ਕਾਂਗਰਸੀ ਵਿਧਾਇਕਾਂ ਵੱਲੋਂ ਚੀਫ ਸੈਕਟਰੀ ਖਿਲਾਫ ਲਗਾਏ ਗਏ ਇਲਜ਼ਾਮਾਂ ਦੀ ਸੀ.ਬੀ.ਆਈ ਜਾਂਚ ਕਰਵਾਏ ਜਾਣ ਨੂੰ ਖਹਿਰਾ ਦੀ ਹਮਾਇਤ

719
Share

ਚੰਡੀਗੜ੍ਹ, 14 ਮਈ (ਪੰਜਾਬ ਮੇਲ)-ਖਹਿਰਾ ਨੇ ਕਿਹਾ ਕਿ ਅਫਸਰਸ਼ਾਹੀ ਅਤੇ ਸਿਆਸਤਦਾਨਾਂ ਵਿਚਲੇ ਮੋਜੂਦਾ ਵਿਵਾਦ ਨੇ ਸਾਫ ਕਰ ਦਿੱਤਾ ਹੈ ਕਿ ਆਪਣੀ ਹੀ ਸਰਕਾਰ ਵਿਚ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੀ ਕੋਈ ਬੁੱਕਤ ਨਹੀਂ।
ਅੱਜ ਇਥੇ ਇੱਕ ਸਖਤ ਸ਼ਬਦਾਂ ਵਿਚ ਬਿਆਨ ਜਾਰੀ ਕਰਦੇ ਹੋਏ ਸਾਬਕਾ ਵਿਰੋਧੀ ਧਿਰ ਦੇ ਨੇਤਾ ਐੱਮ.ਐੱਲ.ਏ. ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਜੁੰਡਲੀਦਾਰਾਂ ਵੱਲੋਂ ਕੀਤੀ ਜਾ ਰਹੀ ਤਾਨਾਸ਼ਾਹੀ ਕਾਰਜਸ਼ੈਲੀ ਉੱਪਰ ਤਿੱਖੀ ਟਿੱਪਣੀ ਕੀਤੀ। ਖਹਿਰਾ ਨੇ ਕਿਹਾ ਕਿ ਸ਼ਰਾਬ ਵਪਾਰ ਵਿਚ ਆਪਣੇ ਹੀ ਚੀਫ ਸੈਕਟਰੀ ਵੱਲੋਂ ਕੋਨਫਲਿਕਟ ਆਫ ਇੰਟਰਸਟ ਦੀ ਕੀਤੀ ਜਾ ਰਹੀ ਉਲੰਘਣਾ ਦੀ ਸੀ.ਬੀ.ਆਈ. ਜਾਂਚ ਕਰਵਾਏ ਜਾਣ ਵਾਲੀ 12 ਕਾਂਗਰਸੀ ਵਿਧਾਇਕਾਂ ਦੀ ਮੰਗ ਦੀ ਭਾਵੇਂ ਉਹ ਹਮਾਇਤ ਕਰਦੇ ਹਨ ਪਰੰਤੂ ਇਸ ਨੇ ਸਾਫ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਤਾਨਾਸ਼ਾਹੀ ਸਰਕਾਰ ਵਿਚ ਚੁਣੇ ਹੋਏ ਨੁਮਾਇੰਦਿਆਂ ਦੀ ਰਤਾ ਭਰ ਵੀ ਕੀਮਤ ਨਹੀਂ ਹੈ।
ਖਹਿਰਾ ਨੇ ਕਿਹਾ ਕਿ ਸਾਰੇ ਕੈਬਿਨਟ ਮੰਤਰੀਆਂ ਵੱਲੋਂ ਮੁੱਖ ਮੰਤਰੀ ਨੂੰ ‘‘ਜਾਂ ਤਾਂ ਉਨ੍ਹਾਂ ਨੂੰ ਜਾਂ ਚੀਫ ਸੈਕਟਰੀ ਨੂੰ ਰੱਖਣ’’ ਦਾ ਅਲਟੀਮੇਟਮ ਦਿੱਤੇ ਨੂੰ ਤਿੰਨ ਦਿਨ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ ਪਰੰਤੂ ਮੁੱਖ ਮੰਤਰੀ ਨੇ ਆਪਣਾ ਜ਼ੋਰ ਆਲਾ ਅਫਸਰ ਪਿੱਛੇ ਲਗਾ ਰੱਖਿਆ ਹੈ। ਖਹਿਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਸੋਮਵਾਰ ਨੂੰ ਹੋਈ ਵੀਡੀਉ ਕਾਨਫਰੰਸਿੰਗ ਦੌਰਾਨ ਮੁੱਖ ਮੰਤਰੀ ਨੇ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਨੂੰ ਨਾਲ ਬਿਠਾ ਕੇ ਸਾਫ ਕਰ ਦਿੱਤਾ ਹੈ ਕਿ ਆਪਣੇ ਕੈਬਿਨਟ ਸਾਥੀਆਂ ਨਾਲੋਂ ਉਹ ਆਪਣੇ ਅਫਸਰ ਨੂੰ ਪਹਿਲ ਦਿੰਦੇ ਹਨ। ਖਹਿਰਾ ਨੇ ਕਿਹਾ ਕਿ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਗੋਂਗਲੂਆਂ ਤੋਂ ਮਿੱਟੀ ਝਾੜਦੇ ਹੋਏ ਚੀਫ ਸੈਕਟਰੀ ਨੂੰ ਐਕਸਾਈਜ ਅਤੇ ਟੈਕਸੇਸ਼ਨ ਵਿਭਾਗ ਤੋਂ ਹਟਾਉਣ ਦੀ ਸਿਰਫ ਨਾਂਮਾਤਰ ਜਿਹੀ ਕਾਰਵਾਈ ਕੀਤੀ। ਖਹਿਰਾ ਨੇ ਕਿਹਾ ਕਿ ਇਸ ਨੇ ਪੂਰੀ ਤਰ੍ਹਾਂ ਨਾਲ ਸਪੱਸ਼ਟ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਆਪਣੇ ਕੈਬਿਨਟ ਸਾਥੀਆਂ ਦੀ ਮੰਗ ਮੰਨਣ ’ਚ ਰਤਾ ਭਰ ਵੀ ਇਛੁੱਕ ਨਹੀਂ ਹਨ ਅਤੇ ਪਿਛਲੇ ਤਿੰਨ ਸਾਲਾਂ ਵਾਂਗ ਸਰਕਾਰ ਨੂੰ ਆਪਣੇ ਚਹੇਤੇ ਅਫਸਰਾਂ ਰਾਹੀਂ ਹੀ ਚਲਾਉਣਾ ਚਾਹੁੰਦੇ ਹਨ।
ਖਹਿਰਾ ਨੇ ਕਿਹਾ ਕਿ ਹੋਰਨਾਂ ਮਸਲ਼ਿਆਂ ਤੋਂ ਇਲਾਵਾ ਕਾਂਗਰਸੀ ਵਿਧਾਇਕਾਂ ਵੱਲੋਂ ਸੀ.ਬੀ.ਆਈ. ਜਾਂਚ ਦੀ ਕੀਤੀ ਗਈ ਮੰਗ ਨੇ ਦਿਖਾ ਦਿੱਤਾ ਹੈ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ, ਵਿਜੀਲੈਂਸ ਬਿਊਰੋ ਸਮੇਤ ਹੋਰਨਾਂ ਸੂਬਾਈ ਜਾਂਚ ਏਜੰਸੀਆਂ ਉੱਪਰ ਵਿਸ਼ਵਾਸ ਨਹੀਂ ਹੈ। ਖਹਿਰਾ ਨੇ ਕਿਹਾ ਕਿ ਹੋਰਨਾਂ ਸ਼ਬਦਾਂ ਵਿਚ ਕਾਂਗਰਸੀ ਵਿਧਾਇਕਾਂ ਨੂੰ ਆਪਣੇ ਮੁੱਖ ਮੰਤਰੀ ਉੱਪਰ ਹੀ ਵਿਸ਼ਵਾਸ ਨਹੀਂ ਰਿਹਾ।
