ਕਾਨਪੁਰ ’ਚ ਹੋਏ ’84 ਦੰਗਿਆਂ ਦੇ ਸਿਲਸਿਲੇ ’ਚ ਵਿਸ਼ੇਸ਼ ਜਾਂਚ ਟੀਮ ਵੱਲੋਂ 2 ਹੋਰ ਗਿ੍ਰਫ਼ਤਾਰ

15
Share

ਕਾਨਪੁਰ, 22 ਜੂਨ (ਪੰਜਾਬ ਮੇਲ)- ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਕਤਲੇਆਮ ਅਤੇ ਇਕ ਮਕਾਨ ਨੂੰ ਅੱਗ ਲਗਾਉਣ ਦੇ ਦੋਸ਼ੀ 2 ਲੋਕਾਂ ਨੂੰ ਮੰਗਲਵਾਰ ਨੂੰ ਗਿ੍ਰਫ਼ਤਾਰ ਕੀਤਾ। ਉਦੋਂ ਮਕਾਨ ’ਚ ਅੱਗ ਲਗਾਏ ਜਾਣ ਨਾਲ ਤਿੰਨ ਲੋਕ ਸੜ ਕੇ ਮਰ ਗਏ ਸਨ। ਪੁਲਿਸ ਨੇ ਇਹ ਗਿ੍ਰਫ਼ਤਾਰੀ ਘਾਟਮਪੁਰ ਤੋਂ ਕੀਤੀ ਅਤੇ ਹੁਣ ਤੱਕ ਗਿ੍ਰਫ਼ਤਾਰ ਕੀਤੇ ਗਏ ਲੋਕਾਂ ਦੀ ਗਿਣਤੀ 6 ਤੱਕ ਪਹੁੰਚ ਗਈ ਹੈ। ਉਸ ਅਨੁਸਾਰ ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੋਬੀਨ ਸ਼ਾਹ (60) ਅਤੇ ਅਮਰ ਸਿੰਘ ਉਰਫ਼ ਭੂਰਾ (61) ਵਜੋਂ ਕੀਤੀ ਗਈ ਹੈ। ਇਸ ਐੱਸ.ਆਈ.ਟੀ. ਦੀ ਅਗਵਾਈ ਕਰ ਰਹੇ ਪੁਲਿਸ ਡਿਪਟੀ ਜਨਰਲ ਇੰਸਪੈਕਟਰ ਬਾਲੇਂਦੁ ਭੂਸ਼ਣ ਸਿੰਘ ਨੇ ਕਿਹਾ ਕਿ ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਮੁੱਖ ਨਿਆਇਕ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਮੈਜਿਸਟ੍ਰੇਟ ਨੇ ਉਨ੍ਹਾਂ ਨੂੰ 14 ਦਿਨ ਦੀ ਨਿਆਇਕ ਰਿਮਾਂਡ ’ਤੇ ਭੇਜ ਦਿੱਤਾ। ਅਮਰ ਸਿੰਘ ਭੂਰਾ ਘਾਟਮਪੁਰ ਤੋਂ ਹਿਸਟ੍ਰੀਸ਼ੀਟਰ ਹੈ ਅਤੇ ਉਸ ਖ਼ਿਲਾਫ਼ ਡਕੈਤੀ, ਲੁੱਟ ਵਰਗੇ ਕਰੀਬ ਇਕ ਦਰਜਨ ਗੰਭੀਰ ਮਾਮਲੇ ਦਰਜ ਹਨ। ਉਹ ਖੇਤਰ ਦੇ ਵਾਟੇਡ ਨੰਨਾ ਗਿਰੋਹ ਨਾਲ ਵੀ ਸਰਗਰਮ ਰੂਪ ਨਾਲ ਜੁੜਿਆ ਹੈ।
ਇਨ੍ਹਾਂ ਲੋਕਾਂ ’ਤੇ ਆਈ.ਪੀ.ਸੀ. ਦੀ ਧਾਰਾ 396 ਅਤੇ 436 ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਦੱਸਣਯੋਗ ਹੈ ਕਿ ਐੱਸ.ਆਈ.ਟੀ. ਵਲੋਂ ਘਾਟਮਪੁਰ ਤੋਂ 4 ਮੁੱਖ ਦੋਸ਼ੀਆਂ ਦੀ ਗਿ੍ਰਫ਼ਤਾਰੀ ਤੋਂ ਬਾਅਦ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ’ਚ ਗਿ੍ਰਫ਼ਤਾਰੀਆਂ 15 ਜੂਨ ਤੋਂ ਸ਼ੁਰੂ ਹੋਈਆਂ। ਇਸ ਐੱਸ.ਆਈ.ਟੀ. ਦਾ ਗਠਨ ਸੁਪਰੀਮ ਕੋਰਟ ਦੇ ਆਦੇਸ਼ ’ਤੇ 27 ਮਈ 2019 ਨੂੰ ਕੀਤਾ ਗਿਆ ਸੀ। ਬਾਲੇਂਦੁ ਭੂਸ਼ਣ ਸਿੰਘ ਨੇ ਦੱਸਿਆ ਕਿ ਐੱਸ.ਆਈ.ਟੀ. ਨੇ 96 ਵਿਅਕਤੀਆਂ ਦੀ ਪਛਾਣ ਮੁੱਖ ਸ਼ੱਕੀ ਵਜੋਂ ਕੀਤੀ ਹੈ, ਜਿਨ੍ਹਾਂ ’ਚੋਂ 22 ਵਿਅਕਤੀਆਂ ਦੀ ਮੌਤ ਹੋ ਚੁਕੀ ਹੈ। ਉਨ੍ਹਾਂ ਅਨੁਸਾਰ ਕਰੀਬ 11 ਸ਼ੱਕੀ ਲੋਕਾਂ ਬਾਰੇ ਪੂਰੀ ਜਾਣਕਾਰੀ ਜੁਟਾਈ ਗਈ ਹੈ ਅਤੇ ਇਸ ਨਾਲ ਐੱਸ.ਆਈ.ਟੀ. ਨੂੰ ਹੁਣ ਤੱਕ 6 ਲੋਕਾਂ ਨੂੰ ਫੜਨ ’ਚ ਮਦਦ ਮਿਲੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਿ੍ਰਫ਼ਤਾਰ ਵਿਅਕਤੀ ਦਰਜਨਾਂ ਹੋਰ ਵਿਅਕਤੀਆਂ ਨੂੰ ਲੈ ਕੇ 1984 ’ਚ ਗੁਰਦਿਆਲ ਸਿੰਘ ਦਾ ਮਕਾਨ ਸਾੜਨ ਨਿਰਾਲਾ ਨਗਰ ਗਏ ਸਨ। ਉਨ੍ਹਾਂ ਅਨੁਸਾਰ ਗੁਰਦਿਆਲ ਦੇ ਮਕਾਨ ’ਚ 12 ਪਰਿਵਾਰ ਕਿਰਾਏਦਾਰ ਵਜੋਂ ਰਹਿ ਰਹੇ ਸਨ ਅਤੇ ਹਮਲੇ ਦੌਰਾਨ 3 ਲੋਕਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ।

Share