ਕਾਂਗਰਸ, ‘ਆਪ’ ਤੇ ਅਕਾਲੀ ਦਲ ਵੱਲੋਂ ਰਾਜਪੁਰਾ ’ਚ ਚੋਣ ਪ੍ਰਚਾਰ ਤੇਜ਼

79
Share

ਬਨੂੜ, 24 ਜਨਵਰੀ (ਪੰਜਾਬ ਮੇਲ)- ਵਿਧਾਨ ਸਭਾ ਹਲਕਾ ਰਾਜਪੁਰਾ ਵਿਚ ਪੈਂਦੇ ਬਨੂੜ ਖੇਤਰ ਵਿਚ ਚੋਣ ਪ੍ਰਚਾਰ ਤੇਜ਼ ਹੋ ਗਿਆ ਹੈ। ਇਕੱਠਾਂ ’ਤੇ ਪਾਬੰਦੀਆਂ ਅਤੇ ਸੀਤ ਲਹਿਰ ਦੇ ਬਾਵਜੂਦ ਉਮੀਦਵਾਰ ਘਰ-ਘਰ ਜਾ ਕੇ ਤੇ ਨੁੱਕੜ ਮੀਟਿੰਗਾਂ ਕਰਕੇ ਚੋਣ ਮੁਹਿੰਮ ਭਖ਼ਾਉਣ ਵਿਚ ਲੱਗੇ ਹੋਏ ਹਨ। ਕਾਂਗਰਸ ਉਮੀਦਵਾਰ ਤੇ ਮੌਜੂਦਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਅਤੇ ਆਮ ਆਦਮੀ ਪਾਰਟੀ ਉਮੀਦਵਾਰ ਨੀਨਾ ਮਿੱਤਲ ਵੱਲੋਂ ਚੋਣ ਪ੍ਰਚਾਰ ਵਿਚ ਤੇਜ਼ੀ ਲਿਆਂਦੀ ਗਈ ਹੈ। ਕਾਂਗਰਸੀ ਉਮੀਦਵਾਰ ਸ਼੍ਰੀ ਕੰਬੋਜ ਪਿਛਲੇ ਦਸ ਸਾਲਾਂ ਤੋਂ ਵਿਧਾਇਕ ਚਲੇ ਆ ਰਹੇ ਹਨ। ਉਹ ਵਿਕਾਸ ਦੇ ਮੁੱਦੇ ਨੂੰ ਆਧਾਰ ਬਣਾ ਕੇ ਵੋਟਾਂ ਮੰਗ ਰਹੇ ਹਨ।
ਦੋਵੇਂ ਵਿਰੋਧੀ ਉਮੀਦਵਾਰ ਜਿੱਥੇ ਹਲਕਾ ਵਿਧਾਇਕ ਉੱਤੇ ਨਿੱਜੀ ਤੌਰ ’ਤੇ ਕਈ ਇਲਜ਼ਾਮਬਾਜ਼ੀਆਂ ਲਗਾ ਰਹੇ ਹਨ, ਉੱਥੇ ਘਰ-ਘਰ ਰੁਜ਼ਗਾਰ, ਬੇਰੁਜ਼ਗਾਰੀ ਭੱਤਾ, ਸਮਾਰਟ ਫੋਨ, ਪੂਰਾ ਕਰਜ਼ਾ ਮੁਆਫ਼ ਕਰਨ ਸਬੰਧੀ ਕਾਂਗਰਸ ਦੇ ਅਧੂਰੇ ਰਹਿ ਗਏ ਵਾਅਦਿਆਂ ਨੂੰ ਮੁੱਦਾ ਬਣਾ ਰਹੇ ਹਨ। ਬਨੂੜ ਨੂੰ ਬਲਾਕ ਬਣਾਉਣ, ਫਾਇਰ ਬਿ੍ਰਗੇਡ ਲਿਆਉਣ, ਹਸਪਤਾਲ ਦਾ ਦਰਜਾ ਵਧਾਉਣ ਦੇ ਕਾਂਗਰਸ ਵੱਲੋਂ ਪਿਛਲੀ ਵੇਰ ਕੀਤੇ ਵਾਅਦਿਆਂ ਨੂੰ ਵੀ ਵਿਰੋਧੀ ਉਮੀਦਵਾਰ ਖੂਬ ਪ੍ਰਚਾਰ ਰਹੇ ਹਨ।
ਇਸ ਖੇਤਰ ਵਿਚ ਪ੍ਰਚਾਰ ਦੇ ਮਾਮਲੇ ਵਿਚ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਸਮਾਜ ਮੋਰਚਾ ਪੱਛੜੇ ਹੋਏ ਹਨ। ਉਧਰ, ਸ਼ਹਿਰ ਅਤੇ ਪਿੰਡਾਂ ਵਿਚ ਦਲ ਬਦਲੀਆਂ ਦਾ ਰੁਝਾਨ ਵੱਧ ਰਿਹਾ ਹੈ। ਜ਼ਿਆਦਾਤਰ ਕਾਂਗਰਸ ਵਿਚੋਂ ਲੋਕੀਂ ਦੂਜੀਆਂ ਪਾਰਟੀਆਂ ਵਿਚ ਜਾ ਰਹੇ ਹਨ।
ਉਮੀਦਵਾਰਾਂ ਦੇ ਪਰਿਵਾਰਕ ਮੈਂਬਰ ਵੀ ਪੂਰੀ ਤਰ੍ਹਾਂ ਚੋਣ ਪ੍ਰਚਾਰ ਵਿਚ ਮਸਰੂਫ਼ ਹਨ ਅਤੇ ਸੀਤ ਲਹਿਰ ਦੇ ਬਾਵਜੂਦ ਚੋਣ ਪ੍ਰਚਾਰ ਪੂਰੇ ਜ਼ੋਰਾਂ ’ਤੇ ਹੈ।

Share