ਕਾਂਗਰਸੀ ਉਮੀਦਵਾਰ ’ਤੇ ਕਾਤਲਾਨਾ ਹਮਲੇ ਦੇ ਦੋਸ਼ ਹੇਠ ਬੈਂਸ ਨੂੰ ਹਿਰਾਸਤ ’ਚ ਲੈਣ ਉਪਰੰਤ ਛੱਡਿਆ

122
ਪੁਲਿਸ ਅਧਿਕਾਰੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਗਿ੍ਰਫ਼ਤਾਰ ਕਰਕੇ ਲਿਜਾਂਦੇ ਹੋਏ।
Share

-ਪੁਲਿਸ ਨੇ ਧਾਰਾ 307 ਤੇ ਅਸਲਾ ਐਕਟ ਤਹਿਤ ਦਰਜ ਕੀਤਾ ਸੀ ਕੇਸ
ਲੁਧਿਆਣਾ, 9 ਫਰਵਰੀ (ਪੰਜਾਬ ਮੇਲ)-ਬੀਤੇ ਦਿਨੀਂ ਹਲਕਾ ਆਤਮ ਨਗਰ ਤੋਂ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ’ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਹਿਰਾਸਤ ’ਚ ਲੈ ਲਿਆ, ਪਰ ਦੇਰ ਰਾਤ ਉਸ ਨੂੰ ਛੱਡ ਦਿੱਤਾ ਗਿਆ। ਇਸ ਦੀ ਪੁਸ਼ਟੀ ਜੁਆਇੰਟ ਪੁਲਿਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਕੀਤੀ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਵੀ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ਨੂੰ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਦੀ ਲਿਖਤੀ ਬੇਨਤੀ ਕਰਨ ਦੇ ਬਾਅਦ ਛੱਡਿਆ ਗਿਆ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕਮਲਜੀਤ ਸਿੰਘ ਕੜਵਲ ਦੇ ਨੇੜਲੇ ਸਾਥੀ ਗੁਰਵਿੰਦਰ ਸਿੰਘ ਪਿ੍ਰੰਕਲ ਦੀ ਸ਼ਿਕਾਇਤ ’ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਰਫ਼ ਕਾਲਾ ਬੈਂਸ, ਪੁੱਤਰ ਅਜੇਪ੍ਰੀਤ ਬੈਂਸ, ਭਰਾ ਪਰਮਜੀਤ ਸਿੰਘ ਬੈਂਸ ਤੇ 150 ਹੋਰ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਧਾਰਾ 307 ਤੇ ਅਸਲ੍ਹਾ ਐਕਟ ਤਹਿਤ ਕੇਸ ਦਰਜ ਕੀਤਾ ਸੀ। ਪੁਲਿਸ ਨੇ ਬੀਤੀ ਅੱਧੀ ਰਾਤ ਨੂੰ ਪਿ੍ਰੰਕਲ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਸੀ। ਬੈਂਸ ਤੇ ਉਸ ਦਾ ਭਰਾ ਵਿਧਾਇਕ ਜਥੇ: ਬਲਵਿੰਦਰ ਸਿੰਘ ਬੈਂਸ ਆਪਣੇ ਸਾਥੀਆਂ ਨਾਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੁੱਖ ਦਫ਼ਤਰ ’ਚ ਵਕੀਲਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ। ਪੁਲਿਸ ਨੂੰ ਜਾਣਕਾਰੀ ਮਿਲਣ ’ਤੇ ਜ਼ਿਲ੍ਹੇ ਦੇ ਸੀਨੀਅਰ ਉੱਚ-ਅਧਿਕਾਰੀ ਭਾਰੀ ਪੁਲਿਸ ਫੋਰਸ ਨਾਲ ਉਥੇ ਪਹੁੰਚ ਗਏ। ਪੁਲਿਸ ਵਲੋਂ ਵਕੀਲਾਂ ਦੇ ਦਫ਼ਤਰ ’ਚ ਹੀ ਬੈਂਸ ਨੂੰ ਹਿਰਾਸਤ ’ਚ ਲੈਣ ਦੀ ਕੋਸ਼ਿਸ਼ ਕੀਤੀ ਗਈ, ਪਰ ਵਕੀਲਾਂ ਵਲੋਂ ਜਦੋਂ ਇਸ ਦਾ ਵਿਰੋਧ ਕੀਤਾ ਗਿਆ, ਤਾਂ ਪੁਲਿਸ ਬੈਂਸ ਨੂੰ ਬਾਹਰ ਲੈ ਆਈ ਤੇ ਉਥੇ ਉਸ ਨੂੰ ਜੁਆਇੰਟ ਪੁਲਿਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਆਪਣੇ ਨਾਲ ਜੀਪ ਦੀ ਅਗਲੀ ਸੀਟ ’ਤੇ ਬਿਠਾ ਕੇ ਨਾਲ ਲੈ ਗਏ। ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਵਲੋਂ ਪੁਲਿਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਵਰਕਰਾਂ ਨੂੰ ਸੰਬੋਧਨ ਕਰਦਿਆਂ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਝੂਠੇ ਮੁਕੱਦਮੇ ’ਚ ਫਸਾਇਆ ਗਿਆ ਹੈ, ਪਰ ਉਹ ਇਸ ਦਾ ਸਾਹਮਣਾ ਕਰਨਗੇ। ਵਰਕਰਾਂ ਵਲੋਂ ਪੁਲਿਸ ਦੀ ਜੀਪ ਨੂੰ ਘੇਰਾ ਵੀ ਪਾਇਆ ਗਿਆ, ਪਰ ਪੁਲਿਸ ਨੇ ਵਰਕਰਾਂ ਨੂੰ ਖਦੇੜ ਦਿੱਤਾ ਤੇ ਬੈਂਸ ਨੂੰ ਨਾਲ ਲੈ ਗਈ। ਸਿਮਰਜੀਤ ਸਿੰਘ ਬੈਂਸ ਉਕਤ ਮਾਮਲੇ ਤੋਂ ਇਲਾਵਾ ਇਕ ਵਿਧਵਾ ਵਲੋਂ ਲਗਾਏ ਜਬਰ ਜਨਾਹ ਦੇ ਕੇਸ ਦਾ ਵੀ ਸਾਹਮਣਾ ਕਰ ਰਹੇ ਹਨ। ਇਸ ਕੇਸ ’ਚ ਉਨ੍ਹਾਂ ਨੂੰ ਸੁਪਰੀਮ ਕੋਰਟ ਵਲੋਂ ਵੀਰਵਾਰ ਤੱਕ ਰਾਹਤ ਦਿੱਤੀ ਗਈ ਸੀ, ਜਦਕਿ ਹੇਠਲੀ ਅਦਾਲਤ ’ਚ ਜਬਰ ਜਨਾਹ ਦੇ ਮਾਮਲੇ ਦੀ ਸੁਣਵਾਈ 11 ਫਰਵਰੀ ਨੂੰ ਹੈ। ਇਸ ਤੋਂ ਇਲਾਵਾ ਬੈਂਸ ਖ਼ਿਲਾਫ਼ ਕੋਰੋਨਾ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਅਦਾਲਤ ਵਲੋਂ ਉਨ੍ਹਾਂ ਦੇ ਗ਼ੈਰ ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਹੋਏ ਹਨ।

Share