ਕਾਂਗਰਸ ਯੂ.ਪੀ. ਵਿਧਾਨ ਸਭਾ ਚੋਣਾਂ ’ਚ 403 ਸੀਟਾਂ ’ਤੇ ਇਕੱਲਿਆਂ ਹੀ ਲੜੇਗੀ ਚੋਣ: ਪਿ੍ਰਯੰਕਾ

295
ਬੁੁਲੰਦਸ਼ਹਿਰ ’ਚ ਪਿ੍ਰਯੰਕਾ ਗਾਂਧੀ ਵਾਡਰਾ ਪਾਰਟੀ ਸਮਾਗਮ ਦੌਰਾਨ ਕਾਂਗਰਸ ਵਰਕਰਾਂ ਨੂੰ ਮਿਲਦੀ ਹੋਈ।
Share

* ਕਿਸੇ ਵੀ ਹੋਰ ਰਾਜਨੀਤਿਕ ਪਾਰਟੀ ਨਾਲ ਗੱਠਜੋੜ ਤੋਂ ਕੀਤਾ ਇਨਕਾਰ
ਬੁਲੰਦਸ਼ਹਿਰ (ਯੂ.ਪੀ.), 15 ਨਵੰਬਰ (ਪੰਜਾਬ ਮੇਲ)- ਪਿ੍ਰਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਕਾਂਗਰਸ ਸਾਲ 2022 ’ਚ ਯੂਪੀ ਵਿਧਾਨ ਸਭਾ ਚੋਣਾਂ ’ਚ ਸਾਰੀਆਂ 403 ਸੀਟਾਂ ’ਤੇ ਇਕੱਲਿਆਂ ਹੀ ਚੋਣ ਲੜੇਗੀ ਅਤੇ ਜਿੱਤ ਹਾਸਲ ਕਰੇਗੀ। ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਗੱਠਜੋੜ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਾਰੇ ਮੁਲਕ ਨੂੰ ਝੰਜੋੜਨ ਵਾਲੇ ਸਾਲ 2017 ਵਿਚ ਵਾਪਰੇ ਉਨਾਓ ਕਾਂਡ ਅਤੇ 2020 ਵਿਚ ਹਾਥਰਸ ਸਮੂਹਿਕ ਜਬਰ-ਜਨਾਹ ਤੇ ਕਤਲ ਕੇਸ ਸਮੇਂ ਸਮਾਜਵਾਦੀ ਪਾਰਟੀ ਅਤੇ ਬਸਪਾ ਦੇ ਆਗੂ ਕਿਤੇ ਵੀ ਵਿਰੋਧ ਕਰਦੇ ਵਿਖਾਈ ਨਹੀਂ ਦਿੱਤੇ, ਜਦਕਿ ਸਿਰਫ਼ ਕਾਂਗਰਸ ਲੋਕਾਂ ਲਈ ਲੜ ਰਹੀ ਸੀ। ਇੱਥੇ ਅਨੂਪ ਸ਼ਹਿਰ ਵਿਚ ‘ਪ੍ਰਤਿਗਿਆ ਸੰਮੇਲਨ ਲਕਸ਼ਿਆ 2022’ ਮੌਕੇ ਸੰਬੋਧਨ ਕਰਦਿਆਂ ਪਿ੍ਰਯੰਕਾ ਗਾਂਧੀ ਨੇ ਪਾਰਟੀ ਲਈ ਯੂ.ਪੀ. ਚੋਣਾਂ ਦੀ ਮਹੱਤਤਾ ਬਾਰੇ ਦੱਸਦਿਆਂ ਇਨ੍ਹਾਂ ਨੂੰ ‘ਕਰੋ ਜਾਂ ਮਰੋ’ ਦੀ ਸਥਿਤੀ ਗਰਦਾਨਿਆ। ਉਨ੍ਹਾਂ ਕਿਹਾ ਕਿ ਚੋਣਾਂ ਸਿਰਫ਼ ਬੂਥ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰ ਕੇ ਜਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਬੂਥ ਕਮੇਟੀਆਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਾਂਗਰਸੀ ਕਾਰਕੁਨਾਂ ਨੂੰ ਸੋਸ਼ਲ ਮੀਡੀਆ ’ਤੇ ਸਰਗਰਮ ਹੋਣ ਤੇ ਵੱਖ-ਵੱਖਰੇ ਪਲੇਟਫਾਰਮਾਂ ’ਤੇ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਦੱਸਣ ਲਈ ਕਿਹਾ। ਸੱਤਾਧਾਰੀ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਪਿ੍ਰਯੰਕਾ ਗਾਂਧੀ ਨੇ ਕਿਹਾ ਕਿ ਪਾਰਟੀ ਆਜ਼ਾਦੀ ਲਹਿਰ ਦਾ ਸਤਿਕਾਰ ਨਹੀਂ ਕਰਦੀ ਕਿਉਂਕਿ ਇਸਦੇ ਆਗੂਆਂ ਨੇ ਮੁਲਕ ਦੀ ਆਜ਼ਾਦੀ ਲਈ ਆਪਣਾ ਖ਼ੂਨ ਤੇ ਪਸੀਨਾ ਨਹੀਂ ਵਹਾਇਆ। ਉਨ੍ਹਾਂ ਕਿਹਾ ਕਿ ਸਿਰਫ਼ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਸਰਦਾਰ ਵੱਲਭਭਾਈ ਪਟੇਲ ਅਤੇ ਬੀ.ਆਰ. ਅੰਬੇਦਕਰ ਨੇ ਮੁਲਕ ਦੀ ਆਜ਼ਾਦੀ ਦਾ ਸੁਪਨਾ ਲਿਆ।

Share