ਕਲੋਨਾ ‘ਚ ਵਾਪਰੇ ਸੜਕ ਹਾਦਸੇ ਵਿਚ ਤਿੰਨ ਵਿਦਿਆਰਥੀਆਂ ਦੀ ਮੌਤ

200
Share

ਸਰੀ, 27 ਮਈ (ਹਰਦਮ ਮਾਨ/ਪੰਜਾਬ ਮੇਲ)- ਬੀਤੀ ਰਾਤ ਬੀਸੀ ਦੇ ਸ਼ਹਿਰ ਕਲੋਨਾ ਵਿਚ ਹੋਏ ਇਕ ਦਰਦਨਾਕ ਸੜਕ ਹਾਦਸੇ ਵਿਚ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਤਿੰਨੇ ਵਿਦਿਆਰਥੀ ਕਲੋਨਾ ਸੈਕੰਡਰੀ ਸਕੂਲ ਦੇ ਬਾਹਰਵੀਂ ਕਲਾਸ ਦੇ ਵਿਦਿਆਰਥੀ ਸਨ।

ਆਰ.ਸੀ.ਐਮ.ਪੀ. ਅਨੁਸਾਰ ਇਹ ਵਿਦਿਆਰਥੀ ਇੱਕ ਹੌਂਡਾ ਸਿਵਿਕ ਸੇਡਾਨ ਵਿੱਚ ਜਾ ਰਹੇ ਸਨ ਕਿ ਤਕਰੀਬਨ ਅੱਧੀ ਰਾਤ ਨੂੰ ਉਨ੍ਹਾਂ ਦੀ ਗੱਡੀ ਇੱਕ ਖੰਭੇ ਨਾਲ ਜਾ ਟਕਰਾਈ। ਇਸ ਨੂੰ 18 ਸਾਲਾ ਲੜਕੀ ਚਲਾ ਰਹੀ ਸੀ। ਕਾਰ ਵਿਚ ਇੱਕ 18 ਸਾਲਾ ਲੜਕਾ ਅਤੇ ਇੱਕ 17 ਸਾਲ ਦੀ ਲੜਕੀ ਵੀ ਸਵਾਰ ਸਨ ਅਤੇ ਇਨ੍ਹਾਂ ਤਿੰਨਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਤਾ ਲੱਗਿਆ ਹੈ ਕਿ ਇਹ ਤਿੰਨੇਂ ਵਿਦਿਆਰਥੀ ਕੁਝ ਹਫਤਿਆਂ ਵਿੱਚ ਹੀ ਗਰੈਜੂਏਟ ਹੋਣ ਵਾਲੇ ਸਨ।

ਆਰਸੀਐਮਪੀ ਦੀ ਕੌਂਸਟੇਬਲ ਸੋਲਾਨਾ ਪੇਅਰ ਦਾ ਕਹਿਣਾ ਹੈ ਕਿ ਪੁਲਿਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਸਕੂਲ ਬੋਰਡ ਦੇ ਜ਼ਿਲ੍ਹਾ ਸੁਪਰਡੈਂਟ ਕੇਵਿਨ ਕਰਨਾਲ ਨੇ ਇਸ ਦੁਖਦਾਈ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਮੁੱਚੀ ਕਮਿਊਨਿਟੀ ਵਿਦਿਆਰਥੀਆਂ ਦੇ ਪਰਿਵਾਰਾਂ ਦੇ ਦੁੱਖ ਵਿਚ ਸ਼ਾਮਲ ਹੈ ਅਤੇ ਅਸੀਂ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰ ਰਹੇ ਹਾਂ। ਇਸ ਸਮੇਂ ਸੋਗ ਨਾਲ ਜੂਝ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਹਿਯੋਗ ਦੀ ਬੇਹੱਦ ਲੋੜ ਹੈ।

ਕੈਲੋਨਾ ਦੇ ਮੇਅਰ ਕੋਲਿਨ ਬਸਰਨ ਨੇ ਵੀ ਇਨ੍ਹਾਂ ਵਿਦਿਆਰਥੀਆਂ ਦੀ ਮੌਤ ਉਪਰ ਡੂੰਘਾ ਦੁੱਖ ਜ਼ਾਹਰ ਕੀਤਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਦੋਸਤਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।


Share