ਕਾਂਗਰਸ ਨੇ ਕਥਿਤ ਫਰਜ਼ੀ ਟੂਲਕਿੱਟ ਵਿਵਾਦ ’ਚ ਟਵਿੱਟਰ ਨੂੰ 11 ਕੇਂਦਰੀ ਮੰਤਰੀਆਂ ’ਤੇ ਕਾਰਵਾਈ ਲਈ ਕਿਹਾ

93
Share

ਨਵੀਂ ਦਿੱਲੀ, 27 ਮਈ (ਪੰਜਾਬ ਮੇਲ)- ਕਾਂਗਰਸ ਨੇ ਕਥਿਤੀ ਫ਼ਰਜ਼ੀ ਟੂਲਕਿੱਟ ਵਿਵਾਦ ’ਚ ਟਵਿੱਟਰ ਨੂੰ 11 ਕੇਂਦਰੀ ਮੰਤਰੀਆਂ ਦੇ ਟਵੀਟ ’ਤੇ ਵੀ ਕਾਰਵਾਈ ਕਰਨ ਲਈ ਕਿਹਾ ਹੈ। ਪਾਰਟੀ ਨੇ ਟਵਿੱਟਰ ਨੂੰ ਅਧਿਕਾਰਤ ਪੱਤਰ ਭੇਜ ਕੇ ਭਾਜਪਾ ਬੁਲਾਰੇ ਸੰਬਿਤ ਪਾਤਰਾ ਦੇ ਕਥਿਤ ਫ਼ਰਜ਼ੀ ਟੂਲਕਿੱਟ ਨੂੰ ਸਾਂਝਾ ਕਰ ਕੇ ਇਨ੍ਹਾਂ ਕੇਂਦਰੀ ਮੰਤਰੀਆਂ ਦੇ ਟਵੀਟ ਨੂੰ ਮੈਨੀਪੁਲੇਟਿਡ ਮੀਡੀਆ ਦੀ ਸ਼੍ਰੇਣੀ ’ਚ ਪਾਉਣ ਲਈ ਕਿਹਾ ਹੈ। ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਟਵਿੱਟਰ ਖ਼ਿਲਾਫ਼ ਪੁਲਿਸ ਕਾਰਵਾਈ ਦੀ ਆਲੋਚਨਾ ਕਰਦਿਆਂ ਕਿਹਾ ਕਿ ਦੋਸ਼ੀ ਭਾਜਪਾ ਆਗੂਆਂ ’ਤੇ ਕਾਰਵਾਈ ਦੇ ਬਜਾਏ ਫਰਜ਼ੀਵਾੜੇ ਦਾ ਭਾਂਡਾ ਭੰਨਣ ਵਾਲਿਆਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਥਿਤ ਟੂਲਕਿੱਟ ਵਿਵਾਦ ’ਚ ਪਾਤਰਾ ਸਮੇਤ ਪੰਜ ਭਾਜਪਾ ਆਗੂਆਂ ਦੇ ਟਵੀਟ ਨੂੰ ਮੈਨੀਪੁਲੇਟਿਡ ਮੀਡੀਆ ਐਲਾਨਣ ਤੋਂ ਬਾਅਦ ਕੇਂਦਰੀ ਮੰਤਰੀਆਂ ਦੇ ਟਵੀਟ ’ਤੇ ਕਾਰਵਾਈ ਲਈ ਕਾਂਗਰਸ ਨੇ ਮੰਗਲਵਾਰ ਨੂੰ ਟਵਿੱਟਰ ਨੂੰ ਅਧਿਕਾਰਤ ਪੱਤਰ ਭੇਜਿਆ। ਇਸ ਪੱਤਰ ’ਚ ਜਿਨ੍ਹਾਂ ਕੇਂਦਰੀ ਮੰਤਰੀਆਂ ਦੇ ਟਵੀਟ ਮੈਨੀਪੁਲੇਟਿਡ ਐਲਾਨਣ ਦੀ ਮੰਗ ਕੀਤੀ ਗਈ ਉਨ੍ਹਾਂ ’ਚ ਰਵੀਸ਼ੰਕਰ ਪ੍ਰਸਾਦ, ਸਮਿ੍ਰਤੀ ਈਰਾਨੀ, ਗਿਰੀਰਾਜ ਸਿੰਘ, ਪ੍ਰਹਿਲਾਦ ਜੋਸ਼ੀ, ਧਰਮਿੰਦਰ ਪ੍ਰਧਾਨ, ਰਮੇਸ਼ ਪੋਖਰਿਆਲ ਨਿਸ਼ੰਕ, ਹਰਸ਼ਵਰਧਨ, ਥਾਵਰਚੰਦਰ ਗਹਿਲੋਤ, ਮੁਖਤਾਰ ਅੱਬਾਸ ਨਕਵੀ ਤੇ ਗਜੇਂਦਰ ਸਿੰਘ ਸ਼ੇਖਾਵਤ ਸ਼ਾਮਲ ਹਨ।
ਟਵਿੱਟਰ ਦੇ ਦਫ਼ਤਰਾਂ ’ਚ ਦਿੱਲੀ ਪੁਲਿਸ ਦੇ ਜਾਣ ਨੂੰ ਛਾਪੇ ਦੀ ਕਾਰਵਾਈ ਦੱਸਦਿਆਂ ਸੂਰਜੇਵਾਲ ਨੇ ਕਿਹਾ ਕਿ ਟੂਲਕਿੱਟ ਮਾਮਲੇ ’ਚ ਫਰਜ਼ੀਵਾੜਾ ਭਾਜਪਾ ਆਗੂਆਂ ਤੇ ਬੁਲਾਰਿਆਂ ਨੇ ਕੀਤਾ ਪਰ ਪੁੱਛਗਿੱਛ ਟਵਿੱਟਰ ਤੇ ਕਾਂਗਰਸ ਤੋਂ ਹੋ ਰਹੀ ਹੈ। ਇਹ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਵਰਗੀ ਗੱਲ ਹੈ। ਹਕੀਕਤ ’ਚ ਪੁੱਛਗਿੱਛ ਭਾਜਪਾ ਆਗੂਆਂ ਤੋਂ ਤੇ ਛਾਪੇ ਭਾਜਪਾ ਦਫ਼ਤਰ ’ਚ ਪੈਣਾ ਚਾਹੀਦਾ ਜਿਥੇ ਫ਼ਰਜ਼ੀਵਾੜਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਨਾਲ ਲੜਨ ਦੀ ਬਜਾਏ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਫ਼ਰਜ਼ੀ ਟੂਲਕਿੱਟ ਮੁਹਿੰਮ ’ਚ ਰੁੱਝੇ ਹਨ। ਇਹ ਰਾਜ ਧਰਮ ਨਹੀਂ ਹੈ।

Share