ਕਾਂਗਰਸੀ ਆਗੂ ਟਿਕਟਾਂ ਨਾ ਮਿਲਣ ਕਾਰਨ ਹੋਏ ਪਾਰਟੀ ਤੋਂ ਬਾਗੀ

143
Share

– ਕਈਆਂ ਨੇ ਦਿੱਤੇ ਅਸਤੀਫੇ
ਚੰਡੀਗੜ੍ਹ, 2 ਫਰਵਰੀ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਇਸ ਵਾਰ ਆਪਣੀ ਪਾਰਟੀ ਤੋਂ ਹੀ ਬਾਗ਼ੀ ਹੋਏ ਕੋਈ ਦਰਜਨ ਤੋਂ ਵੱਧ ਉਮੀਦਵਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਆਜ਼ਾਦ ਉਮੀਦਵਾਰਾਂ ਵਜੋਂ ਜਾਂ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਵਜੋਂ ਮੈਦਾਨ ਵਿਚ ਹਨ ਪਰ ਦਿਲਚਸਪ ਗੱਲ ਇਹ ਹੈ ਕਿ ਪਾਰਟੀ ਹਾਈਕਮਾਨ ਅਤੇ ਸੂਬੇ ਦੀ ਲੀਡਰਸ਼ਿਪ ਵਲੋਂ ਪਾਰਟੀ ਅੰਦਰੋਂ ਹੀ ਉੱਠ ਰਹੇ ਇਸ ਵਿਰੋਧ ਨਾਲ ਨਿਪਟਣ ਲਈ ਨਾ ਕੋਈ ਰਣਨੀਤੀ ਤੇ ਨਾ ਹੀ ਸੋਚ ਸਾਹਮਣੇ ਆ ਰਹੀ ਹੈ। ਸਿਆਸੀ ਹਲਕਿਆਂ ਦਾ ਮੰਨਣਾ ਹੈ ਕਿ ਇਸ ਵਾਰ ਬਹੁਕੋਨੀ ਚੋਣ ਮੁਕਾਬਲੇ ਹੋਣ ਅਤੇ ਵੋਟਾਂ ਦੀ ਵੰਡ ਦੀ ਸੰਭਾਵਨਾ ਕਾਰਨ ਉਮੀਦਵਾਰਾਂ ਦੇ ਜਿੱਤਣ ਦੇ ਫ਼ਰਕ ਘੱਟ ਸਕਦੇ ਹਨ ਅਤੇ ਪਾਰਟੀ ਬਾਗ਼ੀਆਂ ਵਲੋਂ ਤੋੜੀਆਂ ਜਾਣ ਵਾਲੀਆਂ ਵੋਟਾਂ ਹੀ ਪਾਰਟੀ ਨੂੰ ਕਾਫ਼ੀ ਮਹਿੰਗੀਆਂ ਪੈ ਸਕਦੀਆਂ ਹਨ। ਪਾਰਟੀ ਦੇ ਦੋਵੇਂ ਮੁੱਖ ਵਿੰਗਾਂ, ਮਹਿਲਾ ਕਾਂਗਰਸ ਤੇ ਯੂਥ ਕਾਂਗਰਸ ਵਲੋਂ ਉਨ੍ਹਾਂ ਨੂੰ ਟਿਕਟਾਂ ਦੀ ਵੰਡ ਵਿਚੋਂ ਅੱਖੋਂ-ਪਰੋਖੇ ਕੀਤੇ ਜਾਣ ਦੀ ਜਿਵੇਂ ਜਨਤਕ ਤੌਰ ’ਤੇ ਖੁੱਲ੍ਹ ਕੇ ਨੁਕਤਾਚੀਨੀ ਤੇ ਵਿਰੋਧਤਾ ਕੀਤੀ ਗਈ ਹੈ ਅਤੇ ਜਿਵੇਂ ਪਾਰਟੀ ਦੇ ਪੰਜ ਸੰਸਦ ਮੈਂਬਰ ਹੀ ਸ਼੍ਰੀ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਟਿਕਟਾਂ ਦੀ ਵੰਡ ’ਚੋਂ ਉਨ੍ਹਾਂ ਨੂੰ ਅੱਖੋਂ-ਪਰੋਖੇ ਕੀਤੇ ਜਾਣ ਕਾਰਨ ਗੈਰ-ਹਾਜ਼ਰ ਰਹੇ, ਇਹ ਪਾਰਟੀ ਲਈ ਹੋਰ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ। ਪਾਰਟੀ ਦੇ ਖਡੂਰ ਸਾਹਿਬ ਤੋਂ ਸੀਨੀਅਰ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਆਪਣੇ ਵਿਰੋਧ ਨੂੰ ਜਨਤਕ ਕਰਦਿਆਂ ਆਪਣੇ ਭਰਾ ਰਾਜਨ ਗਿੱਲ ਨੂੰ ਖਡੂਰ ਸਾਹਿਬ ਹਲਕੇ ਤੋਂ ਪਾਰਟੀ ਦੇ ਐਲਾਨੇ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਵਿਰੁੱਧ ਕਾਂਗਰਸ ਦੇ ਹੀ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ ਅਤੇ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਗੁਰਸੰਤ ਉਪਦੇਸ਼ ਸਿੰਘ ਗਿੱਲ (ਜਸਬੀਰ ਸਿੰਘ ਡਿੰਪਾ ਦੇ ਪੁੱਤਰ) ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਜੋ ਖ਼ੁਦ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਰਹੇ ਹਨ, ਦੇ ਛੋਟੇ ਭਰਾ ਡਾਕਟਰ ਮਨੋਹਰ ਸਿੰਘ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਬੱਸੀ ਪਠਾਣਾ ਹਲਕੇ ਤੋਂ ਪਾਰਟੀ ਉਮੀਦਵਾਰ ਵਿਰੁੱਧ ਟਿਕਟ ਨਾ ਮਿਲਣ ਕਾਰਨ ਚੋਣ ਮੈਦਾਨ ਵਿਚ ਕੁੱਦ ਪਏ ਹਨ। ਹਲਕਾ ਸਮਰਾਲਾ ਤੋਂ ਕਾਂਗਰਸੀ ਵਿਧਾਇਕ ਸ. ਅਮਰੀਕ ਸਿੰਘ ਢਿੱਲੋਂ ਵਲੋਂ ਵੀ ਟਿਕਟ ਨਾ ਮਿਲਣ ਕਾਰਨ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵਲੋਂ ਇਸ ਹਲਕੇ ਤੋਂ ਮਰਹੂਮ ਕਾਂਗਰਸ ਮੰਤਰੀ ਸ. ਕਰਮ ਸਿੰਘ ਗਿੱਲ ਦੇ ਬੇਟੇ ਰਾਜਾ ਗਿੱਲ ਨੂੰ ਪਾਰਟੀ ਟਿਕਟ ਦਿੱਤੀ ਗਈ ਹੈ। ਇਸੇ ਤਰ੍ਹਾਂ ਖਰੜ ਹਲਕੇ ਤੋਂ ਸਾਬਕਾ ਮੰਤਰੀ ਤੇ ਚਾਰ ਵਾਰ ਚੋਣ ਜਿੱਤਣ ਵਾਲੇ ਸ. ਜਗਮੋਹਨ ਸਿੰਘ ਕੰਗ ਦੀ ਟਿਕਟ ਕੱਟੇ ਜਾਣ ਦੇ ਵਿਰੋਧ ਵਿਚ ਉਨ੍ਹਾਂ ਨੇ ਆਪਣੇ ਬੇਟੇ ਯਾਦਵਿੰਦਰ ਸਿੰਘ ਬੰਨੀ ਕੰਗ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਹੈ। ਤਲਵੰਡੀ ਸਾਬੋ ਤੋਂ ਤਿੰਨ ਵਾਰ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਰਮਹਿੰਦਰ ਸਿੰਘ ਜੱਸੀ ਵਲੋਂ ਵੀ ਪਾਰਟੀ ਟਿਕਟ ਨਾ ਮਿਲਣ ਕਾਰਨ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਕੁੱਦਣ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਮੌਜੂਦਾ ਵਿਧਾਇਕ ਹਰਜੋਤ ਕਮਲ ਜਿਨ੍ਹਾਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ, ਨੂੰ ਵੀ ਕਾਂਗਰਸ ਟਿਕਟ ਨਾ ਮਿਲਣ ਕਾਰਨ ਉਨ੍ਹਾਂ ਮੋਗਾ ਤੋਂ ਪਾਰਟੀ ਉਮੀਦਵਾਰ ਮਾਲਵਿਕਾ ਸੂਦ ਵਿਰੁੱਧ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫ਼ੈਸਲਾ ਲਿਆ ਹੈ। ਫ਼ਿਰੋਜ਼ਪੁਰ ਤੋਂ ਕਾਂਗਰਸ ਵਿਧਾਇਕ ਸ਼੍ਰੀਮਤੀ ਸਤਿਕਾਰ ਕੌਰ ਦਾ ਟਿਕਟ ਕੱਟੇ ਜਾਣ ਦਾ ਵੀ ਤਿੱਖਾ ਵਿਰੋਧ ਹੋ ਰਿਹਾ ਹੈ ਅਤੇ ਉਨ੍ਹਾਂ ਵਲੋਂ ਵੀ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ ਗਏ ਹਨ। ਮੌਜੂਦਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਵੀ ਪਾਰਟੀ ਟਿਕਟ ਨਾ ਮਿਲਣ ਕਾਰਨ ਸੁਲਤਾਨਪੁਰ ਲੋਧੀ ਤੋਂ ਪਾਰਟੀ ਦੇ ਐਲਾਨੇ ਉਮੀਦਵਾਰ ਨੂੰ ਆਜ਼ਾਦ ਉਮੀਦਵਾਰ ਵਜੋਂ ਤਿੱਖੀ ਟੱਕਰ ਦੇ ਰਹੇ ਹਨ। ਇਕ ਹੋਰ ਕੈਬਨਿਟ ਮੰਤਰੀ ਸ. ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਜੋ ਖ਼ੁਦ ਫ਼ਤਹਿਗੜ੍ਹ ਚੂੜੀਆਂ ਤੋਂ ਕਾਂਗਰਸ ਉਮੀਦਵਾਰ ਹਨ, ਦੇ ਬੇਟੇ ਰਵੀ ਨੰਦਨ ਬਾਜਵਾ ਬਟਾਲਾ ਤੋਂ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਦਾ ਡੱਟ ਕੇ ਜਨਤਕ ਤੌਰ ’ਤੇ ਵਿਰੋਧ ਕਰ ਰਹੇ ਹਨ ਕਿਉਂਕਿ ਰਵੀ ਨੰਦਨ ਖੁਦ ਇਸ ਸੀਟ ਤੋਂ ਚੋਣ ਲੜਨਾ ਚਾਹੁੰਦੇ ਸਨ। ਇਸੇ ਤਰ੍ਹਾਂ ਸਾਹਨੇਵਾਲ ਤੋਂ ਪਾਰਟੀ ਦੀ ਮਗਰਲੀ ਵਾਰ ਰਹੀ ਉਮੀਦਵਾਰ ਸਤਵਿੰਦਰ ਬਿੱਟੀ ਇਸ ਵਾਰ ਟਿਕਟ ਨਾ ਮਿਲਣ ਕਾਰਨ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਆ ਗਈ ਹੈ ਅਤੇ ਲੁਧਿਆਣਾ (ਪੱਛਮੀ) ਤੋਂ ਵੀ ਟਕਸਾਲੀ ਕਾਂਗਰਸੀ ਸ਼੍ਰੀ ਕਿ੍ਰਸ਼ਨ ਕੁਮਾਰ ਬਾਵਾ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਜਗਰਾਉਂ ਹਲਕੇ ਤੋਂ ਕਾਂਗਰਸ ਟਿਕਟ ਆਮ ਆਦਮੀ ਪਾਰਟੀ ਤੋਂ ਆਏ ਜਗਤਾਰ ਸਿੰਘ ਜੱਗਾ ਨੂੰ ਮਿਲਣ ਕਾਰਨ ਕਾਂਗਰਸ ਆਗੂ ਸ. ਮਲਕੀਅਤ ਸਿੰਘ ਦਾਖਾ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ ਅਤੇ ਗੜ੍ਹਸ਼ੰਕਰ ਹਲਕੇ ਤੋਂ ਪਾਰਟੀ ਟਿਕਟ ਦੀ ਮੰਗ ਕਰਨ ਵਾਲੀ ਨਿਮੀਸ਼ਾ ਮਹਿਤਾ ਨੂੰ ਵੀ ਟਿਕਟ ਨਾ ਮਿਲਣ ਕਾਰਨ ਉਸ ਵਲੋਂ ਭਾਜਪਾ ਦੀ ਟਿਕਟ ’ਤੇ ਹਲਕੇ ਤੋਂ ਚੋਣ ਲੜਨ ਦਾ ਫ਼ੈਸਲਾ ਲਿਆ ਹੈ, ਜਦੋਂਕਿ ਕਾਦੀਆਂ ਹਲਕੇ ਦੀ ਸੀਟ ਵੀ ਸ. ਪ੍ਰਤਾਪ ਸਿੰਘ ਬਾਜਵਾ ਨੂੰ ਮਿਲਣ ਕਾਰਨ ਉਨ੍ਹਾਂ ਦੇ ਭਰਾ ਫ਼ਤਹਿਜੰਗ ਸਿੰਘ ਬਾਜਵਾ ਜੋ ਇਸ ਹਲਕੇ ਤੋਂ ਮੌਜੂਦਾ ਵਿਧਾਇਕ ਹਨ, ਨੇ ਭਾਜਪਾ ਵਿਚ ਸ਼ਾਮਲ ਹੋ ਕੇ ਬਟਾਲਾ ਤੋਂ ਚੋਣ ਲੜਨ ਦਾ ਫ਼ੈਸਲਾ ਲਿਆ ਹੈ। ਸੁਨਾਮ ਹਲਕੇ ਤੋਂ ਵੀ ਕਾਂਗਰਸ ਵਲੋਂ ਇਸ ਵਾਰ ਟਿਕਟ ਬਦਲ ਕੇ ਜਸਵਿੰਦਰ ਸਿੰਘ ਧੀਮਾਨ ਨੂੰ ਦੇਣ ਦੇ ਫ਼ੈਸਲੇ ਕਾਰਨ ਇਸ ਹਲਕੇ ਤੋਂ ਮਗਰਲੀ ਵਾਰ ਚੋਣ ਲੜੇ ਦਮਨ ਸਿੰਘ ਬਾਜਵਾ ਜਿਨ੍ਹਾਂ 58 ਹਜ਼ਾਰ ਵੋਟ ਲਏ ਸਨ, ਨੇ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਕਾਂਗਰਸ ਆਗੂਆਂ ਵਲੋਂ ਹਾਲਾਂਕਿ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ 2017 ਦੀਆਂ ਚੋਣਾਂ ਦੌਰਾਨ ਵੀ ਕਾਂਗਰਸ ਦੇ ਬਾਗ਼ੀਆਂ ਦੀ ਗਿਣਤੀ ਇਸ ਵਾਰ ਤੋਂ ਵੱਧ ਸੀ ਪ੍ਰੰਤੂ ਕਾਂਗਰਸ ’ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਸੀ ਪਰ ਇਸ ਵਾਰ ਕਾਂਗਰਸ ਦੀ ਸਥਿਤੀ ਕੁਝ ਵੱਖਰੀ ਹੋਣ ਕਾਰਨ ਕੀ ਕਾਂਗਰਸ ਬਾਗ਼ੀ ਉਮੀਦਵਾਰਾਂ ਦੀ ਮਾਰ ਤੋਂ ਬਚ ਸਕੇਗੀ, ਇਹ ਹੁਣ ਨਤੀਜੇ ਹੀ ਸਪੱਸ਼ਟ ਕਰਨਗੇ।

Share