ਕਾਂਗਰਸੀ ਵਿਧਾਇਕ ਰਣਦੀਪ ਕਾਕਾ ਦੇ ਭਰਾ ਜਸਦੀਪ ਨਿੱਕੂ, ਕਾਂਗਰਸੀ ਆਗੂ ਹਰਮੀਤ ਸਿੰਘ ਪਠਾਣਮਾਜਰਾ ਅਤੇ ਬਸਪਾ ਆਗੂ ਗੁਰਪ੍ਰੀਤ ਸਿੰਘ ਸਿੱਧੂ ’ਆਪ’ ਚ’ ਹੋਏ ਸ਼ਾਮਲ

421
Share

…ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ’ਚ ਹੋਏ ਸ਼ਾਮਲ
ਚੰਡੀਗੜ੍ਹ, 30 ਦਸੰਬਰ (ਪੰਜਾਬ ਮੇਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ’ਚ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਵੱਡੇ ਆਗੂਆਂ ਨੇ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਨ੍ਹਾਂ ’ਚ ਕਾਂਗਰਸੀ ਵਿਧਾਇਕ ਰਣਦੀਪ ਕਾਕਾ ਦੇ ਭਰਾ ਤੇ ਕਾਂਗਰਸੀ ਆਗੂ ਜਸਦੀਪ ਸਿੰਘ ਨਿੱਕੂ ਵੀ ਸ਼ਾਮਲ ਹਨ।
ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ ਸਮੇਤ ਹਰ ਤਬਕੇ ਦੇ ਹੱਕ ’ਚ ਸਿੱਧੇ ਤੌਰ ’ਤੇ ਖੜ੍ਹਨ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦਾ ਕੁਨਬਾ ਲਗਾਤਾਰ ਵਧਦਾ ਜਾ ਰਿਹਾ ਹੈ। ਪਾਰਟੀ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ, ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਰੋਧੀ ਧਿਰ ਦੇ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ, ਗੁਰਮੀਤ ਸਿੰਘ ਮੀਤ ਹੇਅਰ, ਪਿ੍ਰੰਸੀਪਲ ਬੁੱਧਰਾਮ, ਪ੍ਰੋ. ਬਲਜਿੰਦਰ ਕੌਰ, ਜੈ ਕਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਜਗਤਾਰ ਸਿੰਘ ਜੱਗਾ ਹਿੱਸੋਵਾਲ, ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ, ਰੁਪਿੰਦਰ ਕੌਰ ਰੂਬੀ, ਅਮਰਜੀਤ ਸਿੰਘ ਸੰਦੋਆ, ਪਾਰਟੀ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸਕੱਤਰ ਗਗਨਦੀਪ ਸਿੰਘ ਚੱਢਾ ਆਦਿ ਦੀ ਹਾਜ਼ਰੀ ’ਚ ਕਾਂਗਰਸ ਆਗੂ ਜਸਦੀਪ ਸਿੰਘ ਨਿੱਕੂ, ਅਕਾਲੀ ਆਗੂ ਹਰਮੀਤ ਸਿੰਘ ਪਠਾਣਮਾਜਰਾ ਅਤੇ ਗੁਰਪ੍ਰੀਤ ਸਿੰਘ ਸਿੱਧੂ ਨੇ ਪਾਰਟੀ ਨੀਤੀਆਂ ਤੋਂ ਪ੍ਰਭਾਵਿਤ ਹੁੰਦੇ ਹੋ ਕੇ ‘ਆਪ’ ’ਚ ਸ਼ਾਮਲ ਹੋਏ।
ਜਰਨੈਲ ਸਿੰਘ ਅਤੇ ਭਗਵੰਤ ਮਾਨ ਨੇ ਪਾਰਟੀ ’ਚ ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਆਗੂਆਂ ਦੇ ਆਉਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ‘ਆਪ’ ਪਰਿਵਾਰ ’ਚ ਆਏ ਆਗੂ ਪਾਰਟੀ ਵੱਲੋਂ ਲਗਾਈ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪੰਜਾਬ ਨੂੰ ਫਿਰ ਤੋਂ ਖੁਸ਼ਹਾਲ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਣਗੇ।
ਜਸਦੀਪ ਸਿੰਘ ਨਿੱਕੂ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੇ ਭਰਾ ਰਣਦੀਪ ਕਾਕਾ ਅਮਲੋਹ ਤੋਂ ਵਿਧਾਇਕ ਹਨ। ਪ੍ਰੰਤੂ ਮੌਜੂਦਾ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਨਕਾਮੀਆਂ ਕਰਕੇ ਉਨ੍ਹਾਂ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਜੋ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨਾਂ ਲਈ ਕਰ ਰਹੀ ਹੈ, ਉਸ ਤੋਂ ਪ੍ਰਭਾਵਿਤ ਹੋ ਕੇ ਇਸ ’ਚ ਸ਼ਾਮਲ ਹੋਏ ਹਨ।¿;
ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਜੋ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਕਿਸਾਨਾਂ ਲਈ ਕੰਮ ਕੀਤਾ ਜਾ ਰਿਹਾ ਹੈ, ਉਹ ਸ਼ਲਾਘਾਯੋਗ ਹੈ। ਇਸ ਲਈ ਉਹ ਆਪ ਵਿਚ ਸ਼ਾਮਲ ਹੋਏ ਹਨ, ਜੋ ਕਿਸਾਨਾਂ ਨਾਲ ਹਰ ਫਰੰਟ ਉੱਤੇ ਡਟੀ ਹੋਈ ਹੈ। ਹਰਮੀਤ ਸਿੰਘ ਪਠਾਣਮਾਜਰਾ ਪਿਛਲੇ ਲੰਬੇ ਸਮੇਂ ਤੋਂ ਜ਼ਿਲ੍ਹਾ ਪਟਿਆਲਾ ਦੇ ਵਿਧਾਨ ਸਭਾ ਹਲਕਾ ਸੰਨੌਰ ਤੋਂ ਰਾਜਨੀਤਿਕ ਤੌਰ ਉੱਤੇ ਸਰਗਰਮ ਹਨ। ਉਨ੍ਹਾਂ 2017 ’ਚ ਅਜ਼ਾਦ ਤੌਰ ’ਤੇ ਵਿਧਾਨ ਸਭਾ ਚੋਣ ਵੀ ਲੜੀ, ਜਿਨ੍ਹਾਂ ਨੇ 12000 ਤੋਂ ਵੱਧ ਵੋਟਾਂ ਲਈਆਂ ਸਨ। ਸਾਲ 2019 ਵਿਚ ਉਹ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ।
ਬਹੁਜਨ ਸਮਾਜ ਪਾਰਟੀ ਵੱਲੋਂ 2009 ਦੀਆਂ ਲੋਕ ਸਭਾ ਚੋਣਾਂ ’ਚ ਫਰੀਦਕੋਟ ਤੋਂ ਕਨਵੀਨਰ ਰਹੇ ਗੁਰਪ੍ਰੀਤ ਸਿੰਘ ਸਿੱਧੂ ਵੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਉਹ ਦਿੱਲੀ ’ਚ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋਏ ਹਨ। ‘ਆਪ’ ’ਚ ਸ਼ਾਮਲ ਹੋਏ ਇਨ੍ਹਾਂ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਵੱਲੋਂ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ।

Share