ਕਾਂਗਰਸ ਹਾਈਕਮਾਨ ਪੰਜਾਬ ਘਮਸਾਨ ਨੂੰ ਛੇਤੀ ਤੋਂ ਛੇਤੀ ਸ਼ਾਂਤ ਕਰ ਕੇ ਨਿਪਟਾਉਣ ਦੀ ਤਿਆਰੀ ਵਿਚ!

94
Share

ਚੰਡੀਗੜ੍ਹ, 22 ਮਈ (ਪੰਜਾਬ ਮੇਲ)- ਪੰਜਾਬ ਕਾਂਗਰਸ ਵਿਚ ਮੱਚੇ ਘਮਸਾਨ ’ਤੇ ਕਾਂਗਰਸ ਹਾਈਕਮਾਨ ਨੇ ਤਿੱਖੀ ਨਜ਼ਰ ਟਿਕਾਅ ਲਈ ਹੈ। ਕਾਂਗਰਸ ਹਾਈਕਮਾਨ ਹੁਣ ਇਸ ਘਮਸਾਨ ਨੂੰ ਛੇਤੀ ਤੋਂ ਛੇਤੀ ਸ਼ਾਂਤ ਕਰ ਕੇ ਨਿਪਟਾਉਣ ਦੀ ਤਿਆਰੀ ਵਿਚ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਵੀ ਸ਼ੁੱਕਰਵਾਰ ਨੂੰ ਦੋ ਟੁਕ ਸ਼ਬਦਾਂ ਵਿਚ ਸਪੱਸ਼ਟ ਕਰ ਦਿੱਤਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਪਾਰਟੀ ਸਾਰੇ ਘਟਨਾਕਰਮਾਂ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਛੇਤੀ ਹੀ ਇਸ ਨੂੰ ਸੁਲਝਾ ਲਿਆ ਜਾਵੇਗਾ।

ਉੱਧਰ, ਕਾਂਗਰਸ ਹਾਈਕਮਾਨ ਦੇ ਸਿੱਧੇ ਦਖ਼ਲ ਨੂੰ ਵੇਖਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਵੀ ਫਿਲਹਾਲ ਚੁੱਪੀ ਧਾਰ ਲਈ ਹੈ। ਰੋਜ਼ਾਨਾ ਕਦੇ ਸਰਕਾਰ ਤਾਂ ਕਦੇ ਸਿੱਧੇ ਮੁੱਖ ਮੰਤਰੀ ਨੂੰ ਘੇਰਨ ਵਾਲੇ ਨਵਜੋਤ ਸਿੱਧੂ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖੀ ਅਤੇ ਜਨਤਕ ਤੌਰ ’ਤੇ ਕੋਈ ਬਿਆਨਬਾਜ਼ੀ ਨਹੀਂ ਕੀਤੀ। ਇਸ ਚੁੱਪੀ ਤੋਂ ਇਕ ਦਿਨ ਪਹਿਲਾਂ ਹੀ ਸਿੱਧੂ ਨੇ ਵਿਧਾਇਕਾਂ ਅਤੇ ਪਾਰਟੀ ਕਰਮਚਾਰੀਆਂ ਨੂੰ ਦਿੱਲੀ ਦਸਤਕ ਦੇਣ ਦਾ ਨਾਅਰਾ ਬੁਲੰਦ ਕੀਤਾ ਸੀ। ਸਿੱਧੂ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਹੁਣ ਵਿਧਾਇਕਾਂ ਅਤੇ ਪਾਰਟੀ ਕਰਮਚਾਰੀਆਂ ਨੂੰ ਦਿੱਲੀ ਜਾ ਕੇ ਹਾਈਕਮਾਨ ਨੂੰ ਸੱਚ ਲਾਜ਼ਮੀ ਦੱਸਣਾ ਚਾਹੀਦਾ ਹੈ, ਜੋ ਉਹ ਲਗਾਤਾਰ ਦੱਸ ਰਹੇ ਹਨ।

ਸਿੱਧੂ ਦੀ ਇਸ ਬਿਅਨਬਾਜ਼ੀ ਵਿਚਕਾਰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਾਫ਼ੀ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਜਾਖੜ ਨੇ ਪਾਰਟੀ ਨੇਤਾਵਾਂ ਨੂੰ ਸਾਰੇ ਨੇਤਾਵਾਂ ਤੋਂ ਸੁਚੇਤ ਕੀਤਾ ਸੀ, ਜੋ ਆਫ਼ਤ ਵਿਚ ਮੌਕੇ ਲੱਭ ਰਹੇ ਹਨ। ਉਨ੍ਹਾਂ ਨੇ ਕਿਹਾ ਸੀ ਕਾਂਗਰਸ ਹਾਈਕਮਾਨ ਸਾਰੇ ਮੁੱਦੇ ’ਤੇ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਇਨਸਾਫ਼ ਜ਼ਰੂਰ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿਚ ਜਦੋਂ ਕੁਝ ਲੋਕ ਮੌਕਾ ਲੱਭ ਕੇ ਜਿਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ, ਉਸ ਨੂੰ ਕਿਸੇ ਵੀ ਤਰੀਕੇ ਨਾਲ ਠੀਕ ਨਹੀਂ ਕਿਹਾ ਜਾ ਸਕਦਾ ਹੈ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਜਾਖੜ ਅਤੇ ਵੇਣੂਗੋਪਾਲ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਕਾਂਗਰਸ ਹਾਈਕਮਾਨ ਨੇ ਹੁਣ ਪੰਜਾਬ ਕਾਂਗਰਸ ’ਚ ਮੱਚੇ ਘਮਸਾਨ ਨੂੰ ਨਿਪਟਾਉਣ ਲਈ ਕਮਰ ਕੱਸ ਲਈ ਹੈ। ਹਾਈਕਮਾਨ ਨੇ ਸਪੱਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਪਾਰਟੀ ਦੇ ਅਕਸ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ, ਇਸ ਲਈ ਬੇਵਜ੍ਹਾ ਬਿਆਨਬਾਜ਼ੀ ਤੋਂ ਪ੍ਰਹੇਜ਼ ਕੀਤਾ ਜਾਵੇ। ਇਹੀ ਕਾਰਣ ਹੈ ਕਿ ਲਗਾਤਾਰ ਮੁੱਖ ਮੰਤਰੀ ’ਤੇ ਨਿਸ਼ਾਨਾ ਲਾ ਰਹੇ ਨਵਜੋਤ ਸਿੱਧੂ ਨੇ ਵੀ ਫਿਲਹਾਲ ਚੁੱਪੀ ਧਾਰ ਲਈ ਹੈ।


Share