ਕਾਂਗਰਸ ਦੀ ਅਨੁਸ਼ਾਸਨ ਕਮੇਟੀ ਨੂੰ ਨਹੀਂ ਮਿਲਿਆ ਜਾਖੜ ਦਾ ਜਵਾਬ

121
Share

ਚੰਡੀਗੜ੍ਹ, 20 ਅਪ੍ਰੈਲ (ਪੰਜਾਬ ਮੇਲ)-  ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਅੱਗੇ ਨਾ ਝੁਕਣ ਦੇ ਸੰਕੇਤ ਿਦੱਤੇ ਹਨ। ਉਹ ਹਾਈਕਮਾਨ ਨੂੰ ਉਸੇ ਭਾਸ਼ਾ ਵਿਚ ਜਵਾਬ ਦੇਣਾ ਚਾਹੁੰਦੇ ਹਨ ਜਿਸ ਲਹਿਜ਼ੇ ਨਾਲ ਅਨੁਸ਼ਾਸਨੀ ਕਮੇਟੀ ਨੇ ਉਨ੍ਹਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਹੈ। ਸੂਤਰਾਂ ਮੁਤਾਬਕ ਸੁਨੀਲ ਜਾਖੜ ਨੇ ‘ਕਾਰਨ ਦੱਸੋ ਨੋਟਿਸ’ ਜਾਰੀ ਕਰਨ ਵਾਲਿਆਂ ਨੂੰ ਟਿੱਚ ਕਰਕੇ ਜਾਣਿਆ ਹੈ ਤਾਂ ਜੋ ਹਾਈਕਮਾਨ ਨੂੰ ਸੁਨੇਹਾ ਦਿੱਤਾ ਜਾ ਸਕੇ ਕਿ ਉਹ ਕਿਸੇ ਦਾਬੇ ਅੱਗੇ ਝੁਕਣ ਵਾਲੇ ਨਹੀਂ। ਸੂਤਰ ਦੱਸਦੇ ਹਨ ਕਿ ਜਾਖੜ ਸਮਝਦੇ ਹਨ ਕਿ ਹਾਈਕਮਾਨ ਨੇ ਪਾਰਟੀ ਦੀ ਸੀਨੀਅਰ ਮਹਿਲਾ ਆਗੂ ਦੇ ਦਬਾਅ ਹੇਠ ਆ ਕੇ ਉਨ੍ਹਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਹੈ। ਪਤਾ ਲੱਗਾ ਹੈ ਕਿ ਜਾਖੜ ਇਸ ਗੱਲੋਂ ਕਾਫ਼ੀ ਔਖੇ ਹਨ ਕਿ ਹਾਈਕਮਾਨ ਨੇ ਉਨ੍ਹਾਂ ਨੂੰ ਬੁਲਾ ਕੇ ਇਸ ਬਾਰੇ ਗੱਲ ਕਰਨ ਦੀ ਥਾਂ ਸਿੱਧਾ ਹੀ ਨੋਟਿਸ ਜਾਰੀ ਕਰਨ ਵਰਗਾ ਕਦਮ ਚੁੱਕ ਲਿਆ। ਜਾਖੜ ਸਮਝਦੇ ਹਨ ਕਿ ਹਾਈਕਮਾਨ ਦੇ ਆਗੂਆਂ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਅਣਖ ਨੂੰ ਵੰਗਾਰਿਆ ਹੈ। ਉਹ ਹਾਈਕਮਾਨ ਦੇ ਅਜਿਹੇ ਰਵੱਈਏ ਤੋਂ ਕਾਫ਼ੀ ਔਖੇ ਹਨ ਅਤੇ ਉਹ ਇਹ ਮਨ ਬਣਾ ਚੁੱਕੇ ਹਨ ਕਿ ਉਹ ਹਾਈਕਮਾਨ ਦੇ ਆਗੂਆਂ ਅੱਗੇ ਝੁਕਣਗੇ ਨਹੀਂ ਬਲਕਿ ਉਹ ਆਉਂਦੇ ਦਿਨਾਂ ਵਿਚ ‘ਕਾਰਨ ਦੱਸੋ ਨੋਟਿਸ’ ਦਾ ਜਵਾਬ ਦੇਣ ਦੀ ਥਾਂ ਹਾਈਕਮਾਨ ਨੂੰ ਤਿੱਖੇ ਬੋਲਾਂ ਨਾਲ ਕਰਾਰੀ ਸੱਟ ਮਾਰਨਗੇ। ਜਾਖੜ ਦਾ ਮੰਨਣਾ ਹੈ ਕਿ ਉਹ ਪਾਰਟੀ ਦੇ ਹਰ ਚੰਗੇ ਮਾੜੇ ਵਕਤ ਵਿਚ ਨਾਲ ਖੜ੍ਹੇ ਰਹੇ ਹਨ। ਅਨੁਸ਼ਾਸਨੀ ਕਮੇਟੀ ਨੇ ਹਫਤਾ ਕੁ ਪਹਿਲਾਂ ਸੁਨੀਲ ਜਾਖੜ ਨੂੰ ਨੋਟਿਸ ਜਾਰੀ ਕਰਕੇ ਸੋਮਵਾਰ ਤੱਕ ਜਵਾਬ ਮੰਗਿਆ ਸੀ। ਸਮਾਂ ਬੀਤਣ ਮਗਰੋਂ ਵੀ ਜਾਖੜ ਨੇ ਕੋਈ ਜਵਾਬ ਨਹੀਂ ਦਿੱਤਾ। ਚਰਚੇ ਉਦੋਂ ਹੀ ਛਿੜ ਪਏ ਸਨ ਜਦੋਂ ਇਹ ਨੋਟਿਸ ਜਾਰੀ ਹੋਇਆ ਸੀ ਕਿਉਂਕਿ ਹਾਈਕਮਾਨ ਨੇ ਉਨ੍ਹਾਂ ਆਗੂਆਂ ਖ਼ਿਲਾਫ਼ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ ਜਿਨ੍ਹਾਂ ਨੇ ਸ਼ਰੇਆਮ ਪਾਰਟੀ ਦਾ ਚੋਣਾਂ ਵਿਚ ਅਨੁਸ਼ਾਸਨ ਭੰਗ ਕੀਤਾ ਅਤੇ ਪਾਰਟੀ ਉਮੀਦਵਾਰਾਂ ਨੂੰ ਢਾਹ ਲਾਈ ਹੈ। ਜਾਖੜ ਨੇ ਸਰਗਰਮ ਸਿਆਸਤ ਤੋਂ ਲਾਂਭੇ ਹੋਣ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ, ਪਰ ਫਿਰ ਵੀ ਲੋਕ ਉਨ੍ਹਾਂ ਦੇ ਨਵੇਂ ਸਿਆਸੀ ਕਦਮਾਂ ਨੂੰ ਲੈ ਕੇ ਕਿਆਸ ਲਗਾ ਰਹੇ ਹਨ।


Share