ਕਾਬੁਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 3 ਪਾਵਨ ਸਰੂਪ ਸਮੇਤ 78 ਯਾਤਰੀ ਭਾਰਤ ਲਿਆਂਦੇ

659
Share

ਨਵੀਂ ਦਿੱਲੀ, 25 ਅਗਸਤ (ਪੰਜਾਬ ਮੇਲ)-ਅਫ਼ਗਾਨਿਸਤਾਨ ਦੇ ਕਾਬੁਲ ਤੋਂ ਸਰਕਾਰ ਵਲੋਂ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ ਹੇਠ ਮੰਗਲਵਾਰ ਨੂੰ ਵਤਨ ਪੁੱਜੇ 25 ਭਾਰਤੀ ਨਾਗਰਿਕਾਂ ਅਤੇ 46 ਅਫ਼ਗਾਨ ਨਾਗਰਿਕਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 3 ਪਾਵਨ ਸਰੂਪ ਵੀ ਲਿਆਂਦੇ ਗਏ। ਅਫ਼ਗਾਨਿਤਸਾਨ ਤੋਂ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀ। ਤਿੰਨੇ ਸਰੂਪ ਮਹਾਂਵੀਰ ਨਗਰ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਲਿਆਂਦੇ ਗਏ। ਇਥੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਾਵਨ ਸਰੂਪ ਪਾਲਕੀ ਸਾਹਿਬ ’ਚ ਸੁਸ਼ੋਭਿਤ ਕੀਤੇ ਗਏ ਤੇ ਫਿਰ ਇਨ੍ਹਾਂ ਨੂੰ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਨਿਊ ਮਹਾਵੀਰ ਨਗਰ ਪੱਛਮੀ ਦਿੱਲੀ ’ਚ ਆਦਰ-ਸਤਿਕਾਰ ਨਾਲ ਲਿਆ ਕੇ ਸੁਸ਼ੋਭਿਤ ਕੀਤਾ ਗਿਆ। ਹਾਲੇ ਵੀ 225 ਸਿੱਖ ਤੇ ਹਿੰਦੂ ਅਫ਼ਗਾਨਿਸਤਾਨ ’ਚ ਹਨ। ਸੋਮਵਾਰ 75 ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਅਚਾਨਕ ਹਾਲਾਤ ਖਰਾਬ ਹੋ ਗਏ ਤੇ ਸਾਰੇ ਲੋਕ ਨਹੀਂ ਲਿਆਂਦੇ ਜਾ ਸਕੇ। ਅਫ਼ਗਾਨਿਸਤਾਨ ਦੀ ਰਾਜਧਾਨੀ ਤੋਂ ਤਜਾਕਿਸਤਾਨ ਦੇ ਦੁਸ਼ਾਂਬੇ ਤੋਂ ਹਵਾਈ ਫ਼ੌਜ ਦੀ ਇਕ ਵਿਸ਼ੇਸ਼ ਉਡਾਣ ਰਾਹੀਂ ਕੁੱਲ 78 ਲੋਕਾਂ ਨੂੰ ਜੰਗ ਪ੍ਰਭਾਵਿਤ ਇਲਾਕੇ ਤੋਂ ਕੱਢਿਆ ਗਿਆ, ਜਿਨ੍ਹਾਂ ’ਚ 25 ਭਾਰਤੀ ਅਤੇ 46 ਅਫ਼ਗਾਨੀ ਸਿੱਖ ਸ਼ਾਮਿਲ ਹਨ। ਜਹਾਜ਼ ਤੋਂ ਬਣਾਏ ਵੀਡੀਓ ’ਚ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਮੁਸਾਫ਼ਰਾਂ ਨੇ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਦੇ ਜੈਕਾਰੇ ਵੀ ਲਾਏ। ਹੁਣ ਤੱਕ ਕਾਬੁਲ ਤੋਂ ਕੁੱਲ 730 ਲੋਕ ਦਿੱਲੀ ਲਿਆਂਦੇ ਗਏ।


Share