ਕਾਫ਼ਲੇ ਵੱਲੋਂ ‘ਠੰਢੀ ਰਾਖ਼’ ਕਹਾਣੀ-ਸੰਗ੍ਰਹਿ ਰਲੀਜ਼

753

ਦਿੱਲੀ ਕਤਲੇ-ਆਮ ਦੀ ਨਿਖੇਧੀ
ਟੋਰਾਂਟੋ, 4 ਮਾਰਚ (ਪਰਮਜੀਤ ਦਿਓਲ/ਪੰਜਾਬ ਮੇਲ)’ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਫ਼ਰਵਰੀ ਮਹੀਨੇ ਦੀ ਮੀਟਿੰਗ ਕੁਲਵਿੰਦਰ ਖਹਿਰਾ ਅਤੇ ਪਰਮਜੀਤ ਦਿਓਲ ਦੀ ਨਿਗਰਾਨੀ ਹੇਠ ਹੋਈ ਜਿਸ ਵਿੱਚ ਸਾਨੂੰ ਵਿਛੋੜਾ ਦੇ ਗਏ ਸਤਿਕਾਰਤ ਲੇਖਕ ਦਲੀਪ ਕੌਰ ਟਿਵਾਣਾ ਅਤੇ ਜਸਵੰਤ ਕੰਵਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਦਿੱਲੀ ਕਤਲੇਆਮ ਦੀ ਨਿਖੇਧੀ ਕੀਤੀ ਗਈ ਅਤੇ ਕਹਾਣੀ-ਸੰਗ੍ਰਹਿ ‘ਠੰਢੀ ਰਾਖ਼’ ਉੱਤੇ ਵਿਚਾਰ-ਚਰਚਾ ਕੀਤੀ ਗਈ।
ਡਾ. ਨਾਹਰ ਸਿੰਘ ਨੇ ਦਿੱਲੀ ਵਿੱਚ ਹੋ ਰਹੀਆਂ ਵਾਰਦਾਤਾਂ ਬਾਰੇ ਬੋਲਦਿਆਂ ਕਿਹਾ ਕਿ ਇਹ ਦੰਗੇ ਨਹੀਂ ਸਗੋਂ ਇੱਕ ਖ਼ਾਸ ਭਾਈਚਾਰੇ ਦਾ ਕਤਲੇਆਮ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਸਟੇਟ ਦੀ ਸ਼ਮੂਲੀਅਤ ਤੋਂ ਬਿਨਾਂ ਸੰਭਵ ਨਹੀਂ ਅਤੇ ਪੁਲੀਸ ਵੱਲੋਂ ਘਟਨਾਵਾਂ ਵਾਲ਼ੀਆਂ ਥਾਵਾਂ ‘ਤੇ ਸੀਸੀਟੀਵੀ ਕੈਮੇਰੇ ਤੋੜਨਾ ਅਤੇ ਅਡੋਲ ਖੜ੍ਹੇ ਰਹਿਣਾ ਵੀ ਇਸ ਗੱਲ ਦੀ ਹਾਮੀਂ ਭਰਦਾ ਹੈ। ਕੁਲਵਿੰਦਰ ਖਹਿਰਾ ਨੇ ਕਿਹਾ ਕਿ ਜੇ 1984 ‘ਚ ਹੋਏ ਕਤਲੇਆਮ ਦਾ ਸਖ਼ਤ ਨੋਟਿਸ ਲੈ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਹੁੰਦੀਆਂ ਤਾਂ ਉਹ ਇਤਿਹਾਸ ਮੁੜ ਨਹੀਂ ਸੀ ਦੁਹਰਾਇਆ ਜਾਣਾ। ਉਨ੍ਹਾਂ ਲੇਖਕਾਂ ਨੂੰ ਆਪਣਾ ਫ਼ਰਜ਼ ਪਛਾਣ ਕੇ ਇਸ ਦਹਿਸ਼ਤਗਰਦੀ ਖਿਲਾਫ਼ ਆਵਾਜ਼ ਉਠਾਉਣ ਦੀ ਅਪੀਲ ਕੀਤੀ। 
ਡਾ. ਜਤਿੰਦਰ ਰੰਧਾਵਾ ਨੇ ਡਾ. ਦਲੀਪ ਕੌਰ ਟਿਵਾਣਾ ਬਾਰੇ ਬੋਲਦਿਆਂ ਦੱਸਿਆ ਕਿ ਪੰਜਾਬੀ ਸਾਹਿਤ ਨੂੰ ਅਮੀਰ ਕਰਨ ਵਿੱਚ ਡਾ ਟਿਵਾਣਾ ਦੀ ਬਹੁਤ ਵੱਡੀ ਦੇਣ ਹੈ। ਡਾ ਟਿਵਾਣਾ ਵੱਲੋਂ ਪਾਈਆਂ ਪੈੜਾਂ ਦਾ ਜ਼ਿਕਰ ਕਰਦਿਆਂ ਰੰਧਾਵਾ ਨੇ ਕਿਹਾ ਕਿ ਉਹ ਐੱਮ.ਏ. ਪੰਜਾਬੀ ਵਿੱਚ ਗੋਲਡ ਮੈਡਲ ਜਿੱਤਣ ਵਾਲ਼ੀ, ਪੰਜਾਬੀ ਯੂਨੀਵਰਸਿਟੀ ਵਿੱਚ ਲੈਕਚਰਚ ਤੋਂ ਲੈ ਕੇ ਭਾਸ਼ਾ ਵਿਭਾਗ ਦੇ ਡੀਨ ਤੱਕ ਪਹੁੰਚਣ ਵਾਲ਼ੀ, ”ਏਹੋ ਹਮਾਰਾ ਜੀਵਣਾ’ ਨਾਵਲ ‘ਤੇ ਸਾਹਿਤ ਅਕੈਡਮੀ ਦਾ ਇਨਾਮ ਜਿੱਣ ਵਾਲ਼ੀ ਅਤੇ ਸ੍ਰੋਮਣੀ ਕਮੇਟੀ ਤੋਂ ਸਾਹਿਤਕ ਸਨਮਾਨ ਹਾਸਲ ਕਰਨ ਵਾਲ਼ੀ ਪਹਿਲੀ ਔਰਤ ਲੇਖਕ ਸੀ। ਉਨ੍ਹਾਂ ਕਿਹਾ ਕਿ ਸਾਨੂੰ ਦਲੀਪ ਕੌਰ ਟਿਵਾਣਾ ਦੇ ਤੁਰ ਜਾਣ ਦਾ ਦੁੱਖ ਤਾਂ ਹੈ ਪਰ ਉਹ ਪੰਜਾਬੀ ਸਾਹਿਤ ਜਗਤ ਵਿੱਚ ਹਮੇਸ਼ਾਂ ਜੀਂਦੇ ਰਹਿਣਗੇ।
ਜਸਵੰਤ ਕੰਵਲ ਬਾਰੇ ਬੋਲਦਿਆਂ ਜਰਨੈਲ ਸਿੰਘ ਕਹਾਣੀਕਾਰ ਨੇ ਕੰਵਲ ਨੂੰ ਪੇਂਡੂ ਅਤੇ ਕਿਸਾਨੀ ਜੀਵਨ ਦਾ ਵੱਡਾ ਗਲਪਕਾਰ ਦੱਸਿਆ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੇਖਕਾਂ ਵਾਂਗ ਜਸਵੰਤ ਕੰਵਲ ਉਨ੍ਹਾਂ ਦੇ ਵੀ ਪ੍ਰੇਰਨਾ-ਸਰੋਤ ਬਣੇ। ਜਸਵੰਤ ਕੰਵਲ ਨਾਲ਼ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਲੇਖਿਕਾ ਸੁਰਿੰਦਰਜੀਤ ਨੇ ਵੀ ਸ਼ਰਧਾਂਜਲੀ ਭੇਟ ਕੀਤੀ। 
ਰਾਜਿੰਦਰ ਸਿੰਘ ਢੱਡਾ ਦੀ ਪੁਸਤਕ ‘ਠੰਢੀ ਰਾਖ਼’ ਬਾਰੇ ਕਹਾਣੀਕਾਰ ਕੁਲਜੀਤ ਮਾਨ ਵੱਲੋਂ ਪਰਚਾ ਪੜ੍ਹਿਆ ਗਿਆ ਜਿਸ ਵਿੱਚ ਉਨ੍ਹਾਂ ਨੇ ਬਹੁਤ ਹੀ ਗਹਿਰਾਈ ਨਾਲ਼ ਹਰ ਕਹਾਣੀ ਨੂੰ ਘੋਖਿਆ ਅਤੇ ਉਨ੍ਹਾਂ ਦੇ ਵਿਸ਼ਿਆਂ ਨੂੰ ਬਿਆਨਿਆ।ਪਰਚਾ ਲਿਖਣ ‘ਤੇ ਕੀਤੀ ਗਈ ਮਿਹਨਤ ਅਤੇ ਗਹਿਰਾਈ ਦੀ ਸਭ ਵੱਲੋਂ ਤਾਰਫ਼ ਕੀਤੀ ਗਈ। ਜਰਨੈਲ ਸਿੰਘ ਕਹਾਣੀਕਾਰ ਨੇ ਕਿਹਾ ਕਿ ਰਾਜਿੰਦਰ ਸਿੰਘ ਢੱਡਾ ਕੋਲ਼ ਵਿਸ਼ੇ ਹਨ ਜਿਨ੍ਹਾਂ ਰਾਹੀਂ ਉਹ ਜੀਵਨ ਦੇ ਅਹਿਮ ਮਸਲਿਆਂ ਨੂੰ ਪੇਸ਼ ਕਰਦੇ ਨੇ। ਜਰਨੈਲ ਸਿੰਘ ਨੇ ਢੱਡਾ ਨੂੰ ਯਥਾਰਥਵਾਦੀ ਕਹਾਣੀਕਾਰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਲਿਖਣ ਕਲਾ ਦੇ ਸ਼ੁਰੂਆਤੀ ਪੜਾਅ ‘ਚ ਹੋਣ ਨੂੰ ਧਿਆਨ ‘ਚ ਰੱਖਦਿਆਂ ਲੱਗਦਾ ਹੈ ਕਿ ਆਉਣ ਵਾਲ਼ੇ ਸਮੇਂ ‘ਚ ਉਨ੍ਹਾਂ ਦੀਆਂ ਕਹਾਣੀਆਂ ‘ਚ ਬਹੁਤ ਨਿਖਾਰ ਆਵੇਗਾ। ਪਿਆਰਾ ਸਿੰਘ ਕੁੱਦੋਵਾਲ਼ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਪਾਤਰ ਨਾਨਕ ਸਿੰਘ ਦੇ ਯੁਗ ਵਾਂਗ ‘ਕਾਲੇ-ਚਿੱਟੇ’ ਅਤੇ ਇਕਸਾਰ ਨਹੀਂ ਰਹੇ ਸਗੋਂ ਕੋਈ ਵੀ ਪਾਤਰ ਕਿਸੇ ਵੀ ਸਮੇਂ ਕੋਈ ਵੀ ਰੂਪ ਵਟਾ ਸਕਦਾ ਹੈ ਜਿਸ ਨੂੰ ਸਿਰਜਣਾ ਬਹੁਤ ਮੁਸ਼ਕਲ ਹੈ ਪਰ ਢੱਡਾ ਨੇ ਬਾਖ਼ੂਬੀ ਇਹ ਕਲਾ ਨਿਭਾਈ ਹੈ ਅਤੇ ਵੱਖ ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਂਦੇ ਪਾਤਰ ਸਫ਼ਲਤਾ ਨਾਲ਼ ਸਿਰਜੇ ਨੇ। ਡਾ ਨਾਹਰ ਸਿੰਘ ਨੇ ਕਹਾਣੀ ਦੀ ਬਣਤਰ ਬਾਰੇ ਗੱਲ ਕਰਦਿਆਂ ਕਿਹਾ ਕਿ ਸਮਕਾਲ ਦੇ ਵਿਸ਼ੇ ਨੂੰ ਪ੍ਰਭਾਵਸ਼ਾਲੀ (ਕੰਨਵਿਨਸਿੰਗ) ਬਣਾਉਣ ਲਈ ਠਰ੍ਹੰਮੇਂ ਦੀ ਲੋੜ ਪੈਂਦੀ ਹੈ ਅਤੇ ਭਾਸ਼ਾ ‘ਤੇ ਪੂਰੀ ਪਕੜ ਚਾਹੀਦੀ ਹੈ। ਉਨ੍ਹਾਂ ਕਹਾਣੀਆਂ ਦੇ ਵਿਸ਼ਿਆਂ ਨੂੰ ਰੌਚਕ ਦੱਸਿਆ ਅਤੇ ਸੁਝਾਅ ਦਿੱਤਾ ਕਿ ਕੁਝ ਘਟਨਾਵਾਂ ਨੂੰ ਬਿਆਨ ਕਰਨ ਲਈ ਵਿਸਥਾਰ ਦੀ ਲੋੜ ਸੀ ਜਦਕਿ ਕਹਾਣੀਆਂ ਵਿੱਚ ਤੱਤ-ਫੱਟ ਬਿਆਨ ਕਰ ਦਿੱਤਾ ਗਿਆ ਹੈ। 