ਖਹਿਰਾ ਨੇ ਕਿਹਾ ਕਿ ਹੁਣ ਇਹ ਵੀ ਪੂਰੀ ਤਰ੍ਹਾਂ ਨਾਲ ਸਾਫ ਹੋ ਗਿਆ ਹੈ ਕਿ 2017 ’ਚ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਸਟਾਰ ਵਾਅਦੇ ਦੇ ਬਾਵਜੂਦ ਕਾਂਗਰਸ ਸਰਕਾਰ ਕੋਨਫਲਿਕਟ ਆਫ ਇੰਟਰਸਟ ਕਾਨੂੰਨ ਲਿਆਉਣ ਤੋਂ ਕਿਉਂ ਭੱਜਦੀ ਰਹੀ ਹੈ, ਕਿਉਂਕਿ ਅਜਿਹਾ ਕਰਕੇ ਕੈਪਟਨ ਅਮਰਿੰਦਰ ਸਿੰਘ ਭਿ੍ਰਸ਼ਟ ਅਫਸਰਾਂ ਅਤੇ ਸਿਆਸਤਦਾਨਾਂ ਨੂੰ ਬਚਾਉਣ ਵਾਲਾ ਆਪਣਾ ਹਥਿਆਰ ਨਹੀਂ ਗੁਆਉਣਾ ਚਾਹੁੰਦੇ।
ਖਹਿਰਾ ਨੇ ਮੰਤਰੀਆਂ, ਕਾਂਗਰਸ ਪ੍ਰਦੇਸ਼ ਪ੍ਰਧਾਨ ਅਤੇ ਵਿਧਾਇਕਾਂ ਨੂੰ ਆਖਿਆ ਕਿ ਇਸ ਵਿਵਾਦ ’ਚ ਹੁਣ ਇਹ ਉਨ੍ਹਾਂ ਦੀ ਪਰਖ ਦੀ ਘੜੀ ਹੈ, ਜੇਕਰ ਉਹ ਮੰਨ ਜਾਂਦੇ ਹਨ ਅਤੇ ਅਜਿਹੇ ਗੰਭੀਰ ਇਲਜ਼ਾਮ ਲਗਾਉਣ ਦੇ ਬਾਵਜੂਦ ਚੀਫ ਸੈਕਟਰੀ ਨੂੰ ਆਜ਼ਾਦ ਘੁੰਮਣ ਦਿੰਦੇ ਹਨ, ਤਾਂ ਇਹ ਮੰਨ ਲਿਆ ਜਾਵੇਗਾ ਕਿ ਉਹ ਖੁਦ ਵੀ ਇਸ ਭਿ੍ਰਸ਼ਟ ਸਿਸਟਮ ਦਾ ਹਿੱਸਾ ਹਨ ਅਤੇ ਗਲਤ ਨੂੰ ਗਲਤ ਆਖਣ ਤੋਂ ਡਰਦੇ ਹਨ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਮੰਗਾਂ ਉੱਪਰ ਕਾਇਮ ਰਹਿਣਾ ਚਾਹੀਦਾ ਹੈ ਅਤੇ ਪੰਜਾਬ ਨੂੰ ਭਿ੍ਰਸ਼ਟਾਚਾਰ ਅਤੇ ਅਫਸਰਸ਼ਾਹੀ ਤੋਂ ਮੁਕਤ ਕਰਵਾਉਣਾ ਚਾਹੀਦਾ ਹੈ।
ਖਹਿਰਾ ਨੇ ਕਿਹਾ ਕਿ ਸੂਬੇ ’ਚ ਸਮਾਂਤਰ ਗੈਰਕਾਨੂੰਨੀ ਸ਼ਰਾਬ ਦਾ ਵਪਾਰ ਅਤੇ ਰਾਣਾ ਗੁਰਜੀਤ ਸਿੰਘ ਐੱਮ.ਐੱਲ.ਏ., ਦੀਪ ਮਲਹੋਤਰਾ ਸਾਬਕਾ ਐੱਮ.ਐੱਲ.ਏ. ਆਦਿ ਵਰਗੇ ਤਾਕਤਵਰ ਸਿਆਸਤਦਾਨਾਂ ਵੱਲੋਂ ਕੀਤੀ ਜਾ ਰਹੀ ਸ਼ਰੇਆਮ ਤਸਕਰੀ ਕਾਰਨ ਪੰਜਾਬ ਬਹੁਤ ਤੇਜ਼ੀ ਨਾਲ ਐਕਸਾਈਜ਼ ਵਿਚ ਘਾਟਾ ਖਾ ਰਿਹਾ ਹੈ, ਇਸ ਲਈ ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸੀ.ਬੀ.ਆਈ. ਜਾਂਚ ਦੇ ਦਾਇਰੇ ਨੂੰ ਵਧਾਇਆ ਜਾਵੇ ਅਤੇ ਸ਼ਰਾਬ ਮਾਫੀਆ ਅਤੇ ਉਕਤ ਤਾਕਤਵਰ ਸਿਆਸਤਦਾਨ ਡਿਸਟਲਰੀ ਮਾਲਿਕਾਂ ਵੱਲੋਂ ਕੀਤੀ ਜਾ ਰਹੀ ਸਰਕਾਰੀ ਖਜ਼ਾਨੇ ਦੀ ਲੁੱਟ ਨੂੰ ਵੀ ਇਸ ’ਚ ਸ਼ਾਮਲ ਕੀਤਾ ਜਾਵੇ।


Share