ਕਾਂਗਰਸ ਹਾਈਕਮਾਨ ਲਈ ਮਿਸ਼ਨ 2022 ਨੂੰ ਸਫਲ ਬਣਾਉਣ ਨੂੰ ਲੈ ਕੇ ਜੱਦੋ-ਜਹਿਦ!

82
Share

-ਪੰਜਾਬ ਸਮੇਤ ਦੇਸ਼ ਦੇ ਵਧੇਰੇ ਸੂਬਿਆਂ ’ਚ ਧੜੇਬਾਜ਼ੀ ਨੇ ਕਾਂਗਰਸ ਲਈ ਪੈਦਾ ਕੀਤੀਆਂ ਮੁਸ਼ਕਿਲਾਂ
ਜਲੰਧਰ, 30 ਜੂਨ (ਪੰਜਾਬ ਮੇਲ)- ਕਾਂਗਰਸ ਹਾਈਕਮਾਨ ਪੰਜਾਬ ’ਚ ਮਿਸ਼ਨ 2022 ਨੂੰ ਸਫਲ ਬਣਾਉਣ ਦੀ ਕਵਾਇਦ ਦੌਰਾਨ ਆਪਸੀ ਧੜੇਬਾਜ਼ੀ ਨੂੰ ਲੈ ਕੇ ਜੱਦੋ-ਜਹਿਦ ’ਚ ਰੁੱਝੀ ਹੋਈ ਹੈ। ਸਿਰਫ ਪੰਜਾਬ ਹੀ ਨਹੀਂ ਸਗੋਂ ਸਾਲ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦੇਸ਼ ਦੇ ਵਧੇਰੇ ਸੂਬਿਆਂ ’ਚ ਪਾਰਟੀ ਦੇ ਲਈ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ। ਹਾਲਾਂਕਿ ਜਿਹੜੇ ਸੂਬਿਆਂ ’ਚ ਕਾਂਗਰਸ ਦੇ ਸੱਤਾ ’ਚ ਮੁੜ ਵਾਪਸੀ ਦੇ ਆਸਾਰ ਬਣੇ ਹੋਏ ਹਨ, ਉਨ੍ਹਾਂ ’ਚ ਵੀ ਕਾਂਗਰਸ ਹਾਈਕਮਾਨ ਲਈ ਉਨ੍ਹਾਂ ਸੂਬਾ ਇਕਾਈਆਂ ’ਚ ਪੈਦਾ ਹੋਏ ਅੰਦਰੂਨੀ ਕਲੇਸ਼ ਅਤੇ ਅਸੰਤੋਸ਼ ਨੂੰ ਕੰਟਰੋਲ ਕਰਨ ਦਾ ਕੰਮ ਬਹੁਤ ਮੁਸ਼ਕਿਲ ਸਾਬਿਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਅਗਲੇ ਸਾਲ ਦੇਸ਼ ਦੇ 7 ਸੂਬਿਆਂ ’ਚ ਵਿਧਾਨਸਭਾ ਚੋਣਾਂ ਹੋਣੀਆਂ ਹਨ, ਜਿਨ੍ਹਾਂ ’ਚ ਗੋਆ, ਮਣੀਪੁਰ, ਉੱਤਰਾਖੰਡ, ਪੰਜਾਬ, ਯੂ.ਪੀ., ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵੀ ਸ਼ਾਮਲ ਹਨ। ਪੰਜਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਚੱਲ ਰਹੀ ਹਾਟ ਜੰਗ ਨੂੰ ਠੰਡਾ ਕਰਨ ਲਈ ਕਾਂਗਰਸ ਆਲਾਕਮਾਨ ਨੇ ਸੂਬੇ ਦੇ ਸੰਸਦ ਮੈਂਬਰਾਂ, ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ ਪਿਛਲੇ ਕੁਝ ਹਫਤਿਆਂ ਤੋਂ ਕਈ ਦੌਰ ਦੀਆਂ ਬੈਠਕਾਂ ਕੀਤੀਆਂ ਹਨ ਪਰ ਕਾਂਗਰਸ ਦੇ ਹੱਥ ਇਨ੍ਹਾਂ ਮਾਮਲਿਆਂ ’ਚ ਅੱਜ ਤੱਕ ਖਾਲੀ ਹਨ ਅਤੇ ਧੜੇਬਾਜ਼ੀ ਅਤੇ ਅਸੰਤੋਸ਼ ਖਤਮ ਕਰਨ ਦਾ ਕੋਈ ਠੋਸ ਫਾਰਮੂਲਾ ਸੀਨੀਅਰ ਨੇਤਾਵਾਂ ਦੇ ਹੱਥ ਨਹੀਂ ਲੱਗਾ ਹੈ। ਉਹੀ ਨਵਜੋਤ ਸਿੱਧੂ, ਜੋ ਕਿ ਹਾਈਕਮਾਨ ਦੇ ਦਖਲ ਦੇ ਬਾਵਜੂਦ ਕੈਪਟਨ ਅਮਰਿੰਦਰ ਵਿਰੁੱਧ ਬਰਗਾੜੀ ਕਾਂਡ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇ ਸਕਣ ਸਮੇਤ ਨਸ਼ੇ, ਮਾਫੀਆ ਰਾਜ ਅਤੇ ਹੋਰ ਮਾਮਲਿਆਂ ’ਚ ਮੁੱਖ ਮੰਤਰੀ ’ਤੇ ਚੋਣ ਵਾਅਦੇ ਪੂਰੀ ਨਾ ਕਰ ਸਕਣ ਅਤੇ ਉਨ੍ਹਾਂ ਦੇ ਫੇਲ ਸਾਬਿਤ ਹੋਣ ਨੂੰ ਲੈ ਕੇ ਲਗਾਤਾਰ ਜ਼ੋਰਦਾਰ ਹਮਲੇ ਬੋਲ ਰਹੇ ਹਨ, ਇਸ ਕਾਰਨ ਸੱਤਾਧਾਰੀ ਪਾਰਟੀ ਦੀਆਂ ਮੁਸ਼ਕਿਲਾਂ ਲਗਾਤਾਰ ਵਧ ਰਹੀਆਂ ਹਨ।

Share