ਨਾਟਕਕਾਰ ਜਸਪਾਲ ਢਿੱਲੋਂ ਨੇ ‘ਗ਼ਦਾਰ’ ਕਹਾਣੀ ਦੇ ਪਾਤਰਾਂ ਦੇ ਹਵਾਲੇ ਨਾਲ਼ ਦਵਿੰਦਰ ਦਮਨ ਦੇ ਨਾਟਕ ”ਕਾਲ਼ਾ ਲਹੂ” ਦੇ ਉਹ ਡਾਇਆਲੌਗ ਪੇਸ਼ ਕੀਤੇ ਜੋ ਇਸ ਕਹਾਣੀ ਦੀ ਤਰਜ਼ ‘ਤੇ ਹੀ ਹਿੰਦ-ਪਾਕ ਬਟਵਾਰੇ ਦਾ ਦੁਖ਼ਾਂਤ ਪੇਸ਼ ਕਰਦੇ ਸਨ।
ਕਵਿੱਤਰੀ ਅਤੇ ਪੱਤਰਕਾਰ ਲਵੀਨ ਗਿੱਲ ਨੇ ਇਸ ਕਿਤਾਬ ‘ਤੇ ਵਿਚਾਰ-ਚਰਚਾ ਕਰਵਾਉਣ ਲਈ ਕਾਫ਼ਲੇ ਦਾ ਧੰਨਵਾਦ ਕੀਤਾ ਅਤੇ ਲੰਮੇਂ ਸਮੇਂ ਤੋਂ ਕਾਫ਼ਲੇ ਵੱਲੋਂ ਕਰਵਾਏ ਜਾ ਰਹੇ ਮਿਆਰੀ ਸਾਹਿਤਕ ਸਮਾਗਮਾਂ ਦੀ ਤਾਰੀਫ਼ ਕੀਤੀ। ਰਾਜਿੰਦਰ ਸਿੰਘ ਢੱਡਾ ਨੇ ਸਾਰੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇੱਕ ਲੰਮੇਂ ਅਰਸੇ ਬਾਅਦ ਉਹ ਫਿਰ ਲਿਖਣ ਵੱਲ ਮੁੜੇ ਨੇ। ਉਨ੍ਹਾਂ ਨੇ ਆਏ ਸੁਝਾਵਾਂ ਨੂੰ ਵਿਚਾਰਨ ਦਾ ਵਾਅਦਾ ਵੀ ਕੀਤਾ। 
ਮੀਟਿੰਗ ਵਿੱਚ ਰਾਜਿੰਦਰ ਕੌਰ, ਕਰਮਜੋਤ ਸਿੰਘ, ਅਜੀਤ ਸਿੰਘ, ਸੁਜਾਨ ਸਿੰਘ ਸੁਜਾਨ, ਡਾ. ਜਗਦੀਸ਼ ਚੋਪੜਾ, ਨੀਨਾ ਸਿੰਘ, ਸ਼ਹਿਨਾਜ ਸਹੋਤਾ, ਅਮਰਜੀਤ ਕੌਰ ਮਿਨਹਾਸ, ਗੁਰਦਾਸ ਮਿਨਹਾਸ, ਇਕਬਾਲ ਬਰਾੜ, ਵਿੰਨੀ ਪਾਬਲਾ, ਲਾਲ ਸਿੰਘ ਬੈਂਸ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਸੰਧੂ, ਦਰਸ਼ਨ ਸਿੰਘ ਦਰਸ਼ਨ, ਸੁੱਚਾ ਸਿੰਘ ਮਾਂਗਟ, ਪੂਰਨ ਸਿੰਘ ਪਾਂਧੀ, ਰਣਜੀਤ ਸਿੰਘ ਲਾਲ, ਕੁਲਵਿੰਦਰ ਸਿੰਘ ਸੈਣੀ, ਗਿਆਨ ਸਿੰਘ ਦਰਦੀ, ਸੁਰਿੰਦਰ ਬਿੰਨਰ, ਬਲਜੀਤ ਬੈਂਸ, ਦਵਿੰਦਰ ਮੱਟਾ, ਅੰਮ੍ਰਿਤਪਾਲ, ਪਰਵਿੰਦਰ ਗੋਗੀ, ਤਰਲੋਚਨ ਸਿੰਘ ਗਿੱਲ ਅਤੇ ਕੁਲਦੀਪ ਕੌਰ ਗਿੱਲ ਨੇ ਹਾਜ਼ਰੀ ਲਵਾਈ। ਰਿੰਟੂ ਭਾਟੀਆ, ਸੁਰਿੰਦਰ ਖਹਿਰਾ ਅਤੇ ਪਰਮਜੀਤ ਦਿਓਲ ਨੇ ਮੀਟਿੰਗ ਦੀ ਸਮੁੱਚੀ ਕਾਰਵਾਈ ਨੂੰ ਸੰਭਾਲ਼ਿਆ ਜਦਕਿ ਕੁਲਵਿੰਦਰ ਖਹਿਰਾ ਨੇ ਸਟੇਜ ਦੀ ਜ਼ਿੰਮੇਂਵਾਰੀ ਨਿਭਾਈ।