‘ਕਾਫੀ ਪ੍ਰੇਸ਼ਾਨ’ ਕਰਨ ਵਾਲਾ ਸਿੱਖ ਕੈਬ ਚਾਲਕ ’ਤੇ ਹਮਲਾ : ਅਮਰੀਕੀ ਵਿਦੇਸ਼ ਵਿਭਾਗ

108
Share

ਨਿਊਯਾਰਕ, 9 ਜਨਵਰੀ (ਪੰਜਾਬ ਮੇਲ)- ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਜੌਹਨ ਐੱਫ ਕੈਨੇਡੀ (ਜੇਐੱਫਕੇ) ਕੌਮਾਂਤਰੀ ਹਵਾਈ ਅੱਡੇ ’ਤੇ ਭਾਰਤੀ ਮੂਲ ਦੇ ਇਕ ਸਿੱਖ ਕੈਬ ਚਾਲਕ ’ਤੇ ਹਮਲੇ ਦੀਆਂ ਖ਼ਬਰਾਂ ਨਾਲ ਵਿਭਾਗ ‘ਕਾਫੀ ਪ੍ਰੇਸ਼ਾਨ’ ਹੈ। ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਮੱਧ ਏਸ਼ਿਆਈ ਮਾਮਲਿਆਂ ਦੇ ਬਿਊਰੋ (ਐੱਸਸੀਏ) ਨੇ ਕਿਸੇ ਵੀ ਤਰ੍ਹਾਂ ਦੀ ਨਫ਼ਰਤੀ ਹਿੰਸਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਨਫ਼ਰਤੀ ਅਪਰਾਧ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਕਾਰਿਆਂ ਲਈ ਜਵਾਬਦੇਹਾ ਠਹਿਰਾਇਆ ਜਾਣਾ ਚਾਹੀਦੈ, ਭਾਵੇਂ ਅਜਿਹੇ ਅਪਰਾਧ ਕਿਧਰੇ ਵੀ ਹੋਏ ਹੋਣ। ਐੱਸਸੀਏ ਨੇ ਇਕ ਟਵੀਟ ਵਿਚ ਕਿਹਾ, ‘‘ਜੇਐੱਫਕੇ ਹਵਾਈ ਅੱਡੇ ’ਤੇ ਪਿਛਲੇ ਹਫ਼ਤੇ ਬਣਾਈ ਗਈ ਵੀਡੀਓ ਵਿਚ ਇਕ ਸਿੱਖ ਚਾਲਕ ’ਤੇ ਹਮਲੇ ਦੀਆਂ ਖ਼ਬਰਾਂ ਤੋਂ ਕਾਫੀ ਦੁੱਖੀ ਹਾਂ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਨਫ਼ਰਤੀ ਅਪਰਾਧਾਂ ਦੇ ਦੋਸ਼ੀਆਂ ਨੂੰ ਉਨ੍ਹਾਂ ਦੇ ਕਾਰਿਆਂ ਲਈ ਜਵਾਬਦੇਹ ਠਹਿਰਾਇਆ ਜਾਵੇ, ਭਾਵੇਂ ਅਜਿਹੇ ਅਪਰਾਧੀ ਕਿਤੇ ਵੀ ਹੋਣ।’’ ਸੋਸ਼ਲ ਮੀਡੀਆ ’ਤੇ ਜਾਰੀ ਇਕ ਵੀਡੀਓ ਵਿਚ ਇੱਥੇ ਜੇਐੱਫਕੇ ਕੌਮਾਂਤਰੀ ਹਵਾਈ ਅੱਡੇ ਦੇ ਬਾਹਰ ਸਿੱਖ ਟੈਕਸੀ ਚਾਲਕ ’ਤੇ ਇਕ ਅਣਪਛਾਤਾ ਵਿਅਕਤੀ ਹਮਲਾ ਕਰਦਾ ਹੋਇਆ ਦਿਖ ਰਿਹਾ ਹੈ। ਹਮਲਵਾਰ ਨੇ ਟੈਕਸੀ ਚਾਲਕ ਦੀ ਪੱਗ ਲਾਹ ਦਿੱਤੀ ਅਤੇ ਉਸ ਖ਼ਿਲਾਫ਼ ਮਾੜੇ ਸ਼ਬਦਾਂ ਦਾ ਇਸਤੇਮਾਲ ਕੀਤਾ। ਬਿਨਾ ਤਰੀਕ ਵਾਲੇ 26 ਸਕਿੰਟ ਦੇ ਇਸ ਵੀਡੀਓ ਨੂੰ ਟਵਿੱਟਰ ਯੂਜ਼ਰ ਨਵਜੋਤ ਪਾਲ ਕੌਰ ਨੇ 4 ਜਨਵਰੀ ਨੂੰ ਮਾਈਕ੍ਰੋ ਬਲੌਗਿੰਗ ਸਾਈਟ ’ਤੇ ਅਪਲੋਡ ਕੀਤਾ ਸੀ।

ਇਸ ਤੋਂ ਪਹਿਲਾਂ, ਨਿਊਯਾਰਕ ਵਿਚ ਭਾਰਤੀ ਕੌਂਸਲੇਟ ਜਨਕਰਲ ਨੇ ਕਿਹਾ ਕਿ ਉਸ ਨੇ ਇਹ ਮਾਮਲਾ ਅਮਰੀਕੀ ਅਥਾਰਿਟੀਜ਼ ਕੋਲ ਉਠਾਉਂਦਿਆਂ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ, ਜਿਸ ਦੀ ਪ੍ਰਤੀਕਿਰਿਆ ਵਜੋਂ ਅਮਰੀਕੀ ਵਿਦੇਸ਼ ਵਿਭਾਗ ਦਾ ਉਕਤ ਬਿਆਨ ਆਇਆ।


Share