ਕਾਂਗਰਸ ’ਚ ਵਿਦਰੋਹ ਜਾਰੀ; 4 ਕਾਂਗਰਸੀ ਆਗੂਆਂ ਵੱਲੋਂ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਰਾਣਾ ਗੁਰਜੀਤ ਨੂੰ ਪਾਰਟੀ ’ਚੋਂ ਕੱਢਣ ਦੀ ਮੰਗ

215
Share

– ਕਿਹਾ: ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਰਾਣਾ ਗੁਰਜੀਤ
ਚੰਡੀਗੜ੍ਹ, 19 ਜਨਵਰੀ (ਪੰਜਾਬ ਮੇਲ)- ਬਟਾਲਾ, ਬੱਸੀ ਪਠਾਣਾਂ ਤੋਂ ਬਾਅਦ ਹੁਣ ਸੁਲਤਾਨਪੁਰ ਲੋਧੀ ਸੀਟ ’ਤੇ ਵਿਦਰੋਹ ਸ਼ੁਰੂ ਹੋ ਗਿਆ ਹੈ। ਕਪੂਰਥਲਾ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਦੇ ਸੁਲਤਾਨਪੁਰ ਲੋਧੀ ਤੋਂ ਚੋਣ ਲੜਨ ਦੇ ਐਲਾਨ ਮਗਰੋਂ ਚਾਰ ਵਿਧਾਇਕਾਂ ਨੇ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਕਾਂਗਰਸ ਦੀ ਪਿੱਠ ’ਚ ਛੁਰਾ ਮਾਰਨ ਵਾਲੇ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ’ਚੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ। ਚਾਰ ਵਿਧਾਇਕ ਜਿਨ੍ਹਾਂ ਨੂੰ ਪਾਰਟੀ ਨੇ ਵਿਧਾਨ ਸਭਾ ਚੋਣਾਂ ’ਚ ਉਮੀਦਵਾਰ ਵੀ ਐਲਾਨ ਕੀਤਾ ਹੈ, ਨੇ ਆਪਣੇ ਪੱਤਰ ’ਚ ਲਿਖਿਆ ਹੈ ਕਿ ਰਾਣਾ ਦੋਆਬਾ ਦੀਆਂ ਕਰੀਬ ਅੱਧੀ ਦਰਜਨ ਸੀਟਾਂ ’ਤੇ ਕਾਂਗਰਸ ਨੂੰ ਕਮਜ਼ੋਰ ਕਰ ਰਹੇ ਹਨ।
ਪੱਤਰ ਲਿਖਣ ਵਾਲਿਆਂ ’ਚ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਚੀਮਾ, ਈ.ਡੀ. ਦੇ ਕੇਸ ’ਚ ਜੇਲ੍ਹ ’ਚ ਬੰਦ ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ, ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਜਲੰਧਰ ਉੱਤਰੀ ਦੇ ਵਿਧਾਇਕ ਜੂਨੀਅਰ ਅਵਤਾਰ ਹੈਨਰੀ ਹਨ। ਚਾਰਾਂ ਵਿਧਾਇਕਾਂ ਨੇ ਪੱਤਰ ’ਚ ਲਿਖਿਆ ਹੈ ਕਿ 2018 ’ਚ ਰੇਤ ਖੱਡ ਨੂੰ ਨਾਜਾਇਜ਼ ਰੂਪ ’ਚ ਲੈਣ ਦੇ ਮਾਮਲੇ ’ਚ ਸ਼ਾਮਲ ਰਹੇ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਤੋਂ ਅਸਤੀਫ਼ਾ ਦੇਣਾ ਪਿਆ ਸੀ। ਰਾਣਾ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਰਾਣਾ ਸੁਲਤਾਨਪੁਰ ਲੋਧੀ, ਫਗਵਾੜਾ, ਭੁਲੱਥ, ਜਲੰਧਰ ਉੱਤਰੀ, ਬੰਗਾ ’ਚ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰਾਣਾ ਨੇ ਸੁਲਤਾਨਪੁਰ ਲੋਧੀ ’ਚ ਆਪਣੇ ਪੁੱਤਰ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਵਿਧਾਇਕਾਂ ਨੇ ਲਿਖਿਆ ਕਿ ਉਹ ਸੂਬੇ ਦੀ ਲੀਡਰਸ਼ਿਪ ਨੂੰ ਉਨ੍ਹਾਂ ਦੀਆਂ ਪਾਰਟੀ ਵਿਰੋਧੀ ਸਰਗਰਮੀਆਂ ਬਾਰੇ ਦੱਸ ਰਹੇ ਹਨ, ਮੰਦਭਾਗੀ ਨਾਲ ਨਾਜਾਇਜ਼ ਖਨਨ ਦੇ ਗੰਭੀਰ ਦੋਸ਼ਾਂ ’ਚ ਕਲੀਨ ਚਿੱਟ ਮਿਲ ਬਗ਼ੈਰ ਕੈਬਨਿਟ ਮੰਤਰੀ ਬਣਾ ਦਿੱਤਾ। ਦੁਬਾਰਾ ਮੰਤਰੀ ਬਣਨ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਨੇ ਹੰਕਾਰ ਦਿਖਾਉਂਦੇ ਹੋਏ ਸੁਲਤਾਨਪੁਰ ਲੋਧੀ ਤੋਂ ਦੋ ਵਾਰ ਦੇ ਕਾਂਗਰਸ ਵਿਧਾਇਕ ਨਵਤੇਜ ਸਿੰਘ ਚੀਮਾ ਖ਼ਿਲਾਫ਼ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਆਜ਼ਾਦ ਉਮੀਦਵਾਰ ਐਲਾਨ ਕੀਤਾ। ਇਹ ਹੋਰ ਕੁਝ ਨਹੀਂ, ਬਲਕਿ ਪਾਰਟੀ ਦੇ ਅਨੁਸ਼ਾਸਨ ਦੀ ਘੋਰ ਉਲੰਘਣਾ ਹੈ ਤੇ ਨਾਲ ਹੀ ਉਸ ਅਹਿਮ ਪਲ਼ ’ਚ ਪਾਰਟੀ ਦੀ ਪਿੱਠ ’ਚ ਛੁਰਾ ਮਾਰਨ ਦੇ ਬਰਾਬਰ ਹੈ। ਦੱਸਣਯੋਗ ਹੈ ਕਿ ਕਾਂਗਰਸ ਦੀ ਇਹ ਤੀਜੀ ਸੀਟ ਹੈ, ਜਿੱਥੇ ਕਾਫ਼ੀ ਵਿਵਾਦ ਹੋ ਰਿਹਾ ਹੈ। ਬਟਾਲਾ ਤੋਂ ਬਾਅਦ ਬੱਸੀ ਪਠਾਣਾਂ ਜਿੱਥੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ।

Share