ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਦੇ ਰਾਜਨੀਤਕ ਸਕੱਤਰ ਸੰਦੀਪ ਸੰਧੂ ’ਤੇ ਲਾਏ ਦੋਸ਼

130
Share

ਕਿਹਾ: ਮੈਨੂੰ ਬੇਅਦਬੀ ਮਾਮਲੇ ’ਤੇ ਆਵਾਜ਼ ਉਠਾਉਣ ’ਤੇ ਧਮਕਾਇਆ ਗਿਆ
ਚੰਡੀਗੜ੍ਹ, 17 ਮਈ (ਪੰਜਾਬ ਮੇਲ)- ਪੰਜਾਬ ਕਾਂਗਰਸ ਵਿਚਲਾ ਸੰਕਟ ਉਦੋਂ ਹੋਰ ਡੂੰਘਾ ਹੋ ਗਿਆ, ਜਦੋਂ ਅੱਜ ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਕ ਸਕੱਤਰ ਕੈਪਟਨ ਸੰਦੀਪ ਸੰਧੂ ’ਤੇ ਦੋਸ਼ ਲਾਏ ਕਿ ਉਸ (ਪਰਗਟ ਸਿੰਘ) ਨੂੰ ਬੇਅਦਬੀ ਤੇ ਪੁਲਿਸ ਫਾਇਰਿੰਗ ਮਾਮਲੇ ’ਚ ਆਵਾਜ਼ ਉਠਾਉਣ ’ਤੇ ਪੁਲਿਸ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਉਸ ਨੂੰ ਕੈਪਟਨ ਸੰਧੂ ਨੇ ਮੁੱਖ ਮੰਤਰੀ ਦਾ ਸੰਦੇਸ਼ ਦਿੱਤਾ ਕਿ ਜੇ ਉਸ ਨੇ ਬੇਅਦਬੀ ਮਾਮਲੇ ਤੇ ਪੁਲਿਸ ਫਾਇਰਿੰਗ ’ਤੇ ਕਾਰਵਾਈ ਲਈ ਮੁੱਖ ਮੰਤਰੀ ਖਿਲਾਫ ਆਵਾਜ਼ ਉਠਾਈ, ਤਾਂ ਉਹ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਨੇ ਕਿਹਾ ਕਿ ਜਦੋਂ ਉਸ ਨੂੰ ਅਜਿਹਾ ਸੰਦੇਸ਼ ਮਿਲਿਆ ਤਾਂ ਉਹ ਹੈਰਾਨ ਰਹਿ ਗਿਆ। ਉਨ੍ਹਾਂ ਕਿਹਾ ਕਿ ਕੀ ਸੱਚ ਬੋਲਣਾ ਤੇ ਦੋਸ਼ੀਆਂ ਨੂੰ ਸਜ਼ਾ ਬਾਰੇ ਕਹਿਣਾ ਗੁਨਾਹ ਹੈ। ਪਰਗਟ ਸਿੰਘ ਨੇ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਦੀ ਥਾਂ ਸੱਚ ਦੀ ਆਵਾਜ਼ ਉਠਾਏਗਾ। ਦੂਜੇ ਪਾਸੇ ਕੈਪਟਨ ਸੰਦੀਪ ਸੰਧੂ ਨੇ ਇਸ ਮਾਮਲੇ ਦਾ ਪੱਖ ਜਾਣਨ ਲਈ ਕੀਤੇ ਫੋਨ ਦਾ ਜਵਾਬ ਨਹੀਂ ਦਿੱਤਾ।

Share