ਕਾਬੁਲ ‘ਚ ਗੁਰਦੁਆਰਾ ਕਰਤੇ ਪਰਵਾਨ ’ਤੇ ਕੀਤੇ ਹਮਲੇ ’ਚ ਸ਼ਹੀਦ ਹੋਏ ਬਜ਼ੁਰਗ ਸਿੱਖ ਦਾ ਅੱਜ ਦਿੱਲੀ ’ਚ ਹੋਵੇਗਾ ਅੰਤਿਮ ਸੰਸਕਾਰ

22
Share

ਕਾਬੁਲ, 20 ਜੂਨ (ਪੰਜਾਬ ਮੇਲ)- ਅਫਗਾਨਿਸਤਾਨ ਦੇ ਕਾਬੁਲ ਸ਼ਹਿਰ ਵਿਚ ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਵਲੋਂ ਗੁਰਦੁਆਰਾ ਕਰਤੇ ਪਰਵਾਨ ’ਤੇ ਕੀਤੇ ਗਏ ਹਮਲੇ ’ਚ ਸ਼ਹੀਦ ਹੋਏ ਬਜ਼ੁਰਗ ਸਿੱਖ ਸੁਖਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਸੋਮਵਾਰ ਯਾਨੀ ਅੱਜ ਗੁਰਦੁਆਰਾ ਸ੍ਰੀ ਅਰਜਨ ਦੇਵ ਦਿੱਲੀ ਵਿਖੇ ਕੀਤਾ ਜਾਵੇਗਾ। ਭੋਗ ਅਤੇ ਅੰਤਿਮ ਅਰਦਾਸ ਪੱਛਮੀ ਦਿੱਲੀ ਦੇ ਤਿਲਕ ਵਿਹਾਰ ਵਿਖੇ ਹੋਵੇਗੀ। ਸੁਖਵਿੰਦਰ ਸਿੰਘ ਦਾ ਬੇਟਾ ਇੰਗਲੈਂਡ ਦੇ ਬਰਮਿੰਘਮ ਤੋਂ ਐਤਵਾਰ ਦਿੱਲੀ ਪਹੁੰਚਿਆ।
ਦੂਜੇ ਪਾਸੇ ਅੱਤਵਾਦੀ ਗਰੁੱਪ ਇਸਲਾਮਿਕ ਸਟੇਟ-ਖੋਰਾਸਾਨ ਪ੍ਰੋਜੈਕਟ ਨੇ ਆਪਣੀ ਵੈੱਬਸਾਈਟ ‘ਅਮਾਕ’ ’ਤੇ ਇਕ ਪੋਸਟ ਪਾ ਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅੱਤਵਾਦੀ ਗਰੁੱਪ ਨੇ ਕਿਹਾ ਕਿ ਉਸ ਦੇ ਇੱਕ ਲੜਾਕੇ ਨੇ ਇੱਕ ਸੁਰੱਖਿਆ ਗਾਰਡ ਦੀ ਹੱਤਿਆ ਕਰਨ ਤੋਂ ਬਾਅਦ ਗੁਰਦੁਆਰੇ ਵਿੱਚ ਦਾਖਲ ਹੋ ਕੇ ਆਪਣੀਆਂ ਮਸ਼ੀਨਗੰਨਾਂ ਨਾਲ ਗੋਲੀਬਾਰੀ ਕੀਤੀ ਅਤੇ ਅੰਦਰ ਸ਼ਰਧਾਲੂਆਂ ’ਤੇ ਗ੍ਰਨੇਡ ਸੁੱਟੇ। ਇਸਲਾਮਿਕ ਸਟੇਟ ਨੇ ਕਿਹਾ ਕਿ ਇਹ ਹਮਲਾ ਉਨ੍ਹਾਂ ਹਿੰਦੂਆਂ, ਸਿੱਖਾਂ ਅਤੇ ਅਧਰਮੀ ਲੋਕਾਂ ਦੇ ਖਿਲਾਫ ਸੀ ਜਿਨ੍ਹਾਂ ਨੇ ਅੱਲ੍ਹਾ ਦੇ ਦੂਤ ਦਾ ਅਪਮਾਨ ਕਰਨ ਵਿੱਚ ਸਾਥ ਦਿੱਤਾ ਸੀ।
ਕਾਬੁਲ ਦੇ ਗੁਰਦੁਆਰੇ ਕਰਤੇ ਪਰਵਾਨ ’ਚ ਸ਼ਨੀਵਾਰ ਨੂੰ ਹੋਏ ਹਮਲੇ ’ਚ ਮਾਰੇ 2 ਲੋਕਾਂ ਵਿਚੋਂ ਇਕ ਸੁਖਵਿੰਦਰ ਸਿੰਘ ਦੀ ਪਤਨੀ ਪਾਲ ਕੌਰ ਨੇ ਕਿਹਾ ਕਿ ਸੁਖਵਿੰਦਰ ਸਿੰਘ ਵੀਜ਼ਾ ਲੈਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਜੇਕਰ ਉਨ੍ਹਾਂ ਨੂੰ ਵੀਜ਼ਾ ਸਮੇਂ ਸਿਰ ਮਿਲ ਜਾਂਦਾ ਤਾਂ ਸ਼ਾਇਦ ਉਨ੍ਹਾਂ ਦੀ ਜਾਨ ਬਚ ਸਕਦੀ ਸੀ। ਸੁਖਵਿੰਦਰ ਸਿੰਘ ਕਾਬੁਲ ’ਚ ਪਾਨ ਦੀ ਦੁਕਾਨ ਚਲਾਉਂਦੇ ਸਨ ਅਤੇ ਗੁਰਦੁਆਰੇ ’ਚ ਰਹਿੰਦੇ ਸਨ। ਉਨ੍ਹਾਂ ਨੇ ਈ-ਵੀਜ਼ਾ ਲਈ ਅਪਲਾਈ ਕੀਤਾ ਸੀ, ਜੋ ਐਤਵਾਰ ਨੂੰ ਮਨਜ਼ੂਰ ਹੋ ਗਿਆ। ਕੌਰ ਨੇ ਕਿਹਾ ਕਿ ਉਹ ਅਫਗਾਨਿਸਤਾਨ ’ਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਵੀਜ਼ਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।


Share