ਕਾਂਗਰਸ ਦੇ ਸਾਬਕਾ ਵਿਧਾਇਕ ਜਗਬੀਰ ਬਰਾੜ ਅਕਾਲੀ ਦਲ ’ਚ ਹੋਏ ਸ਼ਾਮਲ

386
Share

-ਜਲੰਧਰ ਛਾਉਣੀ ਤੋ ਉਮੀਦਵਾਰ ਐਲਾਨਿਆ
ਜਲੰਧਰ, 16 ਅਗਸਤ (ਪੰਜਾਬ ਮੇਲ)- ਕਾਂਗਰਸ ਦੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ’ਚ ਸ਼ਾਮਲ ਹੋ ਗਏ ਹਨ। ਸ਼੍ਰੀ ਬਾਦਲ ਨੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਨੂੰ ਮੁੜ ਅਕਾਲੀ ਦਲ ਵਿਚ ਸ਼ਾਮਲ ਕਰਦਿਆ ਹੀ ਜਲੰਧਰ ਛਾਉਣੀ ਤੋਂ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਬਰਾੜ ਨੂੰ ਪਾਰਟੀ ’ਚ ਜਨਰਲ ਸਕੱਤਰ ਦਾ ਅਹੁਦਾ ਵੀ ਦਿੱਤਾ ਗਿਆ ਹੈ। ਸ਼੍ਰੀ ਬਾਦਲ ਨੇ ਕਿਹਾ ਕਿ ਬਰਾੜ ਦੀ 10 ਸਾਲ ਬਾਅਦ ਘਰ ਵਾਪਸੀ ਹੋਈ ਹੈ। ਇਸ ਮੌਕੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੀ ਮੌਜੂਦ ਸਨ।
ਸ਼੍ਰੀ ਬਰਾੜ ਨੇ ਪੰਜਾਬ ਵਾਟਰ ਰਿਸੋਰਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਐਤਵਾਰ ਰਾਤ ਹੀ ਅਸਤੀਫਾ ਦੇ ਦਿੱਤਾ ਸੀ। ਸਾਲ 2007 ’ਚ ਉਨ੍ਹਾਂ ਨੇ ਜਲੰਧਰ ਛਾਉਣੀ ਤੋਂ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜੀ ਸੀ। ਸਾਲ 2011 ’ਚ ਉਹ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਣਾਈ ਪੀ.ਪੀ.ਪੀ. ਪਾਰਟੀ ਵਿਚ ਸ਼ਾਮਲ ਹੋ ਗਏ ਸਨ। 2012 ਦੀਆਂ ਚੋਣਾਂ ਤੋਂ ਐਨ ਪਹਿਲਾਂ ਉਹ ਕਾਂਗਰਸ ਵਿਚ ਆ ਗਏ। ਸਾਲ 2017 ’ਚ ਪਰਗਟ ਸਿੰਘ ਦੇ ਕਾਂਗਰਸ ਵਿਚ ਆਉਣ ਕਾਰਨ ਜਗਬੀਰ ਬਰਾੜ ਨੂੰ ਜਲੰਧਰ ਛਾਉਣੀ ਦੀ ਥਾਂ ਨਕੋਦਰ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਸੀ, ਜਿੱਥੇ ਉਹ ਤੀਜੇ ਨੰਬਰ ’ਤੇ ਰਹਿ ਕੇ ਹਾਰ ਗਏ ਸਨ। ਪੰਜਾਬ ਕਾਂਗਰਸ ਦੀ ਕਮਾਨ ਆਪਣੇ ਹੱਥਾਂ ਵਿਚ ਲੈਣ ਮਗਰੋਂ ਨਵਜੋਤ ਸਿੰਘ ਸਿੱਧੂ ਦੀ ਪਲੇਠੀ ਜਲੰਧਰ ਫੇਰੀ ਮੌਕੇ ਜਗਬੀਰ ਬਰਾੜ ਗੈਰਹਾਜ਼ਰ ਰਹੇ ਸਨ।

Share