ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ ‘ਤੇ ਅੱਤਵਾਦੀ ਹਮਲੇ ‘ਚ ਦੋ ਹਲਾਕ; 7 ਜ਼ਖ਼ਮੀ

121
Share

-ਅਫਗਾਨਿਸਤਾਨ ਫੌਜ ਨੇ ਮੋਰਚਾ ਸੰਭਾਲਦਿਆਂ ਹਮਲਾਵਰਾਂ ਨੂੰ ਮੌਤ ਦੇ ਘਾਟ ਉਤਾਰਿਆ
ਕਾਬੁਲ/ਨਵੀਂ ਦਿੱਲੀ, 18 ਜੂਨ (ਪੰਜਾਬ ਮੇਲ)- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰੇ ‘ਕਰਤੇ ਪ੍ਰਵਾਨ’ ਵਿਚ ਅੱਜ ਸਵੇਰੇ ਆਈ.ਐੱਸ.ਆਈ.ਐੱਸ. (ਖੁਰਸਾਨ) ਨਾਲ ਸਬੰਧਤ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਗੁਰਦੁਆਰੇ ਵਿਚ ਤਿੰਨ ਧਮਾਕੇ ਕੀਤੇ ਗਏ ਹਨ ਤੇ ਦੋ ਜਣਿਆਂ ਦੀ ਮੌਤ ਹੋਈ ਹੈ ਤੇ ਸੱਤ ਜਣੇ ਜ਼ਖ਼ਮੀ ਹੋਏ ਹਨ। ਇਸ ਦੌਰਾਨ ਅਫਗਾਨਿਸਤਾਨ ਦੇ ਗ੍ਰਹਿ ਵਿਭਾਗ ਦੇ ਬੁਲਾਰੇ ਅਬਦੁਲ ਨਫੀ ਟਾਕੋਰ ਨੇ ਗੁਰਦੁਆਰੇ ‘ਤੇ ਹੋਏ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਮਲਾਵਰਾਂ ਨੂੰ ਮਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੀ ਫੌਜ ਤੇ ਹਮਲਾਵਰਾਂ ਵਿਚਾਲੇ ਹੋਈ ਗੋਲੀਬਾਰੀ ਕਾਰਨ ਇਕ ਸਿੱਖ ਵਿਅਕਤੀ ਦੀ ਮੌਤ ਹੋਈ ਹੈ ਤੇ ਆਈ.ਈ.ਏ. ਦੇ ਇਕ ਜਵਾਨ ਦੀ ਵੀ ਮੌਤ ਹੋਈ ਹੈ। ਇਸੇ ਦੌਰਾਨ ਸੱਤ ਜਣੇ ਜ਼ਖ਼ਮੀ ਹੋਏ ਹਨ। ਅਫਗਾਨਿਸਤਾਨ ਦੀ ਫੌਜ ਤੇ ਹਮਲਾਵਰਾਂ ਵਿਚਾਲੇ ਲੜਾਈ ਖ਼ਤਮ ਹੋ ਗਈ ਹੈ। ਇੰਡੀਅਨ ਵਰਲਡ ਫੌਰਮ ਦੇ ਪ੍ਰਧਾਨ ਪੁਨੀਤ ਸਿੰਘ ਨੇ ਟਵੀਟ ਕੀਤਾ ਹੈ ਕਿ ਗੁਰਦੁਆਰੇ ਵਿਚੋਂ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰੇ ਦੇ ਮੈਨੇਜਰ ਗੁਰਨਾਮ ਸਿੰਘ ਦੇ ਘਰ ਪਹੁੰਚਾਇਆ ਗਿਆ ਹੈ। ਵੇਰਵਿਆਂ ਅਨੁਸਾਰ ਕਾਬੁਲ ‘ਚ ਰਹਿ ਰਹੇ ਸਿੱਖਾਂ ਨੂੰ ਗੁਰਦੁਆਰੇ ਦੇ ਮੈਨੇਜਰ ਗੁਰਨਾਮ ਸਿੰਘ ਨੇ ਫੋਨ ‘ਤੇ ਇਸ ਹਮਲੇ ਬਾਰੇ ਜਾਣਕਾਰੀ ਦਿੱਤੀ। ਇਸੇ ਦੌਰਾਨ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਦੁਆਰੇ ਦੇ ਮੈਨੇਜਰ ਗੁਰਨਾਮ ਸਿੰਘ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ। ਮੈਨੇਜਰ ਅਨੁਸਾਰ ਇਹ ਹਮਲਾ ਸਵੇਰੇ 6 ਵਜੇ ਉਸ ਸਮੇਂ ਹੋਇਆ ਜਦੋਂ ਗੁਰਦੁਆਰੇ ਦਾ ਗ੍ਰੰਥੀ ‘ਪ੍ਰਕਾਸ਼’ ਕਰਨ ਲਈ ਗੁਰਦੁਆਰੇ ਵਿਚ ਦਾਖਲ ਹੋ ਰਿਹਾ ਸੀ। ਹਮਲਾਵਰਾਂ ਨੇ ਗੁਰਦੁਆਰੇ ਵਿਚ ਧਮਾਕਾ ਵੀ ਕੀਤਾ ਅਤੇ ਮੌਜੂਦਾ ਸਮੇਂ ਗੁਰਦੁਆਰਾ ਹਮਲਾਵਰਾਂ ਦੇ ਕਬਜ਼ੇ ਵਿਚ ਹੈ। ਇਸੇ ਦੌਰਾਨ ਗੁਰਦੁਆਰੇ ਦੀ ਦੂਜੀ ਮੰਜ਼ਿਲ ‘ਤੇ ਕੁਝ ਲੋਕਾਂ ਨੂੰ ਬੰਦੀ ਵੀ ਬਣਾਇਆ ਗਿਆ ਹੈ। ਸ੍ਰੀ ਸਿਰਸਾ ਅਨੁਸਾਰ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਹਮਲੇ ਵਿਚ ਕਿੰਨੇ ਜਣਿਆਂ ਦੀ ਮੌਤ ਹੋਈ ਹੈ। ਇੰਡੀਅਨ ਵਰਲਡ ਫੌਰਮ ਦੇ ਪ੍ਰਧਾਨ ਪੁਨੀਤ ਸਿੰਘ ਨੇ ਵੀ ਦੱਸਿਆ ਕਿ ਮੈਨੇਜਰ ਗੁਰਨਾਮ ਸਿੰਘ ਅਨੁਸਾਰ ਗੁਰਦੁਆਰੇ ‘ਤੇ ਵੱਡਾ ਹਮਲਾ ਹੋਇਆ ਹੈ। ਖਬਰ ਏਜੰਸੀ ਰਾਇਟਰਜ਼ ਅਨੁਸਾਰ ਹਮਲੇ ਵੇਲੇ ਗੁਰਦੁਆਰੇ ਵਿਚ 30 ਲੋਕ ਸਨ।
ਭਾਰਤ ਦਾ ਵਿਦੇਸ਼ ਮੰਤਰਾਲਾ ਹੋਇਆ ਚੌਕਸ: ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਾਬੁਲ ਦੇ ਗੁਰਦੁਆਰੇ ‘ਤੇ ਹੋਏ ਹਮਲੇ ਬਾਰੇ ਚਿੰਤਾ ਪ੍ਰਗਟਾਈ ਹੈ। ਮੰਤਰਾਲੇ ਵੱਲੋਂ ਟਵੀਟ ਕੀਤਾ ਗਿਆ ਹੈ ਕਿ ਹਾਲਾਤ ‘ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਘਟਨਾ ਦੇ ਹੋਰਨਾਂ ਵੇਰਵਿਆਂ ਬਾਰੇ ਜਾਣਕਾਰੀ ਲਈ ਜਾ ਰਹੀ ਹੈ।


Share