਨਿਆਂ ਦੌਰਾਨ ਕਾਬਜ਼ ਹੋ ਸਕਦੇ ਹਨ। ਅਫਗਾਨਿਸਤਾਨ ਦੇ ਉੱਤਰ ਤੇ ਪੱਛਮੀ ਖੇਤਰ ਦੇ ਜ਼ਿਆਦਾਤਰ ਹਿੱਸੇ ਉਪਰ ਉਹ ਪਹਿਲਾਂ ਹੀ ਕਬਜ਼ਾ ਕਰ ਚੁੱਕੇ ਹਨ।

Share