ਕਲੋਵਿਸ ’ਚ ਹੁੱਕਾ ਸਟੋਰ ’ਤੇ ਗੋਲੀਬਾਰੀ ’ਚ ਪੰਜਾਬੀ ਗਿ੍ਰਫਤਾਰ

206
Share

ਫਰਿਜ਼ਨੋ, 14 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਦਾ ਲਾਗਲਾ ਸ਼ਹਿਰ ਕਲੋਵਸ ਜਿਸਨੂੰ ਕੈਲੀਫੋਰਨੀਆ ਦੇ ਸੇਫ ਸ਼ਹਿਰਾਂ ਵਿਚੋਂ ਇੱਕ ਹੋਣ ਕਰਕੇ ਜਾਣਿਆ ਜਾਂਦਾ ਹੈ। ਬੀਤੇ ਮੰਗਲ਼ਵਾਰ ਸ਼ਾਅ ਐਂਡ ਫਾਊਲਰ ਐਵੇਨਿਊ ਕਲੋਵਿਸ ’ਤੇ ਸਥਿਤ ਇੱਕ ਹੁੱਕਾ ਅਤੇ ਸਿਗਰੇਟ ਸਟੋਰ ’ਤੇ ਵਾਪਰੀ ਗੋਲੀਬਾਰੀ ਦੀ ਘਟਨਾ ਨੇ ਸਭ ਨੂੰ ਦਹਿਲਾ ਕੇ ਰੱਖ ਦਿੱਤਾ। ਇਹ ਘਟਨਾ ਮੰਗਲਵਾਰ ਰਾਤ ਕਰੀਬ 6:30 ਵਜੇ ਵਾਪਰੀ, ਜਦੋਂ ਇੱਕ ਪੰਜਾਬੀ ਮੂਲ ਦੀ ਕੁੜੀ ਰਜਿਸਟਰ ’ਤੇ ਕੰਮ ਕਰ ਰਹੀ ਸੀ, ਹਮਲਾਵਰ ਸਟੋਰ ਅੰਦਰ ਦਾਖਲ ਹੁੰਦਾ ਅਤੇ ਆਪਣੇ ਰਿਵਾਲਵਰ ਨਾਲ ਲੜਕੀ ’ਤੇ ਗੋਲੀਆ ਦਾਗ ਦਿੰਦਾ ਹੈ। ਇਸ ਹਮਲੇ ਵਿਚ ਲੜਕੀ ਗੰਭੀਰ ਜ਼ਖਮੀ ਹੋ ਜਾਂਦੀ ਹੈ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਹੈ, ਜਿੱਥੇ ਲੜਕੀ ਜ਼ੇਰੇ ਇਲਾਜ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ।
ਪੁਲਿਸ ਨੇ ਮੌਕੇ ’ਤੇ ਪਹੁੰਚਕੇ ਸਰਵਿਲੈਂਸ ਕੈਮਰੇ ਖੰਘਾਲ਼ੇ ਅਤੇ ਸ਼ੱਕੀ ਹਮਲਾਵਰ ਦੀ ਪਹਿਚਾਣ ਕਰਨ ਵਿਚ ਸਫਲਤਾ ਹਾਸਲ ਕੀਤੀ। ਸ਼ੱਕੀ ਦੀ ਪਛਾਣ 27 ਸਾਲਾ ਹਰਮਨਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸਨੂੰ ਪੁਲਿਸ ਨੇ ਅੱਧੀ ਰਾਤ ਤੋਂ ਬਾਅਦ ਫਰਿਜ਼ਨੋ ਵਿਚ ਉਸ ਦੇ ਘਰ ਤੋਂ ਗਿ੍ਰਫਤਾਰ ਕੀਤਾ। ਪੁਲਿਸ ਨੇ ਉਸ ਕੋਲੋ ਇੱਕ ਹਥਿਆਰ ਵੀ ਬਰਾਮਦ ਕੀਤਾ ਹੈ, ਜਿਸਦੀ ਵਰਤੋਂ ਗੋਲੀਬਾਰੀ ਵਿਚ ਕੀਤੀ ਗਈ ਸੀ।
ਕਲੋਵਿਸ ਪੁਲਿਸ ਵਿਭਾਗ ਦੇ ਸਾਰਜੈਂਟ ਜਿਮ ਕੋਚ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਪਤਾ ਲੱਗਿਆ ਕਿ ਇਹ ਹਮਲਾ ਕਿਸੇ ਲੁੱਟਖੋਹ ਦੇ ਮੰਤਵ ਨਾਲ ਨਹੀਂ ਹੋਇਆ, ਸਗੋਂ ਹਮਲਾਵਰ ਅਤੇ ਪੀੜਤ ਦਰਮਿਆਨ ਵਿਗੜੇ ਪ੍ਰੇਮ ਸਬੰਧਾਂ ਕਾਰਨ ਹੋਇਆ ਜਾਪਦਾ ਹੈ।
ਪੀੜਤ ਪਰਿਵਾਰ ਨੇ ਇਸ ਦਾਅਵੇ ਨੂੰ ਬੇਬੁਨਿਆਦ ਦੱਸਦਿਆਂ ਅਤੇ ਕਿਹਾ ਕਿ ਪੀੜਤ ਤੇ ਹਮਲਾਵਰ ਆਪਸ ਵਿਚ ਸਿਰਫ ਦੋਸਤ ਸਨ। ਕਲੋਵਸ ਪੁਲਿਸ ਨੇ ਕਥਿਤ ਦੋਸ਼ੀ ਹਰਮਪ੍ਰੀਤ ਸਿੰਘ ’ਤੇ ਕਤਲ ਦੀ ਕੋਸ਼ਿਸ਼, ਘਰੇਲੂ ਹਿੰਸਾ ਅਤੇ ਕਈ ਹਥਿਆਰਾਂ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਕੇ ਉਸਨੂੰ ਫਰਿਜ਼ਨੋ ਕਾਉਂਟੀ ਜੇਲ੍ਹ ਭੇਜ ਦਿੱਤਾ ਹੈ। ਜਿੱਥੇ ਉਸਨੂੰ 695,000 ਡਾਲਰ ਦੀ ਜ਼ਮਾਨਤ ’ਤੇ ਰੱਖਿਆ ਗਿਆ ਹੈ। ਹਮਲਾਵਰ ਦਾ ਪਿਛੋਕੜ ਪੰਜਾਬ ਤੋਂ ਫਰੀਦਕੋਟ ਸ਼ਹਿਰ ਨਾਲ ਦੱਸਿਆ ਜਾ ਰਿਹਾ ਹੈ। ਹਮਲਾਵਰ ਦਾ ਪਹਿਲਾਂ ਕੈਨੇਡਾ ਵਿਚ ਤਲਾਕ ਹੋ ਚੁੱਕਿਆ ਅਤੇ ਉਹ ਇੱਕ ਬੱਚੇ ਦਾ ਬਾਪ ਵੀ ਹੈ। ਜਾਣਕਾਰੀ ਮੁਤਾਬਿਕ ਉਹ ਹਾਲੇ ਕੁਝ ਅਰਸਾ ਪਹਿਲਾ ਹੀ ਅਮਰੀਕਾ ਆਇਆ ਸੀ, ਤੇ ਸ਼ਾਇਦ ਇੱਥੇ ਕੱਚਾ ਹੀ ਸੀ। ਬਾਕੀ ਪੁਲਿਸ ਜਾਂਚ ਚੱਲ ਰਹੀ ਹੈ।

Share