ਕਾਬੁਲ ‘ਚ ਹੋਏ ਬੰਬ ਧਮਾਕੇ ਤੇ ਗੋਲੀਬਾਰੀ ਦੌਰਾਨ ਚਾਰ ਜਣਿਆਂ ਦੀ ਮੌਤ

475
Share

ਕਾਬੁਲ, 15 ਦਸੰਬਰ (ਪੰਜਾਬ ਮੇਲ)- ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਅੱਜ ਹੋਏ ਬੰਬ ਧਮਾਕੇ ਅਤੇ ਗੋਲੀਬਾਰੀ ਦੌਰਾਨ ਸੂਬੇ ਦੇ ਉਪ ਮੁਖੀ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ। ਉਧਰ, ਮੁਲਕ ਦੇ ਪੱਛਮੀ ਹਿੱਸੇ ‘ਚ ਸੂਬਾਈ ਪ੍ਰੀਸ਼ਦ ਦੇ ਇਕ ਉਪ ਪ੍ਰਮੁੱਖ ਦੀ ਵੀ ਅਜਿਹੇ ਹਮਲੇ ‘ਚ ਮੌਤ ਹੋ ਗਈ।
ਅਫ਼ਗਾਨ ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਏਰੀਅਨ ਨੇ ਦੱਸਿਆ ਕਿ ਕਾਬੁਲ ਸੂਬੇ ਦੇ ਉਪ ਮੁਖੀ ਦੇ ਵਾਹਨ ‘ਚ ਲਗਾਏ ਗਏ ਬੰਬ ਦੇ ਫਟਣ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ। ਹਮਲੇ ‘ਚ ਗਵਰਨਰ ਮਾਹਬੋਬੁੱਲ੍ਹਾ ਮੋਹਿਬੀ ਆਪਣੇ ਸਕੱਤਰ ਸਣੇ ਮਾਰੇ ਗਏ ਤੇ ਉਨ੍ਹਾਂ ਦੇ ਦੋ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ। ਇਹ ਘਟਨਾ ਕਾਬੁਲ ਨੇੜੇ ਮੈਕਰੋਰਾਯਨ ਇਲਾਕੇ ‘ਚ ਵਾਪਰੀ।
ਕਾਬੁਲ ਦੇ ਪੁਲਿਸ ਮੁਖੀ ਦੇ ਬੁਲਾਰੇ ਫਰਮਾਰਜ ਨੇ ਕਿਹਾ ਕਿ ਕਾਬੁਲ ‘ਚ ਹੋਏ ਇੱਕ ਹੋਰ ਹਮਲੇ ਵਿਚ ਬੰਦੂਕਧਾਰੀਆਂ ਨੇ ਇੱਕ ਪੁਲੀਸ ਅਧਿਕਾਰੀ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਇੱਕ ਹੋਰ ਪੁਲਿਸ ਅਧਿਕਾਰੀ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਆਖਿਆ ਕਿ ਹੱਤਿਆ ਦੀ ਜਾਂਚ ਚੱਲ ਰਹੀ ਹੈ। ਉਧਰ, ਪੱਛਮੀ ਘੋਰ ਸੂਬੇ ਦੀ ਸੂਬਾਈ ਪ੍ਰੀਸ਼ਦ ਦੇ ਉਪ ਪ੍ਰਮੁੱਖ ਅਬਦੁਲ ਰਹਿਣ ਅਤਸ਼ਾਨ ਦੀ ਗੱਡੀ ‘ਚ ਲੱਗਿਆ ਬੰਬ ਫਟਣ ਕਾਰਨ ਉਸ ਦੀ ਮੌਤ ਹੋ ਗਈ, ਜਦੋਂਕਿ ਪ੍ਰੀਸ਼ਦ ਦਾ ਇਕ ਹੋਰ ਮੈਂਬਰ ਅਤੇ ਉਸ ਦਾ ਡਰਾਈਵਰ ਜ਼ਖ਼ਮੀ ਹੋ ਗਏ। ਸੂਬਾਈ ਗਵਰਨਗਰ ਦੇ ਬੁਲਾਰੇ ਆਰਿਫ ਅਬੇਰ ਨੇ ਇਹ ਜਾਣਕਾਰੀ ਦਿੱਤੀ। ਕਾਬੁਲ ਹਮਲੇ ਦੀ ਅਜੇ ਤੱਕ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ।


Share