ਕਾਂਗਰਸੀ ਆਗੂਆਂ ਵੱਲੋਂ ਰਾਣਾ ਗੁਰਜੀਤ ਸਿੰਘ ਖਿਲਾਫ ਸੋਨੀਆ ਗਾਂਧੀ ਨੂੰ ਪੱਤਰ; ਪਾਰਟੀ ’ਚੋਂ ਕੱਢਣ ਦੀ ਕੀਤੀ ਮੰਗ

133
Share

ਕਿਹਾ; ਪਾਰਟੀ ਉਮੀਦਵਾਰ ਨਵਤੇਜ ਸਿੰਘ ਚੀਮਾ ਐੱਮ.ਐੱਲ.ਏ. ਖਿਲਾਫ ਸੁਲਤਾਨਪੁਰ ਲੋਧੀ ਤੋਂ ਆਪਣੇ ਪੁੱਤਰ ਨੂੰ ਆਜ਼ਾਦ ਉਮੀਦਵਾਰ ਐਲਾਨ ਕੇ ਪਾਰਟੀ ਦੀ ਪਿੱਠ ’ਚ ਛੁਰਾ ਮਾਰਿਆ
ਚੰਡੀਗੜ੍ਹ, 18 ਜਨਵਰੀ (ਪੰਜਾਬ ਮੇਲ)- ਉੱਪਰ ਦੱਸੇ ਅਨੁਸਾਰ ਕਾਂਗਰਸ ਪਾਰਟੀ ਅਤੇ ਪੰਜਾਬ ਨੂੰ ਬਦਨਾਮ ਕਰਨ ਵਾਲੇ ਮਾਈਨਿੰਗ ਸਕੈਂਡਲ ਕਾਰਨ 2018 ਵਿਚ ਮੰਤਰੀ ਵਜੋਂ ਅਸਤੀਫਾ ਦੇਣ ਵਾਲਾ ਦਾਗੀ ਰਾਣਾ ਗੁਰਜੀਤ ਸਿੰਘ ਮੁੜ ਫਿਰ ਅਗਾਮੀ ਚੋਣਾਂ ਵਿਚ ਕਾਂਗਰਸ ਪਾਰਟੀ ਦੀਆਂ ਚੁਣਾਵੀ ਸੰਭਾਵਨਾਵਾਂ ਨੂੰ ਤਬਾਹ ਕਰਨ ਲਈ ਪੂਰੀ ਵਾਹ ਲਗਾ ਰਿਹਾ ਹੈ।
ਰਾਣਾ ਗੁਰਜੀਤ ਸਿੰਘ ਦੁਆਬਾ ਖੇਤਰ ਦੇ ਅਨੇਕਾਂ ਹਲਕਿਆਂ ਜਿਵੇਂ ਕਿ ਸੁਲਤਾਨਪੁਰ ਲੋਧੀ, ਫਗਵਾੜਾ, ਭੁਲੱਥ, ਜਲੰਧਰ ਉੱਤਰੀ, ਬੰਗਾ ਆਦਿ ਵਿਚ ਨਿਰੰਤਰ ਜਾਣਬੁੱਝ ਕੇ ਦਖਲਅੰਦਾਜ਼ੀ ਕਰਕੇ ਕਾਂਗਰਸ ਨੂੰ ਕਮਜ਼ੋਰ ਕਰ ਰਿਹਾ ਹੈ। ਭਾਂਵੇ ਕਿ ਅਸੀਂ ਉਸ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਬਾਰੇ ਲਗਾਤਾਰ ਚੰਡੀਗੜ੍ਹ ਵਿਖੇ ਪਾਰਟੀ ਲੀਡਰਸ਼ਿਪ ਨੂੰ ਸ਼ਿਕਾਇਤ ਕਰਦੇ ਰਹੇ ਪਰੰਤੂ ਬਦਕਿਸਮਤੀ ਨਾਲ ਉਸਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਕਤ ਦਾਗੀ ਲੀਡਰ ਨੂੰ ਮੁੜ ਚੰਨੀ ਕੈਬਿਨਟ ਵਿਚ ਸ਼ਾਮਲ ਕਰ ਲ਼ਿਆ ਗਿਆ, ਜਦਕਿ ਉਸ ਦੇ ਖਿਲਾਫ ਮਾਈਨਿੰਗ ਸਕੈਂਡਲ ਦੇ ਗੰਭੀਰ ਇਲਜ਼ਾਮ ਅਜੇ ਵੀ ਪੈਡਿੰਗ ਹਨ ਅਤੇ ਉਸ ਨੂੰ ਕੋਈ ਕਲੀਨ ਚਿੱਟ ਨਹੀਂ ਮਿਲੀ ਹੈ।
ਆਗੂਆਂ ਨੇ ਸੋਨੀਆ ਗਾਂਧੀ ਨੂੰ ਸੰਬੋਧਿਤ ਹੁੰਦਿਆਂ ਲਿਖਿਆ ਹੈ ਕਿ ਮੁੜ ਮੰਤਰੀ ਬਣਾਏ ਜਾਣ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਨੇ ਅੱਖੜਪੁਣਾ ਦਿਖਾਉਂਦੇ ਹੋਏ ਉਸ ਨੂੰ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ ਦੇ ਬਾਵਜੁਦ ਆਪਣੇ ਬੇਟੇ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਸੁਲਤਾਨਪੁਰ ਲੋਧੀ ਦੇ ਪਾਰਟੀ ਉਮੀਦਵਾਰ ਦੋ ਵਾਰ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਖਿਲਾਫ ਆਜ਼ਾਦ ਉਮੀਦਵਾਰ ਐਲਾਨ ਦਿੱਤਾ ਹੈ। ਇਹ ਹੋਰ ਕੁਝ ਨਹੀਂ, ਬਲਕਿ ਪਾਰਟੀ ਦੇ ਅਨੁਸ਼ਾਸਨ ਦੀ ਘੋਰ ਉਲੰਘਣਾ ਦੇ ਨਾਲ-ਨਾਲ ਚੋਣ ਮੁਕਾਬਲੇ ਦਾ ਸਾਹਮਣਾ ਕਰਨ ਦੇ ਅਹਿਮ ਮੌਕੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਦੇ ਬਰਾਬਰ ਹੈ। ਅਜਿਹਾ ਕਰਕੇ ਰਾਣਾ ਗੁਰਜੀਤ ਸਿੰਘ ਵਿਰੋਧੀ ਪਾਰਟੀਆਂ ਵਿਸ਼ੇਸ਼ ਤੌਰ ’ਤੇ ਭਾਜਪਾ ਦੇ ਹੱਥਾਂ ਵਿਚ ਖੇਡ ਰਿਹਾ ਹੈ, ਜਿਸ ਦੇ ਨਾਲ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਸ਼ਰਾਬ ਅਤੇ ਖੰਡ ਮਿੱਲਾਂ ਹੋਣ ਕਾਰਨ ਉਸ ਦੇ ਡੂੰਘੇ ਰਿਸ਼ਤੇ ਹਨ।
ਰਾਣਾ ਗੁਰਜੀਤ ਸਿੰਘ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਡੂੰਘੇ ਰਿਸ਼ਤੇ ਬਰਕਰਾਰ ਹਨ ਅਤੇ ਹਾਲ ਹੀ ਵਿਚ ਉਸ ਨੇ ਭੁਲੱਥ ਹਲਕੇ ਤੋਂ ਚੋਣ ਲੜਵਾਉਣ ਵਾਸਤੇ ਆਪਣੇ ਬੇਹੱਦ ਨਜ਼ਦੀਕੀ ਅਮਨਦੀਪ ਸਿੰਘ ਉਰਫ ਗੋਰਾ ਗਿੱਲ ਨੂੰ ਉਸ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਲ ਕਰਵਾਇਆ ਹੈ।¿; ¿;
ਪੰਜਾਬ ਵਿਚ ਕਾਂਗਰਸ ਪਾਰਟੀ ਨੂੰ ਖਤਮ ਕਰਨ ਦੇ ਮਕਸਦ ਨਾਲ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲ ਕੇ ਸੋਚੀ ਸਮਝੀ ਸਾਜਿਸ਼ ਤਹਿਤ ਰਾਣਾ ਗੁਰਜੀਤ ਸਿੰਘ ਜਨਤਕ ਤੌਰ ’ਤੇ ਪੀ.ਪੀ.ਸੀ.ਸੀ. ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਜਨਤਕ ਤੌਰ ਉੱਪਰ ਪਾਰਟੀ ਦਾ ਅਨੁਸ਼ਾਸਨ ਭੰਗ ਕਰਕੇ ਬੇਬੁਨਿਆਦ ਇਲਜ਼ਾਮ ਲਗਾ ਰਿਹਾ ਹੈ।
ਇਸ ਲਈ ਦਾਗੀ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਸ਼ਰੇਆਮ ਅਨੁਸ਼ਾਸਨ ਭੰਗ ਕੀਤੇ ਜਾਣ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਐੱਮ.ਐੱਲ.ਏ./ਵਿਧਾਇਕ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਰੰਤ ਉਸ ਦਾ ਕਪੂਰਥਲਾ ਤੋਂ ਨਾਮਾਂਕਨ ਵਾਪਸ ਲ਼ਿਆ ਜਾਵੇ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਵਾਲੇ ਅਜਿਹੇ ਆਗੂਆਂ ਨੂੰ ਸਖਤ ਸੁਨੇਹਾ ਦੇਣ ਵਾਸਤੇ ਉਸ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਜਾਵੇ।
ਧੰਨਵਾਦ ਸਹਿਤ,
ਨਵਤੇਜ ਸਿੰਘ ਚੀਮਾ ਐੱਮ.ਐੱਲ.ਏ.
ਸੁਖਪਾਲ ਸਿੰਘ ਖਹਿਰਾ ਐੱਮ.ਐੱਲ.ਏ.
ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਐੱਮ.ਐੱਲ.ਏ.
ਬਲਵਿੰਦਰ ਸਿੰਘ ਧਾਲੀਵਾਲ ਐੱਮ.ਐੱਲ.ਏ.

Share